International

ਕੈਨੇਡਾ PM ਟਰੂਡੋ ਨੇ ਪ੍ਰਦਰਸ਼ਨਕਾਰੀ ਭਾਰਤੀ ਵਿਦਿਆਰਥੀਆਂ ਨੂੰ ਦਿੱਤਾ ਵੱਡਾ ਭਰੋਸਾ, ਕਰ ਦਿੱਤਾ ਇਹ ਐਲਾਨ

Trudeau assured the protesting Indian students, saying the government will evaluate each case

ਕੈਨੇਡਾ : ਫ਼ਰਜ਼ੀ ਦਾਖ਼ਲਾ ਪੱਤਰਾਂ ਕਾਰਨ ਕੈਨੇਡਾ ਤੋਂ ਦੇਸ਼ ਨਿਕਾਲੇ ਦਾ ਸਾਹਮਣਾ ਕਰ ਰਹੇ 700 ਭਾਰਤੀ ਵਿਦਿਆਰਥੀਆਂ ਲਈ ਰਾਹਤ ਦੀ ਖ਼ਬਰ ਆਈ ਹੈ। ਇਨ੍ਹਾਂ ਪੀੜਤ ਵਿਦਿਆਰਥੀਆਂ ਨੂੰ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਭਰੋਸਾ ਦਿੱਤਾ ਹੈ ਕਿ ਉਹ ਹਰੇਕ ਕੇਸ ਦਾ ਮੁਲਾਂਕਣ ਕਰਨਗੇ ਅਤੇ ਧੋਖਾਧੜੀ ਦੇ ਪੀੜਤਾਂ ਨੂੰ ਆਪਣਾ ਪੱਖ ਰੱਖਣ ਬੇਕਸੂਰ ਹੋਣ ਬਾਰੇ ਸਬੂਤ ਪੇਸ਼ ਕਰਨ ਦਾ ਮੌਕਾ ਮਿਲੇਗਾ।

ਇਹ ਟਿੱਪਣੀ ਅਜਿਹੇ ਸਮੇਂ ਆਈ ਹੈ ਜਦੋਂ ਸੈਂਕੜੇ ਭਾਰਤੀ ਵਿਦਿਆਰਥੀ, ਜਿਨ੍ਹਾਂ ਵਿੱਚ ਜ਼ਿਆਦਾਤਰ ਪੰਜਾਬ ਦੇ ਹਨ, ਕੈਨੇਡਾ ਵਿੱਚ ਸੜਕਾਂ ‘ਤੇ ਉਤਾਰ ਰਹੇ ਹਨ। ਵਿਦਿਆਰਥੀ ਇਹ ਕਹਿ ਰਹੇ ਹਨ ਕਿ ਉਨ੍ਹਾਂ ਨੂੰ ਭਾਰਤ ਵਿੱਚ ਏਜੰਟ ਨੇ ਧੋਖਾ ਦਿੱਤਾ ਹੈ। ਇਸ ਵਿੱਚ ਉਨ੍ਹਾਂ ਦਾ ਕੋਈ ਕਸੂਰ ਨਹੀਂ ਹੈ।ਟਰੂਡੋ ਨੇ ਪਾਰਲੀਮੈਂਟ ਬਹਿਸ ਦੌਰਾਨ ਕਿਹਾ, ‘ਮੈਂ ਇਸ ਮਾਮਲੇ ਤੋਂ ਜਾਣੂ ਹਾਂ। ਸਾਡਾ ਧਿਆਨ ਪੀੜਤਾਂ ਨੂੰ ਸਜ਼ਾ ਦੇਣ ਦੀ ਬਜਾਏ ਦੋਸ਼ੀਆਂ ਦੀ ਪਛਾਣ ਕਰਨਾ ਹੈ।’

ਟਰੂਡੋ ਨੇ ਕਿਹਾ ਕਿ ਅਸੀਂ ਵਿਦਿਆਰਥੀਆਂ ਨਾਲ ਹੋਈ ਧੋਖਾਧੜੀ ਤੋਂ ਜਾਣੂ ਹਾਂ। ਉਨ੍ਹਾਂ ਆਖਿਆ ਕਿ ਵਿਦੇਸ਼ੀ ਵਿਦਿਆਰਥੀ ਮੁਲਕ ਦੀ ਤਰੱਕੀ ਵਿਚ ਵੱਡਾ ਯੋਗਦਾਨ ਪਾ ਰਹੇ ਹਨ। ਅਸੀਂ ਉਨ੍ਹਾਂ ਨਾਲ ਇਨਸਾਫ਼ ਜ਼ਰੂਰ ਕਰਾਂਗੇ।

