ਬਿਉਰੋ ਰਿਪੋਰਟ – ਕੈਨੇਡਾ ਦੀ ਇੱਕ ਅਖ਼ਬਾਰ ਨੇ 6 ਸਾਲ ਪਹਿਲਾਂ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੀ ਭਾਰਤ ਫੇਰੀ ਨੂੰ ਲੈ ਕੇ ਹੈਰਾਨ ਕਰਨ ਵਾਲਾ ਖ਼ੁਲਾਸਾ ਕੀਤਾ ਹੈ। ‘ਦਿ ਗਲੋਬ ਐਂਡ ਮੇਲ’ ਮੁਤਾਬਿਕ 2018 ਵਿੱਚ ਜਦੋਂ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਤੇ ਤਤਕਾਲੀ ਰੱਖਿਆ ਮੰਤਰੀ ਹਰਜੀਤ ਸਿੰਘ ਸੱਜਣ ਭਾਰਤ ਦੌਰੇ ’ਤੇ ਆ ਰਹੇ ਸਨ ਤਾਂ ਉਨ੍ਹਾਂ ਦੇ ਜਹਾਜ਼ ਨੂੰ ਮੋਦੀ ਸਰਕਾਰ ਨੇ ਓਨਾਂ ਚਿਰ ਲੈਂਡ ਕਰਨ ਦੀ ਮਨਜ਼ੂਰੀ ਨਹੀਂ ਦਿੱਤੀ, ਜਦੋਂ ਤਕ ਟਰੂਡੋ ਤੇ ਸੱਜਣ ਨੇ ਪੰਜਾਬ ਦੇ ਤਤਕਾਲੀ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨਾਲ ਮੁਲਾਕਾਤ ਕਰਨ ਲਈ ਹਾਮੀ ਨਹੀਂ ਭਰ ਦਿੱਤੀ। ਉਨ੍ਹਾਂ ਦੀ ਹਾਂ ਤੋਂ ਬਾਅਦ ਹੀ ਭਾਰਤ ਸਰਕਾਰ ਨੇ ਉਨ੍ਹਾਂ ਦੇ ਜਹਾਜ਼ ਨੂੰ ਭਾਰਤ ਵਿੱਚ ਉਤਰਨ ਦੀ ਆਗਿਆ ਦਿੱਤੀ ਸੀ। ਹਾਲਾਂਕਿ ਹਰਜੀਤ ਸਿੰਘ ਸੱਜਣ ਨੇ ਇਹ ਰਿਪੋਰਟ ਖਾਰਜ ਕਰ ਦਿੱਤੀ ਹੈ ਜਦਕਿ ਭਾਰਤ ਸਰਕਾਰ ਅਤੇ ਕੈਪਟਨ ਅਮਰਿੰਦਰ ਸਿੰਘ ਵੱਲੋਂ ਹੁਣ ਤੱਕ ਇਸ ਦਾਅਵੇ ’ਤੇ ਕੋਈ ਵੀ ਬਿਆਨ ਸਾਹਮਣੇ ਨਹੀਂ ਆਇਆ ਹੈ।
‘ਦਿ ਗਲੋਬ ਐਂਡ ਮੇਲ’ ਨੇ ਇਹ ਬਿਆਨ ਕੈਨੇਡਾ ਸਰਕਾਰ ਦੇ ਇੱਕ ਸਰਕਾਰੀ ਅਧਿਕਾਰੀ ਦੇ ਹਵਾਲੇ ਨਾਲ ਛਾਪਿਆ ਹੈ, ਪਰ ਉਸ ਅਧਿਕਾਰੀ ਦਾ ਨਾਂ ਅਖ਼ਬਾਰ ਨੇ ਜਨਤਕ ਨਹੀਂ ਕੀਤਾ ਹੈ। ਅਖ਼ਬਾਰ ਤਾਂ ਇਹ ਵੀ ਕਹਿ ਰਿਹਾ ਹੈ ਕਿ ਟਰੂਡੋ ਤੇ ਸੱਜਣ ਨਾਲ ਜਿਹੜੀ ਕੈਪਟਨ ਅਮਰਿੰਦਰ ਸਿੰਘ ਨਾਲ ਮੀਟਿੰਗ ਹੋਈ ਸੀ, ਉਹ ਬਹੁਤੀ ਸੁਖਾਵੀਂ ਨਹੀਂ ਸੀ, ਬਲਕਿ ਬਹੁਤ ਤਲ਼ਖੀ ਵਾਲਾ ਮਾਹੌਲ ਸੀ। ਇਸ ਗੱਲ ਦਾ ਵੀ ਜ਼ਿਕਰ ਕੀਤਾ ਗਿਆ ਹੈ ਕਿ ਕੈਨੇਡਾ ਵਿੱਚ ਰੱਖਿਆ ਮੰਤਰੀ ਹਰਜੀਤ ਸਿੰਘ ਸੱਜਣ ਪੰਜਾਬ ਦੇ ਤਤਕਾਲੀ ਸੀਐਮ ਕੈਪਟਨ ਅਮਰਿੰਦਰ ਸਿੰਘ ਨੂੰ ਇਸ ਕਰਕੇ ਮੁਲਾਕਾਤ ਨਹੀਂ ਕਰਨਾ ਚਾਹੁੰਦੇ ਸੀ ਕਿਉਂਕਿ ਕੈਪਟਨ ਨੇ ਉਨ੍ਹਾਂ ਦੇ ਪਿਤਾ ਨੂੰ ਅੱਤਵਾਦੀ ਕਿਹਾ ਸੀ।
ਇਹ ਵੀ ਗੱਲ ਬਾਹਰ ਆਈ ਹੈ ਕਿ ਉਸ ਵੇਲੇ ਭਾਰਤ ਸਰਕਾਰ ਵੱਲੋਂ ਤਿਆਰ ਕੀਤੀ ਗਈ 10 ਨਾਵਾਂ ਦੀ ਸੂਚੀ ਕੈਪਟਨ ਅਮਰਿੰਦਰ ਸਿੰਘ ਨੇ ਹੀ ਟਰੂਡੋ ਤੇ ਸੱਜਣ ਨੂੰ ਸੌਪੀ ਸੀ, ਕਿਉਂਕਿ ਭਾਰਤ ਸਰਕਾਰ ਲਗਾਤਾਰ ਕੈਨੇਡਾ ਵਿੱਚ ਸਿੱਖ ਵੱਖਵਾਦੀਆਂ ਦੀਆਂ ਗਤੀਵਿਧੀਆਂ ਨੂੰ ਰੋਕਣ ਲਈ ਪਿਛਲੇ ਕਈ ਸਾਲਾਂ ਤੋਂ ਕੈਨੇਡਾ ਸਰਕਾਰ ’ਤੇ ਦਬਾਅ ਬਣਾ ਰਹੀ ਸੀ, ਜਿਸ ਨੂੰ ਭਾਰਤ ਅੱਤਵਾਦੀ ਮੰਨ ਰਿਹਾ ਹੈ। ਇਹ ਸੂਚੀ ਕੈਨੇਡਾ ਨੂੰ ਸੌਪਣਾ ਵੀ ਉਸੇ ਕੜੀ ਦਾ ਹਿੱਸਾ ਸੀ।
