‘ਦ ਖ਼ਾਲਸ ਬਿਊਰੋ : ਚੰਡੀਗੜ੍ਹ ਦੇ ਸੈਕਟਰ 16 ਵਿੱਚ ਆਯੂਸ਼ਮਾਨ ਸਕੀਮ ਦੇ ਤਹਿਤ ਪੰਜਾਬ ਦੇ ਮਰੀਜਾਂ ਦਾ ਇਲਾਜ ਸ਼ਰਤਾਂ ‘ਤੇ ਸ਼ੁਰੂ ਹੋ ਗਿਆ ਹੈ। ਹਸਪਤਾਲਾਂ ਨੇ ਕਿਹਾ ਹੈ ਕਿ ਸਰਕਾਰ ਵੱਲੋਂ ਜੇਕਰ ਜਲਦ ਬਕਾਇਆ ਜਾਰੀ ਨਾ ਕੀਤਾ ਗਿਆ ਤਾਂ ਇਲਾਜ ਫਿਰ ਤੋਂ ਬੰਦ ਕਰ ਦਿੱਤਾ ਜਾਵੇਗਾ।ਇਸ ਤੋਂ ਇਲਾਵਾ ਹਸਪਤਾਲ ਪ੍ਰਸ਼ਾਸਨ ਹਰ 15 ਦਿਨਾਂ ਬਾਅਦ ਪੰਜਾਬ ਦੇ ਮਰੀਜਾਂ ਦਾ ਰਿਵਿਊ ਕਰੇਗਾ।
ਉਧਰ ਪੰਜਾਬ ਦੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਇੱਕ ਨਿੱਜੀ ਚੈਨਲ ਨਾਲ ਗੱਲਬਾਤ ਕਰਦੇ ਹੋਏ ਦਸਿਆ ਹੈ ਕਿ ਕੁੱਝ ਹਸਪਤਾਲਾਂ ਵਿੱਚ ਆਯੂਸ਼ਮਾਨ ਸਕੀਮ ਦੇ ਭੁਗਤਾਨ ਦੇ ਲਈ ਜਾਅਲੀ ਬਿੱਲ ਬਣਾਏ ਗਏ ਹਨ,ਜਿਹਨਾਂ ਦੀ ਜਾਂਚ ਚੱਲ ਰਹੀ ਹੈ ਤੇ ਇਸ ਦੀ ਜਾਂਚ ਸਖਤੀ ਨਾਲ ਕੀਤੀ ਜਾਵੇਗੀ।ਇਸ ਤੋਂ ਇਲਾਵਾ ਉਹਨਾਂ ਸਪਸ਼ਟ ਕੀਤਾ ਹੈ ਕਿ ਪੰਜਾਬ ਦੇ ਸਾਰੇ ਹਸਪਤਾਲਾਂ ਤੇ ਪੀਜੀਆਈ ਵਿੱਚ ਆਯੂਸ਼ਮਾਨ ਸਕੀਮ ਦੇ ਤਹਿਤ ਮਰੀਜਾਂ ਦਾ ਮੁੱੜ ਇਲਾਜ ਸ਼ੁਰੂ ਕਰ ਦਿੱਤਾ ਗਿਆ ਹੈ ਤੇ ਪੰਜਾਬ ਸਰਕਾਰ ਨੇ ਸਾਰਾ ਬਕਾਇਆ ਅਦਾ ਕਰ ਦਿੱਤਾ ਹੈ।
ਪੰਜਾਬ ਸਰਕਾਰ ਵਲੋਂ ਆਯੂਸ਼ਮਾਨ ਸਕੀਮ ਦੇ ਤਹਿਤ ਹੋਣ ਵਾਲੇ ਇਲਾਜ ਦੀ ਅਦਾਇਗੀ ਨਾ ਕੀਤੇ ਜਾਣ ਤੇ ਪੀਜੀਆਈ ਤੇ ਹੋਰ ਕਈ ਪਾਸੇ ਪੰਜਾਬ ਦੇ ਮਰੀਜਾਂ ਦਾ ਇਲਾਜ ਬੰਦ ਕਰ ਦਿੱਤਾ ਗਿਆ ਸੀ ਕਿਉਂਕਿ ਪੰਜਾਬ ਸਰਕਾਰ ਨੇ ਇਹਨਾਂ ਹਸਪਤਾਲਾਂ ਦੀ ਅਦਾਇਗੀ ਨਹੀਂ ਸੀ ਕੀਤੀ।