Punjab

ਅੰਮ੍ਰਿਤਸਰ ਵਿੱਚ ਟਰਾਂਸਪੋਰਟ ਇੰਚਾਰਜ ਦੀ ਗੋਲੀ ਮਾਰ ਕੇ ਹੱਤਿਆ: ਬੰਬੀਹਾ ਗੈਂਗ ਨੇ ਲਈ ਜ਼ਿੰਮੇਵਾਰੀ

ਅੰਮ੍ਰਿਤਸਰ ਦੇ ਆਈਐਸਬੀਟੀ ਬੱਸ ਅੱਡੇ ‘ਤੇ ਮੰਗਲਵਾਰ ਸਵੇਰੇ ਤਿੱਖੀ ਗੋਲੀਬਾਰੀ ਹੋਈ। ਪੰਜਾਬ ਰੋਡਵੇਜ਼ ਦੇ ਟਰਾਂਸਪੋਰਟ ਇੰਚਾਰਜ ਮੱਖਣ ਸਿੰਘ ਦੀ ਮੌਕੇ ‘ਤੇ ਹੀ ਮੌਤ ਹੋ ਗਈ ਜਦਕਿ ਇੱਕ ਹੋਰ ਕਰਮਚਾਰੀ ਨੂੰ ਚਾਰ ਗੋਲੀਆਂ ਲੱਗੀਆਂ। ਗੋਲੀਬਾਰੀ ਬੱਸਾਂ ਦੀ ਲਾਈਨ (ਯਾਤਰੀ ਚੁੱਕਣ ਦੀ ਵਾਰੀ) ਨੂੰ ਲੈ ਕੇ ਝਗੜੇ ਤੋਂ ਬਾਅਦ ਹੋਈ। ਹਮਲਾਵਰ ਮੌਕੇ ਤੋਂ ਫਰਾਰ ਹੋ ਗਿਆ। ਪੁਲਿਸ ਨੇ 6 ਖੋਲ ਬਰਾਮਦ ਕੀਤੇ ਅਤੇ ਸੀਸੀਟੀਵੀ ਫੁਟੇਜ ਦੀ ਜਾਂਚ ਸ਼ੁਰੂ ਕਰ ਦਿੱਤੀ।

ਕੁਝ ਘੰਟਿਆਂ ਬਾਅਦ ਹੀ ਡੇਵਿਡ ਬੰਬੀਹਾ ਗਿਰੋਹ ਨੇ ਸੋਸ਼ਲ ਮੀਡੀਆ ‘ਤੇ ਪੋਸਟ ਪਾ ਕੇ ਮੱਖਣ ਦੇ ਕਤਲ ਦੀ ਪੂਰੀ ਜ਼ਿੰਮੇਵਾਰੀ ਲੈ ਲਈ। ਡੋਨੀ ਬੱਲ, ਅਮਰ ਖਾਬੇ, ਪ੍ਰਭ ਦਾਸੂਵਾਲ, ਮੁਹੱਬਤ ਰੰਧਾਵਾ ਅਤੇ ਕੌਸ਼ਲ ਚੌਧਰੀ ਨੇ ਦਾਅਵਾ ਕੀਤਾ ਕਿ ਮਰਹੂਮ ਮੱਖਣ “ਐਂਟੀ ਜੱਗੂ” (ਜੱਗੂ ਭਗਵਾਨਪੁਰੀਆ ਵਿਰੋਧੀ) ਗੈਂਗ ਦਾ ਕਰੀਬੀ ਸੀ ਅਤੇ ਸਿੱਧੂ ਮੂਸੇਵਾਲਾ ਕਤਲ ਕੇਸ ਵਿੱਚ ਮਨਦੀਪ ਤੂਫਾਨ ਤੇ ਮਨੀ ਬੁਲਾਰੇ ਨੂੰ ਪਨਾਹ ਅਤੇ ਹਥਿਆਰ ਮੁਹੱਈਆ ਕਰਵਾਏ ਸਨ।

ਗੈਂਗ ਨੇ ਇਸ ਨੂੰ ਆਪਣੇ “ਬਹਾਦਰ ਧਰਮੇ” ਅਤੇ ਸਿੱਧੂ ਮੂਸੇਵਾਲਾ ਦੀ ਹੱਤਿਆ ਦਾ ਬਦਲਾ ਦੱਸਿਆ। ਪੋਸਟ ਵਿੱਚ ਖੁੱਲ੍ਹੀ ਧਮਕੀ ਦਿੱਤੀ ਗਈ ਕਿ “ਹੁਣ ਬਚੇ ਹੋਏ ਲੋਕਾਂ ਦੀ ਵਾਰੀ ਹੈ” ਅਤੇ ਜੱਗੂ ਭਗਵਾਨਪੁਰੀਆ ਗੈਂਗ ਨਾਲ ਜੁੜੇ ਹਰ ਵਿਅਕਤੀ ਦਾ “ਪੂਰਾ ਹਿਸਾਬ” ਕੀਤਾ ਜਾਵੇਗਾ।

ਪੋਸਟ ਵਿੱਚ ਗੋਲੀ ਘਨਸ਼ਿਆਮਪੁਰੀਆ, ਦਵਿੰਦਰ ਬੰਬੀਹਾ, ਮਾਨ ਘਨਸ਼ਿਆਮਪੁਰੀਆ, ਪਵਨ ਸ਼ਕੀਨ, ਆਜ਼ਾਦ ਬੰਬੀਹਾ, ਅਫਰੀਦੀ ਟਾਟ, ਮਨਜੋਤ ਸਿੱਧੂ ਐਚਆਰ ਤੇ ਰਾਣਾ ਕੰਦੋਵਾਲੀਆ ਸਮੇਤ ਕਈ ਨਾਵਾਂ ਦਾ ਜ਼ਿਕਰ ਕੀਤਾ ਗਿਆ। ਪੁਲਿਸ ਨੇ ਮਾਮਲੇ ਨੂੰ ਉੱਚ ਪੱਧਰੀ ਜਾਂਚ ਅਧੀਨ ਲੈ ਲਿਆ ਹੈ ਅਤੇ ਫਰਾਰ ਮੁਲਜ਼ਮ ਦੀ ਭਾਲ ਤੇਜ਼ ਕਰ ਦਿੱਤੀ ਹੈ।