ਬਿਊਰੋ ਰਿਪੋਰਟ (ਕੁਰਾਲੀ, 11 ਦਸੰਬਰ 2025): ਚੰਡੀਗੜ੍ਹ-ਰੋਪੜ ਹਾਈਵੇਅ ’ਤੇ ਕੁਰਾਲੀ ਬਾਈਪਾਸ ਨੇੜੇ ਇੱਕ ਹੈਰਾਨ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਹੈ, ਜਿੱਥੇ ਇੱਕ ਕੁੜੀ ਸਮੇਤ ਚਾਰ ਲੋਕਾਂ ਨੇ ਇੱਕ ਟਰੱਕ ਡਰਾਈਵਰ ਨੂੰ ਅਗਵਾਹ ਕਰਕੇ ਲੁੱਟ ਲਿਆ। ਮੁਲਜ਼ਮਾਂ ਨੇ ਡਰਾਈਵਰ ਨੂੰ ਜਬਰ-ਜ਼ਨਾਹ ਦੇ ਝੂਠੇ ਕੇਸ ਵਿੱਚ ਫਸਾਉਣ ਦੀ ਧਮਕੀ ਦਿੱਤੀ।
ਹਿਮਾਚਲ ਪ੍ਰਦੇਸ਼ ਦੇ ਰਹਿਣ ਵਾਲੇ ਪੀੜਤ ਟਰੱਕ ਡਰਾਈਵਰ ਜੁਰਨਸ ਅਲੀ ਨੇ ਪੁਲਿਸ ਨੂੰ ਦਿੱਤੀ ਸ਼ਿਕਾਇਤ ਵਿੱਚ ਦੱਸਿਆ ਕਿ ਇਹ ਘਟਨਾ 9 ਦਸੰਬਰ ਦੀ ਸਵੇਰ ਦੀ ਹੈ।
ਸਵੇਰੇ ਲਗਭਗ 1:30 ਵਜੇ ਜਦੋਂ ਜੁਰਨਸ ਅਲੀ ਕੁਰਾਲੀ ਬਾਈਪਾਸ ’ਤੇ ਚਾਹ ਪੀਣ ਲਈ ਰੁਕਿਆ, ਤਾਂ ਹਰਿਆਣਾ ਨੰਬਰ ਦੀ ਇੱਕ ਵੈਗਨਆਰ ਕਾਰ ਵਿੱਚ ਸਵਾਰ ਚਾਰ ਲੋਕਾਂ (ਇੱਕ ਔਰਤ ਸਮੇਤ) ਨੇ ਉਸਨੂੰ ਜ਼ਬਰਦਸਤੀ ਫੜ ਕੇ ਉਸਦੇ ਹੀ ਟਰੱਕ ਵਿੱਚ ਸੁੱਟ ਦਿੱਤਾ ਅਤੇ ਮੋਬਾਈਲ ਖੋਹ ਲਿਆ।
ਮੁਲਜ਼ਮ ਔਰਤ ਨੇ ਪਹਿਲਾਂ ਆਪਣੇ ਅਤੇ ਫਿਰ ਪੀੜਤ ਦੇ ਕੱਪੜੇ ਪਾੜ ਕੇ ਜ਼ਬਰਦਸਤੀ ਤਸਵੀਰਾਂ ਖਿੱਚੀਆਂ। ਔਰਤ ਨੇ ਡਰਾਈਵਰ ਨੂੰ ਧਮਕੀ ਦਿੱਤੀ ਕਿ ਜੇ ਉਸ ਨੇ ਪੈਸੇ ਨਹੀਂ ਦਿੱਤੇ ਤਾਂ ਉਹ ਉਸ ਨੂੰ ਝੂਠੇ ਰੇਪ ਕੇਸ ਵਿੱਚ ਫਸਾ ਦੇਵੇਗੀ।
ਧਮਕੀ ਦੇਣ ਤੋਂ ਬਾਅਦ ਮੁਲਜ਼ਮਾਂ ਨੇ ਪਹਿਲਾਂ ਪੀੜਤ ਤੋਂ ਨਕਦੀ ਲੁੱਟੀ। ਫਿਰ ਉਸਨੂੰ ਵੱਖ-ਵੱਖ ਪੈਟਰੋਲ ਪੰਪਾਂ ’ਤੇ ਲੈ ਗਏ ਅਤੇ ਏ.ਟੀ.ਐੱਮ. ਕਾਰਡ ਦੀ ਵਰਤੋਂ ਕਰਕੇ ਕਰੀਬ 78,900 ਰੁਪਏ ਕਢਵਾ ਲਏ।
ਮੁਲਜ਼ਮਾਂ ਨੇ ਪੀੜਤ ਦੇ ਏ.ਟੀ.ਐੱਮ. ਕਾਰਡ ਨਾਲ ਆਪਣੀ ਕਾਰ ਵਿੱਚ ਤੇਲ ਵੀ ਪਵਾਇਆ ਅਤੇ ਫਿਰ ਹਰਿਆਣਾ ਨੰਬਰ ਦੀ ਕਾਰ ਵਿੱਚ ਫਰਾਰ ਹੋ ਗਏ।
ਕੁਰਾਲੀ ਥਾਣੇ ਦੇ ਐਸ.ਐਚ.ਓ. ਸਿਮਰਨ ਸਿੰਘ ਨੇ ਦੱਸਿਆ ਕਿ ਪੀੜਤ ਵੱਲੋਂ ਦਿੱਤੀ ਗਈ ਏ.ਟੀ.ਐੱਮ. ਟ੍ਰਾਂਜੈਕਸ਼ਨਾਂ, ਪੈਟਰੋਲ ਪੰਪਾਂ ਦੀ ਥਾਂ ਅਤੇ ਮੁਲਜ਼ਮਾਂ ਦੇ ਵਾਹਨ ਨੰਬਰ ਦੇ ਆਧਾਰ ’ਤੇ ਸੀ.ਸੀ.ਟੀ.ਵੀ. ਫੁਟੇਜ ਖੰਘਾਲੀ ਜਾ ਰਹੀ ਹੈ ਅਤੇ ਮੁਲਜ਼ਮਾਂ ਦੀ ਪਛਾਣ ਦੇ ਯਤਨ ਜਾਰੀ ਹਨ।

