‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਸਾਹਿਬਜ਼ਾਦਾ ਅਜੀਤ ਸਿੰਘ ਨਗਰ ਏਅਰਪੋਰਟ ਰੋਡ ‘ਤੇ ਟਰੱਕ ਯੂਨੀਅਨਾਂ ਵੱਲੋਂ ਆਪਣੀਆਂ ਮੰਗਾਂ ਨੂੰ ਲੈ ਕੇ ਅਣਮਿੱਥੇ ਸਮੇਂ ਲਈ ਧਰਨਾ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ। ਪ੍ਰਦਰਸ਼ਨਕਾਰੀਆਂ ਵੱਲੋਂ ਸੜਕਾਂ ਦੇ ਕਿਨਾਰੇ 6 ਦਸੰਬਰ ਤੋਂ ਧਰਨਾ ਸ਼ੁਰੂ ਕੀਤਾ ਹੋਇਆ ਹੈ ਅਤੇ ਮੰਗਾਂ ਮੰਨੇ ਜਾਣ ਤੱਕ ਜਾਰੀ ਰਹੇਗਾ।। ਆਲ ਪੰਜਾਬ ਟਰੱਕ ਏਕਤਾ ਦੇ ਬੁਲਾਰੇ ਸੁਖਵਿੰਦਰ ਸਿੰਘ ਬਰਾੜ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਅਸੀਂ ਟਰੱਕਾਂ ਵਾਲਿਆਂ ਦੀਆਂ ਮੰਗਾਂ ਨੂੰ ਲੈ ਕੇ ਇੱਥੇ ਹਾਜ਼ਿਰ ਹੋਏ ਹਾਂ। ਟਰੱਕ ਯੂਨੀਅਨਾਂ ਬਹਾਲ ਹੋਣੀਆਂ ਚਾਹੀਦੀਆਂ ਹਨ। ਓਵਰਲੋਡਿੰਗ ਬੰਦ ਹੋਣੀ ਚਾਹੀਦੀ ਹੈ। ਕਣਕ, ਜੀਰੀ ਦੀ ਢੋਆ-ਢੁਆਈ ਦੀ ਪਾਲਿਸੀ ਦੇ ਟੈਂਡਰ ਟਰੱਕ ਯੂਨੀਅਨਾਂ ਦੀ ਝੋਲੀ ਪਾਏ ਜਾਣੇ ਚਾਹੀਦੇ ਹਨ। ਠੇਕੇਦਾਰ ਇਹ ਠੇਕੇ ਲੈ ਲੈਂਦੇ ਹਨ। 2017 ਤੋਂ ਜਦੋਂ ਤੋਂ ਟਰੱਕ ਯੂਨੀਅਨਾਂ ਭੰਗ ਹੋਈਆਂ ਹਨ, ਉਦੋਂ ਤੋਂ ਟੈਂਡਰਾਂ ਵਿੱਚ ਠੇਕੇਦਾਰਾਂ ਨੂੰ ਬੁਲਾਇਆ ਗਿਆ ਹੈ। ਇਨ੍ਹਾਂ ਪੰਜ ਸਾਲਾਂ ਵਿੱਚ ਠੇਕੇਦਾਰਾਂ ਦੀ ਮਿਲੀਭੁਗਤ ਦੇ ਨਾਲ ਟੈਂਡਰ ਦੀਆਂ ਕੰਡੀਸ਼ਨਾਂ ਬਹੁਤ ਜ਼ਿਆਦਾ ਔਖੀਆਂ ਕਰ ਦਿੱਤੀਆਂ ਗਈਆਂ ਹਨ ਕਿ ਟਰੱਕ ਯੂਨੀਅਨ ਉਸਨੂੰ ਪੂਰੀਆਂ ਨਾ ਕਰ ਸਕਣ ਅਤੇ ਠੇਕੇਦਾਰਾਂ ਨੂੰ ਉਸਦਾ ਫਾਇਦਾ ਹੋ ਸਕੇ। ਠੇਕੇਦਾਰ 35 ਤੋਂ 40 ਫ਼ੀਸਦ ਆਪਣੇ ਕੋਲ ਰੱਖ ਕੇ ਟਰੱਕ ਯੂਨੀਅਨਾਂ ਤੋਂ ਘੱਟ ਰੇਟ ‘ਤੇ ਕੰਮ ਕਰਾਉਂਦੇ ਹਨ। ਸਰਕਾਰ ਤੋਂ ਅਸੀਂ ਪ੍ਰਤੀ ਕਿਲੋਮੀਟਰ ਭਾੜੇ ਦੀ ਪਾਲਿਸੀ ਦੀ ਮੰਗ ਕਰਦੇ ਹਾਂ ਕਿ ਸਰਕਾਰ ਉਹ ਸਾਨੂੰ ਦੇਵੇ। ਉਨ੍ਹਾਂ ਕਿਹਾ ਕਿ ਅਸੀਂ 6 ਦਸੰਬਰ ਤੋਂ ਇੱਥੇ ਬੈਠੇ ਹਾਂ। ਜਦੋਂ ਤੱਕ ਮੰਗਾਂ ਪੂਰੀਆਂ ਨਹੀਂ ਹੁੰਦੀਆਂ, ਅਣਮਿੱਥੇ ਸਮੇਂ ਲਈ ਸਾਡਾ ਇਹ ਧਰਨਾ ਹੈ। ਮੰਗਾਂ ਪੂਰੀਆਂ ਹੋਣ ਤੱਕ ਅਸੀਂ ਇੱਥੋਂ ਨਹੀਂ ਜਾਵਾਂਗੇ।