ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਨਸ਼ੀਲੇ ਪਦਾਰਥਾਂ ਦੀ ਤਸਕਰੀ ਅਤੇ ਗੈਰ-ਕਾਨੂੰਨੀ ਉਤਪਾਦਨ ਵਿੱਚ ਸ਼ਾਮਲ 23 ਦੇਸ਼ਾਂ ਨੂੰ ਮੁੱਖ ਸੂਚੀ ਵਿੱਚ ਸ਼ਾਮਲ ਕੀਤਾ ਹੈ। ਇਹਨਾਂ ਵਿੱਚ ਭਾਰਤ, ਪਾਕਿਸਤਾਨ, ਅਫਗਾਨਿਸਤਾਨ, ਚੀਨ, ਕੋਲੰਬੀਆ, ਬੋਲੀਵੀਆ ਅਤੇ ਵੈਨੇਜ਼ੁਏਲਾ ਵਰਗੇ ਦੇਸ਼ ਸ਼ਾਮਲ ਹਨ। ਇਹ ਫੈਸਲਾ 15 ਸਤੰਬਰ ਨੂੰ ਅਮਰੀਕੀ ਕਾਂਗਰਸ ਨੂੰ ਸੌਂਪੀ ਗਈ ‘ਰਾਸ਼ਟਰਪਤੀ ਨਿਰਧਾਰਨ ਰਿਪੋਰਟ’ ਵਿੱਚ ਲਿਆ ਗਿਆ ਹੈ। ਟਰੰਪ ਨੇ ਇਨ੍ਹਾਂ ਦੇਸ਼ਾਂ ਵਿੱਚ ਨਸ਼ੀਲੇ ਪਦਾਰਥਾਂ ਦੇ ਉਤਪਾਦਨ ਅਤੇ ਤਸਕਰੀ ਨੂੰ ਅਮਰੀਕਾ ਅਤੇ ਇਸਦੇ ਨਾਗਰਿਕਾਂ ਲਈ ਗੰਭੀਰ ਖ਼ਤਰਾ ਦੱਸਿਆ ਹੈ।
ਟਰੰਪ ਨੇ ਰਿਪੋਰਟ ਵਿੱਚ ਕਿਹਾ ਕਿ ਫੈਂਟਾਨਿਲ ਵਰਗੇ ਘਾਤਕ ਨਸ਼ੀਲੇ ਪਦਾਰਥਾਂ ਦੀ ਤਸਕਰੀ ਨੇ ਅਮਰੀਕਾ ਵਿੱਚ ਰਾਸ਼ਟਰੀ ਐਮਰਜੈਂਸੀ ਪੈਦਾ ਕਰ ਦਿੱਤੀ ਹੈ। ਇਹ ਇੱਕ ਜਨਤਕ ਸਿਹਤ ਸੰਕਟ ਹੈ, ਜੋ 18 ਤੋਂ 44 ਸਾਲ ਦੀ ਉਮਰ ਵਾਲੇ ਅਮਰੀਕੀਆਂ ਵਿੱਚ ਮੌਤਾਂ ਦਾ ਮੁੱਖ ਕਾਰਨ ਬਣ ਗਿਆ ਹੈ। ਉਨ੍ਹਾਂ ਨੇ ਚੀਨ ਨੂੰ ਫੈਂਟਾਨਿਲ ਅਤੇ ਹੋਰ ਨਸ਼ੀਲੇ ਪਦਾਰਥਾਂ ਲਈ ਵਰਤੇ ਜਾਣ ਵਾਲੇ ਰਸਾਇਣਾਂ ਦਾ ਸਭ ਤੋਂ ਵੱਡਾ ਸਰੋਤ ਦੱਸਿਆ। ਚੀਨ ਨੂੰ ਇਨ੍ਹਾਂ ਰਸਾਇਣਾਂ ਨੂੰ ਰੋਕਣ ਅਤੇ ਤਸਕਰਾਂ ਵਿਰੁੱਧ ਕੜੀ ਕਾਰਵਾਈ ਕਰਨ ਦੀ ਅਪੀਲ ਕੀਤੀ ਗਈ ਹੈ। ਇਸੇ ਤਰ੍ਹਾਂ, ਮੇਥਾਮਫੇਟਾਮਾਈਨ ਵਰਗੇ ਨਸ਼ਿਆਂ ਨੂੰ ਵੀ ਚੀਨ ਨਾਲ ਜੋੜਿਆ ਗਿਆ ਹੈ।
ਅਮਰੀਕੀ ਵਿਦੇਸ਼ ਵਿਭਾਗ ਨੇ ਅਫਗਾਨਿਸਤਾਨ, ਬੋਲੀਵੀਆ, ਮਿਆਂਮਾਰ, ਕੋਲੰਬੀਆ ਅਤੇ ਵੈਨੇਜ਼ੁਏਲਾ ਨੂੰ ਨਸ਼ਿਆਂ ਵਿਰੁੱਧ ਠੋਸ ਕਾਰਵਾਈ ਵਿੱਚ ਅਸਫਲ ਰਹਿਣ ਵਾਲੇ ਦੇਸ਼ਾਂ ਵਜੋਂ ਨਿਸ਼ਾਨਾ ਬਣਾਇਆ ਹੈ। ਇਨ੍ਹਾਂ ਨੂੰ ਹੋਰ ਸਖ਼ਤ ਕਦਮ ਚੁੱਕਣ ਦੀ ਹਦਾਇਤ ਦਿੱਤੀ ਗਈ ਹੈ। ਖਾਸ ਤੌਰ ‘ਤੇ ਅਫਗਾਨਿਸਤਾਨ ‘ਤੇ ਟਰੰਪ ਨੇ ਗੰਭੀਰ ਦੋਸ਼ ਲਗਾਏ। ਉਨ੍ਹਾਂ ਨੇ ਕਿਹਾ ਕਿ ਤਾਲਿਬਾਨ ਨੇ ਨਸ਼ੀਲੇ ਪਦਾਰਥਾਂ ‘ਤੇ ਪਾਬੰਦੀ ਦਾ ਐਲਾਨ ਕੀਤਾ ਸੀ, ਪਰ ਭੰਡਾਰ ਅਤੇ ਮੇਥਾਮਫੇਟਾਮਾਈਨ ਉਤਪਾਦਨ ਜਾਰੀ ਹੈ। ਇਹ ਨਸ਼ੇ ਅੰਤਰਰਾਸ਼ਟਰੀ ਬਾਜ਼ਾਰਾਂ ਵਿੱਚ ਪਹੁੰਚ ਰਹੇ ਹਨ ਅਤੇ ਅਪਰਾਧੀ ਗਿਰੋਹਾਂ ਨੂੰ ਫੰਡ ਪ੍ਰਦਾਨ ਕਰ ਰਹੇ ਹਨ। ਕੁਝ ਤਾਲਿਬਾਨ ਮੈਂਬਰ ਇਸ ਵਪਾਰ ਤੋਂ ਮੁਨਾਫ਼ਾ ਕਮਾ ਰਹੇ ਹਨ, ਜਿਸ ਕਾਰਨ ਅਫਗਾਨਿਸਤਾਨ ਨਸ਼ਾ ਨਿਯੰਤਰਣ ਵਿੱਚ ਅਸਫਲ ਹੈ।
