The Khalas Tv Blog Punjab PRTC ਪਟਿਆਲਾ ਡਿੱਪੂ ਆ ਕੇ ਕੱਚੇ ਮੁਲਾਜ਼ਮਾਂ ਨੂੰ ਕੀ ਦੇ ਗਏ ਰਾਜਾ ਵੜਿੰਗ
Punjab

PRTC ਪਟਿਆਲਾ ਡਿੱਪੂ ਆ ਕੇ ਕੱਚੇ ਮੁਲਾਜ਼ਮਾਂ ਨੂੰ ਕੀ ਦੇ ਗਏ ਰਾਜਾ ਵੜਿੰਗ

‘ਦ ਖ਼ਾਲਸ ਟੀਵੀ ਬਿਊਰੋ (ਜਗਜੀਵਨ ਮੀਤ):- ਸੂਬੇ ਦੇ ਟਰਾਂਸਪੋਰਟ ਮੰਤਰੀ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਅੱਜ ਸਵੇਰੇ ਪਟਿਆਲਾ ਦੇ ਪੀਆਰਟੀਸੀ ਡਿਪੂ ਦਾ ਦੌਰਾ ਕਰਕੇ ਪੀਆਰਟੀਸੀ ਅਤੇ ਪੰਜਾਬ ਰੋਡਵੇਜ਼ ਵਰਗੀਆਂ ਜਨਤਕ ਸੰਸਥਾਵਾਂ ਨੂੰ ਸਫਲ ਬਣਾਉਣ ਵਿੱਚ ਕਰਮਚਾਰੀਆਂ ਅਤੇ ਅਧਿਕਾਰੀਆਂ ਦਾ ਸਹਿਯੋਗ ਮੰਗਿਆ ਹੈ। ਰਾਜਾ ਵੜਿੰਗ ਨੇ ਬਸ ਚਾਲਕਾਂ ਅਤੇ ਕੰਡਕਟਰਾਂ ਅਤੇ ਦੂਜੇ ਸਟਾਫ ਦੇ ਨਾਲ ਗੱਲਬਾਤ ਵੀ ਕੀਤੀ ਤੇ ਕਿਹਾ ਕਿ ਰੋਡਵੇਜ ਨੂੰ ਹੋਰ ਮਜਬੂਤ ਕੀਤਾ ਜਾਵੇਗਾ। ਇਸ ਤੋਂ ਇਲਾਵਾ ਉਨ੍ਹਾਂ ਕੰਡਕਟਰ ਅਤੇ ਡਰਾਈਵਰ ਨਾਲ ਉਨ੍ਹਾਂ ਦੀਆਂ ਸਮੱਸਿਆਵਾਂ ਦਾ ਪੱਕਾ ਹੱਲ ਕਰਨ ਦਾ ਵਾਅਦਾ ਵੀ ਕੀਤਾ।

ਟਰਾਂਸਪੋਰਟ ਮੰਤਰੀ ਨੇ ਰਾਜਾ ਵੜਿੰਗ ਇਸ ਮੌਕੇ ਕਿਹਾ ਕਿ ਕੱਚੇ ਕਾਮਿਆਂ ਨੂੰ ਜਲਦੀ ਪੱਕਾ ਕੀਤਾ ਜਾਵੇਗਾ ਤੇ ਉਨ੍ਹਾਂ ਦੀ ਤਨਖਾਹ ਵਿੱਚ ਹਰ ਸਾਲ 5% ਦਾ ਵਾਧਾ ਹੋਵੇਗਾ। ਉਨ੍ਹਾਂ ਕਿਹਾ ਕਿ ਮੇਰਾ ਮਕਸਦ ਉਸ ਹਰ ਵਿਅਕਤੀ ਨੂੰ ਮਿਲਣਾ ਹੈ ਜੋ ਚਾਹੇ ਬਸ ਚਾਲਕ ਹੈ, ਕੰਡਕਟਰ ਹੈ ਜਾਂ ਵਰਕਸ਼ਾਪ ਦੇ ਵਿਚ ਕੰਮ ਕਰਦਾ ਹੈ। ਸਾਰਿਆਂ ਦੀਆਂ ਮੁਸ਼ਕਲਾਂ ਨੂੰ ਸੁਣ ਕੇ ਉਨ੍ਹਾਂ ਦਾ ਹੱਲ ਕੀਤਾ ਜਾਵੇ।

ਇਸ ਮੌਕੇ ਰਾਜਾ ਵੜਿੰਗ ਦੇ ਵੱਲੋਂ ਮੰਤਰੀ ਬਣਨ ਮਗਰੋਂ ਪੀਆਰਟੀਸੀ ਦੇ ਖਾਤੇ ਵਿਚ ਹੋਏ ਵੀਹ ਲੱਖ ਦੇ ਇਜ਼ਾਫੇ ਬਾਰੇ ਉਨ੍ਹਾਂ ਕਿਹਾ ਕਿ ਮੇਰਾ ਕੰਮ ਕਰਨ ਦਾ ਤਰੀਕਾ ਵੱਖਰਾ ਹੈ। ਉਨ੍ਹਾਂ ਕਿਹਾ ਕਿ ਸਾਡਾ ਨਿੱਜੀ ਬੱਸ ਮਾਲਕਾਂ ਨਾਲ ਕੋਈ ਵਿਰੋਧ ਨਹੀਂ ਹੈ, ਜੋ ਟੈਕਸ ਨਹੀਂ ਭਰਦੇ, ਅਸੀਂ ਸਿਰਫ਼ ਉਨ੍ਹਾਂ ਬੱਸਾਂ ਦੇ ਖਿਲਾਫ ਕਾਰਵਾਈ ਕਰ ਰਹੇ ਹਾਂ ਅਤੇ ਕਰਦੇ ਰਹਾਂਗੇ। ਉਨ੍ਹਾਂ ਕਿਹਾ ਕਿ ਨਿੱਜੀ ਬੱਸ ਅਪਰੇਟਰਾਂ ਦੇ ਖ਼ਿਲਾਫ਼ ਕੋਈ ਬਦਲੇ ਦੀ ਭਾਵਨਾ ਨਾਲ ਕਾਰਵਾਈ ਨਹੀਂ ਹੋਵੇਗੀ ਪਰ ਗੈਰਕਾਨੂੰਨੀ ਕਿਸੇ ਵੀ ਬੱਸ ਨੂੰ ਸੜਕ ਉਪਰ ਨਹੀਂ ਚੱਲਣ ਦਿੱਤਾ ਜਾਵੇਗਾ।

Exit mobile version