ਪ੍ਰਧਾਨ ਮੰਤਰੀ ਨੇ ਸਿੱਖ ਮੂਲ ਦੇ ਐੱਨਡੀਪੀ ਆਗੂ ਜਗਮੀਤ ਸਿੰਘ ਵੱਲੋਂ ਦੇਸ਼ ਨਿਕਾਲ਼ਾ ਦਿੱਤੇ ਜਾਣ ਵਾਲੇ ਪੀੜਤ ਵਿਦਿਆਰਥੀਆਂ ਦੀ ਸਥਿਤੀ ਬਾਰੇ ਚਿੰਤਾਵਾਂ ਦਾ ਜਵਾਬ ਦਿੰਦਿਆਂ ਕਿਹਾ, ‘ਧੋਖਾਧੜੀ ਦੇ ਪੀੜਤਾਂ ਨੂੰ ਆਪਣਾ ਪੱਖ ਅਤੇ ਉਸ ਦੇ ਸਮਰਥਨ ’ਚ ਸਬੂਤ ਪੇਸ਼ ਕਰਨ ਦਾ ਮੌਕਾ ਮਿਲੇਗਾ। ਟਰੂਡੋ ਨੇ ਕਿਹਾ, ‘ਅਸੀਂ ਅੰਤਰਰਾਸ਼ਟਰੀ ਵਿਦਿਆਰਥੀਆਂ ਦੁਆਰਾ ਸਾਡੇ ਦੇਸ਼ ਵਿੱਚ ਪਾਏ ਅਥਾਹ ਯੋਗਦਾਨ ਦਾ ਸਨਮਾਨ ਕਰਦੇ ਹਾਂ ਤੇ ਅਸੀਂ ਧੋਖਾਧੜੀ ਦੇ ਪੀੜਤਾਂ ਦੀ ਸਹਾਇਤਾ ਲਈ ਵਚਨਬੱਧ ਹਾਂ। ਅਸੀਂ ਹਰ ਇੱਕ ਕੇਸ ਦਾ ਮੁਲਾਂਕਣ ਕਰਦੇ ਹਾਂ।’

ਵਿਦਿਆਰਥੀਆਂ ਨੇ 29 ਮਈ ਤੋਂ ਮਿਸੀਸਾਗਾ ਦੇ ਏਅਰਪੋਰਟ ਰੋਡ ‘ਤੇ ਸੀਬੀਐੱਸਏ ਦੇ ਮੁੱਖ ਦਫ਼ਤਰ ਦੇ ਬਾਹਰ ਧਰਨਾ ਜਾਰੀ ਰੱਖਿਆ ਹੋਇਆ ਹੈ, ਜਿਸ ਵਿੱਚ ਬੈਨਰ ਫੜੇ ਹੋਏ ਹਨ, ਜਿਸ ਵਿੱਚ ‘ਡਿਪੋਰਟੇਸ਼ਨ ਵਿਰੁੱਧ ਇੱਕਜੁੱਟ ਹੋਵੋ’, ‘ਡਿਪੋਰਟੇਸ਼ਨ ਬੰਦ ਕਰੋ’ ਅਤੇ ‘ਸਾਨੂੰ ਨਿਆਂ ਚਾਹੀਦਾ ਹੈ।

ਦੱਸ ਦੇਈਏ ਕਿ ਕੈਨੇਡੀਅਨ ਬਾਰਡਰ ਸਕਿਉਰਿਟੀ ਏਜੰਸੀ (CBSA) ਨੇ 700 ਤੋਂ ਵੱਧ ਭਾਰਤੀ ਵਿਦਿਆਰਥੀਆਂ ਨੂੰ ਡਿਪੋਰਟ ਕਰਨ ਦੇ ਨੋਟਿਸ ਜਾਰੀ ਕੀਤੇ ਹਨ, ਜਿਨ੍ਹਾਂ ਦੇ ਵਿੱਦਿਅਕ ਅਦਾਰਿਆਂ ਵਿਚ ਦਾਖ਼ਲੇ ਸਬੰਧੀ ਆਫ਼ਰ ਲੈਟਰ ਫ਼ਰਜ਼ੀ ਪਾਏ ਗਏ ਸਨ।

