International

ਅਮਰੀਕਾ ਲਈ ਰਾਸ਼ਟਰਪਤੀ ਦੀ ਚੋਣ ਲਈ ਟਰੰਪ ਤੇ ਬਿਡੇਨ ਮੁੱਖ ਵਿਰੋਧੀ ਉਮੀਦਵਾਰ

‘ਦ ਖ਼ਾਲਸ ਬਿਊਰੋ :- ਅਮਰੀਕਾ ਦੀ ਰਿਪਬਲਿਕਨ ਪਾਰਟੀ ਦੇ ਡੈਲੀਗੇਟਸ ਵੱਲੋਂ 24 ਅਗਸਤ ਨੂੰ ਰਾਸ਼ਟਰਪਤੀ ਦੇ ਅਹੁਦੇ ਲਈ ਡੋਨਲਡ ਟਰੰਪ ਤੇ ਊਪ ਰਾਸ਼ਟਰਪਤੀ ਦੇ ਅਹੁਦੇ ਲਈ ਮਾਈਕ ਪੈਂਸ ਨੂੰ ਮੁੜ ਤੋਂ ਉਮੀਦਵਾਰ ਚੁਣ ਲਿਆ ਗਿਆ ਹੈ। ਡੈਲੀਗੇਟਸ ਦੀ ਹਫ਼ਤਾ ਭਰ ਚੱਲਣ ਵਾਲੀ ਕਾਨਫਰੰਸ ਦੌਰਾਨ ਅਮਰੀਕੀ ਲੋਕਾਂ ਨੂੰ ਯਕੀਨ ਦਿਵਾਇਆ ਜਾਵੇਗਾ ਕਿ ਟਰੰਪ ਦੂਜੀ ਵਾਰ ਰਾਸ਼ਟਰਪਤੀ ਚੁਣੇ ਜਾਣ ਦੇ ਕਾਬਿਲ ਹਨ।

ਰਿਪਬਲਿਕ ਡੈਲੀਗੇਟਸ ਚਾਰਲਟ ਕਨਵੈਨਸ਼ਨ ਸੈਂਟਰ ’ਚ ਇਕੱਠੇ ਹੋਣਗੇ ਪਰ ਕੋਵਿਡ ਮਹਾਂਮਾਰੀ ਦੇ ਨਿਯਮਾਂ ਦੀ ਪਾਲਣਾਂ ਦੇ ਨਾਲ – ਨਾਲ ਚਿਹਰੇ ’ਤੇ ਮਾਸਕ ਵੀ ਲਗਾ ਕੇ ਰੱਖਣਗੇ। ਇਸ ਤੋਂ ਪਹਿਲਾਂ ਡੈਮੋਕਰੇਟਸ ਨੇ ਜੋਅ ਬਿਡੇਨ ਨੂੰ ਰਾਸ਼ਟਰਪਤੀ ਚੋਣ ਲੜਨ ਦੀ ਪ੍ਰਵਾਨਗੀ ਸਮੇਂ ਵੱਡੇ ਇਕੱਠ ਕਰਨ ਤੋਂ ਗੁਰੇਜ਼ ਕਰਦਿਆਂ ਉਨ੍ਹਾਂ ਦੀ ਵੀਡੀਓ ਕਾਨਫਰੰਸਿੰਗ ਰਾਹੀਂ ਹਾਜ਼ਰੀ ਲਵਾਈ ਸੀ।

ਟਰੰਪ ਲਈ ਇਹ ਕਨਵੈਨਸ਼ਨ ਅਹਿਮ ਹੈ ਕਿਉਂਕਿ ਸ਼ੁਰੂਆਤੀ ਰੁਝਾਨਾਂ ’ਚ ਉਹ ਅਜੇ ਆਪਣੇ ਵਿਰੋਧੀ ਬਿਡੇਨ ਤੋਂ ਪਿੱਛੇ ਨਜ਼ਰ ਆ ਰਹੇ ਹਨ। ਉਨ੍ਹਾਂ ਦੇ ਸਾਥੀਆਂ ਦਾ ਮੰਨਣਾ ਹੈ ਕਿ ਕਨਵੈਨਸ਼ਨ ਨਾਲ ਟਰੰਪ ਪ੍ਰਤੀ ਵੋਟਰਾਂ ’ਚ ਮਾਹੌਲ ਬਣ ਜਾਵੇਗਾ। ਅੱਜ ਪ੍ਰਥਮ ਮਹਿਲਾ ਮੇਲਾਨੀਆ ਟਰੰਪ ਰੋਜ਼ ਗਾਰਡਨ ਤੋਂ ਕਨਵੈਨਸ਼ਨ ਨੂੰ ਸੰਬੋਧਨ ਕਰੇਗੀ, ਜਦਕਿ ਉਪ ਰਾਸ਼ਟਰਪਤੀ ਮਾਈਕ ਪੈਂਸ 26 ਅਗਸਤ ਅਤੇ ਟਰੰਪ 27 ਅਗਸਤ ਨੂੰ ਭਾਸ਼ਣ ਦੇਣਗੇ।