‘ਦ ਖ਼ਾਲਸ ਟੀਵੀ ਬਿਊਰੋ(ਜਗਜੀਵਨ ਮੀਤ):- ਕੈਨੇਡਾ ਦੀ ਨਵੀਂ ਚੁਣੀ ਸੰਸਦ ਵਿਚ ਪਹਿਲੇ ਪ੍ਰਸ਼ਨਕਾਲ ਦੌਰਾਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਅਤੇ ਵਿਰੋਧੀ ਧਿਰ ਦੇ ਆਗੂ ਐਰਿਨ ਓ ਟੂਲ ਵਿਚਾਲੇ ਮਹਿੰਗਾਈ, ਬੀ.ਸੀ. ਵਿਚ ਹੜ੍ਹਾਂ ਕਾਰਨ ਤਬਾਹੀ ਅਤੇ ਹੋਰ ਕਈ ਮੁੱਦਿਆਂ ’ਤੇ ਖੜਕ ਗਈ।ਕੰਜ਼ਰਵੇਟਿਵ ਪਾਰਟੀ ਦੇ ਆਗੂ ਐਰਿਨ ਓ ਟੂਲ ਨੇ ਇਕ ਮਗਰੋਂ ਇਕ ਸਵਾਲ ਦਾਗਦਿਆਂ ਕਿਹਾ ਕਿ ਗਰੌਸਰੀ ਦੇ ਬਿਲ ਪਹਿਲਾਂ ਹੀ ਸੈਂਕੜੇ ਡਾਲਰ ਵਧ ਚੁੱਕੇ ਹਨ ਪਰ ਤਖ਼ਤ ਦੇ ਭਾਸ਼ਣ ਵਿਚ ਸਿਰਫ਼ ਇਕ ਵਾਰ ਮਹਿੰਗਾਈ ਦਾ ਜ਼ਿਕਰ ਕੀਤਾ ਗਿਆ।
ਕੀ ਪ੍ਰਧਾਨ ਮੰਤਰੀ ਨੇ ਕੈਨੇਡੀਅਨ ਪਰਵਾਰਾਂ ਦੀ ਸਾਰ ਲੈਣ ਦੀ ਕੋਸ਼ਿਸ਼ ਕੀਤੀ ਹੈ? ਐਰਿਨ ਓ ਟੂਲ ਨੇ ਜਸਟਿਨ ਟਰੂਡੋ ’ਤੇ ਕੈਨੇਡਾ ਨੂੰ ਕਰਜ਼ੇ ਦੀ ਦਲਦਲ ਵਿਚ ਡੋਬਣ ਦਾ ਦੋਸ਼ ਵੀ ਲਾਇਆ।ਐਰਿਨ ਓ ਟੂਲ ਨੇ ਦੋਸ਼ ਲਾਇਆ ਕਿ ਮੁਲਕ ਦੇ ਲੋਕਾਂ ਦੀਆਂ ਮੁਸ਼ਕਲਾਂ ਹੱਲ ਕਰਨ ਦੀ ਬਜਾਏ ਪ੍ਰਧਾਨ ਮੰਤਰੀ ਆਪਣੀਆਂ ਜ਼ਰੂਰਤਾਂ ਨੂੰ ਸਭ ਤੋਂ ਅੱਗੇ ਰੱਖ ਲੈਂਦੇ ਹਨ। ਹੋਰਨਾਂ ਮੁਲਕਾਂ ਦੀਆਂ ਸਰਕਾਰਾਂ ਵੱਲੋਂ ਲੋਕਾਂ ਨੂੰ ਰਾਹਤ ਦੇਣ ਲਈ ਟੈਕਸਾਂ ਵਿਚ ਰਿਆਇਤ ਦਿਤੀ ਜਾ ਰਹੀ ਹੈ, ਲਾਲ ਫ਼ੀਤਾਸ਼ਾਹੀ ਨੂੰ ਘਟਾਇਆ ਜਾ ਰਿਹਾ ਹੈ ਪਰ ਜਸਟਿਨ ਟਰੂਡੋ ਤੋਂ ਕੋਈ ਉਮੀਦ ਨਹੀਂ ਕੀਤੀ ਜਾ ਸਕਦੀ।