ਹੁਣ ਇੱਥੇ ਇਹ ਗੱਲ ਦੱਸਣੀ ਜ਼ਰੂਰੀ ਹੈ ਕਿ ਜਿਹੜੀ ਉਹ 10 ਨਾਵਾਂ ਦੀ ਸੂਚੀ ਸੌਪੀ ਗਈ ਸੀ, ਉਨ੍ਹਾਂ ਵਿੱਚ ਹਰਦੀਪ ਸਿੰਘ ਦਾ ਨਾਂ ਵੀ ਸ਼ਾਮਲ ਸੀ, ਜਿਨ੍ਹਾਂ ਦਾ ਕੈਨੇਡਾ ਦੀ ਹੀ ਧਰਤੀ ’ਤੇ ਕਤਲ ਕਰ ਦਿੱਤਾ ਗਿਆ ਹੈ ਤੇ ਕੈਨੇਡਾ ਸਰਕਾਰ ਭਾਰਤ ’ਤੇ ਇਸ ਦਾ ਇਲਜ਼ਾਮ ਵੀ ਲਾ ਰਹੀ ਹੈ। ਹਾਲ ਹੀ ਵਿੱਚ ਕੈਨੇਡੀਅਨ ਸਰਕਾਰ ਨੇ ਹਰਦੀਪ ਸਿੰਘ ਨਿੱਝਰ ਦੇ ਕਤਲ ਸਬੰਧੀ 3 ਭਾਰਤੀ ਨਾਗਰਿਕ ਵੀ ਗ੍ਰਿਫ਼ਤਾਰ ਕੀਤੇ ਹਨ।
ਅਖ਼ਬਾਰ ਵੱਲੋਂ ਦਿੱਤੀ ਜਾਣਕਾਰੀ ਮੁਤਾਬਿਕ ਭਾਰਤ ਸਰਕਾਰ ਦੇ ਅਧਿਕਾਰੀਆਂ ਨੇ 10 ਨਾਵਾਂ ਦੀ ਇਹ ਸੂਚੀ ਕੈਨੇਡੀਅਨ ਸੁਰੱਖਿਆ ਖੁਫੀਆ ਸੇਵਾ ਨੂੰ ਵੀ ਦਿੱਤੀ ਸੀ ਤੇ ਕਨੇਡੀਅਨ ਅਧਿਕਾਰੀਆਂ ਨੇ ਭਾਰਤੀ ਅਧਿਕਾਰੀਆਂ ਨੂੰ ਇਸ ਗੱਲ ਦਾ ਭਰੋਸਾ ਦਿੱਤਾ ਸੀ ਕਿ ਉਹ ਇਸ ਸੂਚੀ ਨੂੰ ਤਤਕਾਲੀ ਰੱਖਿਆ ਮੰਤਰੀ ਹਰਜੀਤ ਸਿੰਘ ਸੱਜਣ ਨੂੰ ਸੌਂਪਣਗੇ।
‘ਦਿ ਗਲੋਬ ਐਂਡ ਮੇਲ’ ਅਖ਼ਬਾਰ ਇਸ ਗੱਲ ’ਤੇ ਵੀ ਜ਼ੋਰ ਦੇ ਰਿਹਾ ਹੈ ਕਿ 2018 ਵਿੱਚ ਜਦੋਂ ਟਰੂਡੋ ਤੇ ਸੱਜਣ ਭਾਰਤ ਦੇ ਦੌਰੇ ’ਤੇ ਆਏ ਸਨ ਤਾਂ ਇਸ ਦੌਰੇ ਦਾ ਮੁੱਖ ਬਿੰਦੂ ਪੰਜਾਬ ਹੀ ਸੀ। ਪਰ ਇਨ੍ਹਾਂ ਦੋਵਾਂ ਆਗੂਆਂ ਨੇ ਪੰਜਾਬ ਦੇ ਤਤਕਾਲੀ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਮਿਲਣ ਤੋਂ ਇਨਕਾਰ ਕਰ ਦਿੱਤਾ ਸੀ। ਪਰ ਜ਼ਬਰਦਸਤੀ ਇਨ੍ਹਾਂ ਨੂੰ ਸੀਐਮ ਨਾਲ ਮਿਲਵਾਇਆ ਗਿਆ। ਫਿਰ ਬਾਅਦ ’ਚ ਇਹ ਸ੍ਰੀ ਦਰਬਾਰ ਸਾਹਿਬ ਵੀ ਗਏ ਸਨ।