ਦੱਸਿਆ ਜਾ ਰਿਹਾ ਹੈ ਕਿ ਜਲੰਧਰ ਦੇ ਐਜੂਕੇਸ਼ਨ ਮਾਈਗ੍ਰੇਸ਼ਨ ਸਰਵਿਸ ਸੈਂਟਰ ਰਾਹੀਂ 700 ਵਿਦਿਆਰਥੀਆਂ ਨੇ ਵਿਦਿਆਰਥੀ ਵੀਜ਼ੇ ਲਈ ਅਪਲਾਈ ਕੀਤਾ ਸੀ। ਹੰਬਰ ਕਾਲਜ ਵਿੱਚ ਦਾਖ਼ਲੇ ਲਈ ਪ੍ਰਤੀ ਵਿਦਿਆਰਥੀ 16 ਤੋਂ 20 ਲੱਖ ਰੁਪਏ ਲਏ ਗਏ। ਨਾਲ ਹੀ ਹਵਾਈ ਟਿਕਟਾਂ ਅਤੇ ਸੁਰੱਖਿਆ ਖ਼ਰਚੇ ਵੱਖਰੇ ਸਨ।

ਵਿਦਿਆਰਥੀਆਂ ਨੇ ਦੱਸਿਆ ਕਿ ਜਦੋਂ ਉਹ ਵਿਦੇਸ਼ ਪੁੱਜੇ ਤਾਂ ਉਨ੍ਹਾਂ ਨੂੰ ਕਿਹਾ ਗਿਆ ਕਿ ਕਾਲਜ ਦੀਆਂ ਸਾਰੀਆਂ ਸੀਟਾਂ ਭਰ ਗਈਆਂ ਹਨ ਅਤੇ ਵਿਦਿਆਰਥੀਆਂ ਨੂੰ ਅਗਲੇ ਸਮੈਸਟਰ ਤੱਕ 6 ਮਹੀਨੇ ਉਡੀਕ ਕਰਨੀ ਪਵੇਗੀ। ਇਨ੍ਹਾਂ ਵਿਦਿਆਰਥੀਆਂ ਨੂੰ ਏਜੰਸੀ ਵੱਲੋਂ ਫ਼ੀਸ ਵਾਪਸ ਕਰ ਦਿੱਤੀ ਗਈ ਅਤੇ ਅਗਲੇ ਸਮੈਸਟਰ ਲਈ ਦਾਖਲਾ ਲਿਆ ਗਿਆ।

ਫ਼ੀਸ ਵਾਪਸ ਹੋਣ ਤੋਂ ਬਾਅਦ ਵਿਦਿਆਰਥੀਆਂ ਨੂੰ ਏਜੰਟ ਉੱਤੇ ਪੱਕਾ ਵਿਸ਼ਵਾਸ ਹੋ ਗਿਆ। ਹੁਣ ਜਦੋਂ ਵਿਦਿਆਰਥੀਆਂ ਨੇ ਆਪਣੀ ਪੜਾਈ ਪੂਰੀ ਕੀਤੀ ਅਤੇ ਕੰਮ ਦਾ ਤਜਰਬਾ ਹਾਸਲ ਕਰਨ ਤੋਂ ਬਾਅਦ ਪੀ.ਆਰ. ਲਈ ਅਪਲਾਈ ਕੀਤਾ। ਪੀਆਰ ਦੇ ਸਮੇਂ ਜਦੋਂ ਸੀਬੀਐਸਏ ਨੇ ਉਨ੍ਹਾਂ ਦੇ ਦਸਤਾਵੇਜ਼ਾਂ ਦੀ ਜਾਂਚ ਕੀਤੀ ਤਾਂ ਇਹ ਸਾਹਮਣੇ ਆਇਆ ਕਿ ਏਜੰਟ ਦੁਆਰਾ ਵਿਦਿਆਰਥੀਆਂ ਨੂੰ ਪ੍ਰਦਾਨ ਕੀਤੇ ਗਏ ਪੇਸ਼ਕਸ਼ ਪੱਤਰ ਜਾਅਲੀ ਸਨ।