ਵਿਦੇਸ਼ ਵਿਭਾਗ ਨੇ ਸਪੱਸ਼ਟ ਕੀਤਾ ਕਿ ਇਸ ਸੂਚੀ ਵਿੱਚ ਸ਼ਾਮਲ ਹੋਣਾ ਇਸ ਦਾ ਮਤਲਬ ਨਹੀਂ ਕਿ ਉਸ ਦੇਸ਼ ਦੀ ਸਰਕਾਰ ਨਸ਼ਿਆਂ ਵਿਰੁੱਧ ਕੋਈ ਕਾਰਵਾਈ ਨਹੀਂ ਕਰ ਰਹੀ। ਇਹ ਭੂਗੋਲਿਕ, ਵਪਾਰਕ ਅਤੇ ਆਰਥਿਕ ਹਾਲਾਤਾਂ ‘ਤੇ ਅਧਾਰਤ ਹੈ, ਜੋ ਨਸ਼ਾ ਉਤਪਾਦਨ ਜਾਂ ਤਸਕਰੀ ਨੂੰ ਸੰਭਵ ਬਣਾਉਂਦੇ ਹਨ। ਪੂਰੀ ਸੂਚੀ ਵਿੱਚ ਅਫਗਾਨਿਸਤਾਨ, ਬਹਾਮਾਸ, ਬੇਲੀਜ਼, ਬੋਲੀਵੀਆ, ਬਰਮਾ, ਚੀਨ, ਕੋਲੰਬੀਆ, ਕੋਸਟਾ ਰੀਕਾ, ਡੋਮੀਨੀਕਨ ਰਿਪਬਲਿਕ, ਈਕਵਾਡੋਰ, ਐਲ ਸੈਲਵਾਡੋਰ, ਗੁਆਤੇਮਾਲਾ, ਹੈਤੀ, ਹੋਂਡੂਰਾਸ, ਭਾਰਤ, ਜਮੈਕਾ, ਲਾਓਸ, ਮੈਕਸੀਕੋ, ਨਿਕਾਰਾਗੁਆ, ਪਾਕਿਸਤਾਨ, ਪਨਾਮਾ, ਪੇਰੂ ਅਤੇ ਵੈਨੇਜ਼ੁਏਲਾ ਸ਼ਾਮਲ ਹਨ।
ਟਰੰਪ ਨੇ ਇਨ੍ਹਾਂ ਦੇਸ਼ਾਂ ਨੂੰ ਅਮਰੀਕੀ ਨਾਗਰਿਕਾਂ ਦੀ ਸੁਰੱਖਿਆ ਲਈ ਖ਼ਤਰਾ ਦੱਸਦਿਆਂ ਵਿਦੇਸ਼ ਵਿਭਾਗ ਨੂੰ ਹਦਾਇਤ ਕੀਤੀ ਹੈ ਕਿ ਉਹ ਨਸ਼ਾ ਨਿਯੰਤਰਣ ਲਈ ਵਧੇਰੇ ਸਹਿਯੋਗ ਵਧਾਏ। ਇਹ ਫੈਸਲਾ ਅਮਰੀਕੀ ਵ੍ਹਾਈਟ ਹਾਊਸ ਦੇ ਡਰੱਗ ਕੰਟਰੋਲ ਪਾਲਿਸੀ ਆਫਿਸ (ਓਐਨਡੀਸੀਪੀ) ਵੱਲੋਂ ਅਮਲ ਵਿੱਚ ਲਿਆਏਗਾ, ਜਿਸ ਨਾਲ ਨਸ਼ੇ ਦੀ ਤਸਕਰੀ ਨੂੰ ਰੋਕਣ ਲਈ ਅੰਤਰਰਾਸ਼ਟਰੀ ਦਬਾਅ ਵਧੇਗਾ। ਇਹ ਕਦਮ ਅਮਰੀਕੀ ਨੌਜਵਾਨਾਂ ਨੂੰ ਨਸ਼ਿਆਂ ਤੋਂ ਬਚਾਉਣ ਲਈ ਟਰੰਪ ਪ੍ਰਸ਼ਾਸਨ ਦੀ ਪ੍ਰਮੁੱਖ ਰਣਨੀਤੀ ਦਾ ਹਿੱਸਾ ਹੈ।