‘ਦ ਖ਼ਾਲਸ ਬਿਊਰੋ :- ਤ੍ਰਿਣਮੂਲ ਕਾਂਗਰਸ ਪੱਛਮੀ ਬੰਗਾਲ ਤੋਂ ਬਾਅਦ ਦੂਜੇ ਰਾਜਾਂ ਵਿੱਚ ਵੀ ਭਾਰੂ ਪੈਣ ਲੱਗੀ ਹੈ। ਮਮਤਾ ਬੈਨਰਜੀ ਨੇ ਮੁੱਖ ਮੰਤਰੀ ਬਣਨ ਤੋਂ ਬਾਅਦ ਕਾਂਗਰਸ ਅਤੇ ਭਾਰਤੀ ਜਨਤਾ ਪਾਰਟੀ ਦੇ ਕਈ ਸਾਰੇ ਨੇਤਾ ਤ੍ਰਿਣਮੂਲ ਕਾਂਗਰਸ ਵਿੱਚ ਲਗਾਤਾਰ ਸ਼ਾਮਿਲ ਹੁੰਦੇ ਆ ਰਹੇ ਹਨ। ਹੁਣ ਤ੍ਰਿਣਮੂਲ ਕਾਂਗਰਸ ਨੇ ਕਾਂਗਰਸ ਨੂੰ ਵੱਡਾ ਝਟਕਾ ਦਿੱਤਾ ਹੈ। ਸਾਬਕਾ ਮੁੱਖ ਮੰਤਰੀ ਮੁਕੁਲ ਸੰਗਮਾ ਸਮੇਤ ਪਾਰਟੀ ਦੇ 12 ਵਿਧਾਇਕ ਅੱਜ ਟੀਐੱਮਸੀ ਵਿੱਚ ਸ਼ਾਮਲ ਹੋ ਗਏ ਹਨ। ਸੂਬੇ ਵਿੱਚ ਕਾਂਗਰਸ ਦੇ 17 ਵਿਧਾਇਕ ਚੁਣੇ ਗਏ ਸਨ।
ਟੀਐੱਮਸੀ ਹੁਣ ਬਿਨਾਂ ਚੋਣ ਲੜੇ ਮੇਘਾਲਿਆ ਵਿੱਚ ਮੁੱਖ ਵਿਰੋਧੀ ਪਾਰਟੀ ਬਣ ਗਈ ਹੈ ਕਿਉਂਕਿ ਪਾਰਟੀ ਦੇ ਦੋ ਤਿਹਾਈ ਤੋਂ ਵੱਧ ਵਿਧਾਇਕਾਂ ਨੇ ਪਾਲ਼ਾ ਬਦਲ ਲਿਆ ਹੈ। ਅਜਿਹੇ ‘ਚ ਦਲ-ਬਦਲ ਕਾਨੂੰਨ ਉਨ੍ਹਾਂ ‘ਤੇ ਲਾਗੂ ਨਹੀਂ ਹੋਵੇਗਾ।ਮੰਨਿਆ ਜਾ ਰਿਹਾ ਹੈ ਕਿ ਵਿਨਸੈਂਟ ਐਚ ਪਾਲਾ ਨੂੰ ਮੇਘਾਲਿਆ ਪ੍ਰਦੇਸ਼ ਕਾਂਗਰਸ ਕਮੇਟੀ ਦਾ ਪ੍ਰਧਾਨ ਬਣਾਏ ਜਾਣ ਤੋਂ ਬਾਅਦ ਸੰਗਮਾ ਨਾਰਾਜ਼ ਸਨ। ਸੂਤਰਾਂ ਮੁਤਾਬਕ ਮੁਕੁਲ ਸੰਗਮਾ ਨੇ ਸਤੰਬਰ ‘ਚ ਤ੍ਰਿਣਮੂਲ ਕਾਂਗਰਸ ਦੇ ਜਨਰਲ ਸਕੱਤਰ ਅਭਿਸ਼ੇਕ ਬੈਨਰਜੀ ਨਾਲ ਮੁਲਾਕਾਤ ਕੀਤੀ ਸੀ। ਇਸ ਤੋਂ ਬਾਅਦ ਹੀ ਕਿਆਸ ਲਗਾਏ ਜਾ ਰਹੇ ਸਨ ਕਿ ਉੱਤਰ-ਪੂਰਬ ਦੇ ਇਸ ਰਾਜ ਵਿੱਚ ਕਾਂਗਰਸ ਨੂੰ ਵੱਡਾ ਨੁਕਸਾਨ ਹੋਵੇਗਾ।