‘ਦਿ ਗਲੋਬ ਐਂਡ ਮੇਲ’ ਨੇ ਤਾਂ ਇਹ ਵੀ ਲਿਖਿਆ ਹੈ ਕਿ ਕੈਨੇਡੀਅਨ ਅਧਿਕਾਰੀਆਂ ਦੀ ਭਾਰਤ ਦੇ ਵਿਦੇਸ਼ ਮੰਤਰਾਲੇ ਨਾਲ ਸਬੰਧਿਤ ਅਧਿਕਾਰੀਆਂ ਨਾਲ ਵੀ ਕੋਈ ਖ਼ੁਸ਼ਨੁਮਾ ਮੀਟਿੰਗ ਨਹੀਂ ਹੋਈ ਸੀ। ਭਾਰਤ ਸਰਕਾਰ ਨੇ 2021 ਵਿੱਚ ਹਰਦੀਪ ਸਿੰਘ ਨਿੱਝਰ ਨੂੰ ਇੱਕ ਅੱਤਵਾਦੀ ਵਜੋਂ ਸੂਚੀਬੱਧ ਕਰ ਲਿਆ ਸੀ, ਪਰ ਉਨ੍ਹਾਂ ਦੇ ਸਮਰਥਕ ਉਨ੍ਹਾਂ ਨੂੰ ਮਨੁੱਖੀ ਅਧਿਕਾਰ ਕਾਰਕੁੰਨ ਵਜੋਂ ਦੇਖਦੇ ਹਨ, ਜਿਨ੍ਹਾਂ ਨੂੰ ਬੋਲਣ ਦੀ ਆਜ਼ਾਦੀ ਦੇ ਅਧਿਕਾਰ ਦੀ ਪੂਰੀ ਖੁੱਲ੍ਹ ਮਿਲੀ ਹੋਈ ਸੀ।
ਕਿਹਾ ਜਾ ਰਿਹਾ ਹੈ ਕਿ ਉਸ ਵੇਲੇ ਜਦੋਂ ਕੈਨੇਡਾ ਨੂੰ ਉਹ ਸੂਚੀ ਭਾਰਤ ਵੱਲੋਂ ਦਿੱਤੀ ਗਈ ਸੀ ਤਾਂ ਕੈਨੇਡੀਅਨ ਅਧਿਕਾਰੀਆਂ ਨੇ ਆਪਣੇ ਭਾਰਤੀ ਹਮਰੁਤਬਾ ਨੂੰ ਉਸ ਵਕਤ ਇਹ ਭਰੋਸਾ ਦਿੱਤਾ ਸੀ ਕਿ ਉਹ ਭਾਰਤ ਦੀਆਂ ਅੱਤਵਾਦ ਨਾਲ ਸਬੰਧਿਤ ਚਿੰਤਾਵਾਂ ਨੂੰ ਸਮਝਦੇ ਹਨ, ਪਰ ਉਨ੍ਹਾਂ ਨੇ ਇਹ ਗੱਲ ਵੀ ਨਾਲ ਸਪਸ਼ਟ ਕਰ ਦਿੱਤੀ ਸੀ ਕਿ ਸਾਡੀ ਪੁਲਿਸ ਕਿਸੇ ਨੂੰ ਗ੍ਰਿਫ਼ਤਾਰ ਨਹੀਂ ਕਰ ਸਕਦੀ, ਕਿਉਂਕਿ ਇਹ ਲੋਕ ਆਪਣੇ ਵਿਚਾਰਾਂ ਦਾ ਪ੍ਰਗਟਾਵਾ ਕਰ ਰਹੇ ਹਨ। ਤੇ ਕੈਨੇਡੀਅਨ ਅਧਿਕਾਰੀਆਂ ਦਾ ਇਹ ਜਵਾਬ ਦਿੱਲੀ ਨੂੰ ਪਸੰਦ ਨਹੀਂ ਆਇਆ ਸੀ।
ਇਹ ਵੀ ਪੜ੍ਹੋ – ਪੰਜਾਬ ਤੇ ਚੰਡੀਗੜ੍ਹ ’ਚ 9 ਤੋਂ 12 ਮਈ ਤਕ ਮੀਂਹ ਪੈਣ ਦੀ ਪੇਸ਼ੀਨਗੋਈ