‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਦੁਨੀਆ ਦੀ ਜਾਣੀ-ਮਾਣੀ ਸੰਸਥਾ ਟ੍ਰਾਂਸਪੇਰੈਂਸੀ ਇੰਟਰਨੈਸ਼ਨਲ ਨੇ ਅੱਜ ‘ਕਰੱਪਸ਼ਨ ਪਰਸੈਪਸ਼ਨ ਇੰਡੈਕਸ’ (CPI) ਜਾਰੀ ਕੀਤੀ ਹੈ। ਇਸ ਸਰਵੇ ਵਿੱਚ ਦੁਨੀਆ ਦੇ 180 ਦੇਸ਼ਾਂ ਵਿੱਚ ਭ੍ਰਿਸ਼ਟਾਚਾਰ ਦੇ ਪੱਧਰ ਨੂੰ ਦੱਸਿਆ ਗਿਆ ਹੈ। ਟ੍ਰਾਂਸਪੇਰੈਂਸੀ ਇੰਟਰਨੈਸ਼ਨਲ ਨੇ ਆਪਣੀ ਰਿਪੋਰਟ ਨੂੰ ਜਾਰੀ ਕਰਦਿਆਂ ਸਰਕਾਰਾਂ ਨੂੰ ਸੰਬੋਧਿਤ ਕਰਦਿਆਂ ਟਵੀਟ ਕਰਕੇ ਆਪਣੀ ਗੱਲ ਕਹੀ ਹੈ।
ਸੰਸਥਾ ਨੇ ਲਿਖਿਆ ਹੈ ਕਿ ਮੀਡੀਆ ਸੰਸਥਾਵਾਂ ਅਤੇ ਐੱਨਜੀਓ ਨੂੰ ਬੰਦ ਕਰਨ, ਮਨੁੱਖੀ ਅਧਿਕਾਰਾਂ ਦੇ ਲਈ ਲੜਨ ਅਤੇ ਗਲਤ ਕੰਮਾਂ ਦਾ ਵਿਰੋਧ ਕਰਨ ਵਾਲਿਆਂ ਦੀ ਹੱ ਤਿਆ ਕਰਨ, ਨੇਤਾਵਾਂ ਅਤੇ ਪੱਤਰਕਾਰਾਂ ਦੀ ਜਾਸੂਸੀ ਕਰਨ ਨਾਲ ਤੁਹਾਡੇ ਦੇਸ਼ ਦਾ ਕਰੱਪਸ਼ਨ ਪਰਸੈਪਸ਼ਨ ਇੰਡੈਕਸ ਨਹੀਂ ਸੁਧਰਨ ਵਾਲਾ। ਇਸਦੇ ਲਈ ਤੁਹਾਨੂੰ ਉਲਟਾ ਚੱਲਣਾ ਹੋਵੇਗਾ।
ਭਾਰਤ ਸਰਕਾਰ ‘ਤੇ ਵੀ ਮੀਡੀਆ ਅਤੇ ਐੱਨਜੀਓ ‘ਤੇ ਲਗਾਮ ਲਗਾਉਣ ਅਤੇ ਪੱਤਰਕਾਰਾਂ ਸਮੇਤ ਕਈ ਹਸਤੀਆਂ ਦੀ ਜਾਸੂਸੀ ਦੇ ਦੋਸ਼ ਆਏ ਦਿਨ ਲੱਗਦੇ ਰਹਿੰਦੇ ਹਨ। ਇਸ ਸਾਲ ਜਾਰੀ ਸੂਚੀ ਵਿੱਚ ਭਾਰਤ ਦੀ ਰੈਂਕਿੰਗ ਇੱਕ ਸਥਾਨ ਸੁਧਾਰ ਕੇ 180 ਦੇਸ਼ਾਂ ਵਿੱਚ 85 ਹੋ ਗਈ ਹੈ। ਹਾਲਾਂਕਿ, 100 ਅੰਕਾਂ ਦੇ ਪੈਮਾਨੇ ‘ਤੇ ਦਿੱਤੇ ਜਾਣ ਵਾਲੇ ਸਕੋਰ ਵਿੱਚ ਕੋਈ ਬਦਲਾਅ ਨਹੀਂ ਹੋਇਆ ਹੈ। ਭਾਰਤ ਦੇ ਅੰਕ ਪਹਿਲਾਂ ਦੀ ਤਰ੍ਹਾਂ ਹੀ 40 ਹਨ।
ਭਾਰਤ ਦੇ ਗੁਆਂਢੀ ਦੇਸ਼ ਪਾਕਿਸਤਾਨ ਦਾ ਪ੍ਰਦਰਸ਼ਨ ਸੁਧਰਨ ਦੀ ਬਜਾਏ ਹੋਰ ਖਰਾਬ ਹੋਇਆ ਹੈ। ਇਸਦੀ ਰੈਂਕਿੰਗ ਲਿਸਟ ਵਿੱਚ 124 ਥਾਂ ਤੋਂ ਡਿੱਗ ਕੇ ਹੁਣ 140 ਹੋ ਗਈ ਹੈ। ਇਸ ਸਾਲ ਦੀ ਲਿਸਟ ਵਿੱਚ ਦੁਨੀਆ ਵਿੱਚ ਸਭ ਤੋਂ ਵਧੀਆ ਪ੍ਰਦਰਸ਼ਨ ਡੈਨਮਾਰਕ ਦਾ ਰਿਹਾ ਹੈ। ਡੈਨਮਾਰਕ ਇੱਕ ਨੰਬਰ ‘ਤੇ ਰਿਹਾ ਹੈ। ਦੂਸਰੇ ਨੰਬਰ ‘ਤੇ ਫਿਨਰਲੈਂਡ, ਤੀਜੇ ਨੰਬਰ ‘ਤੇ ਨਿਊਜ਼ੀਲੈਂਡ, ਚੌਥੇ ਨੰਬਰ ‘ਤੇ ਨਾਰਵੇ ਅਤੇ ਪੰਜਵੇਂ ਨੰਬਰ ‘ਤੇ ਸਿੰਘਾਪੁਰ ਹੈ। ਸਭ ਤੋਂ ਖਰਾਬ ਹਾਲ ਦੱਖਣੀ ਸੂਡਾਨ ਦਾ ਰਿਹਾ ਹੈ ਅਤੇ ਉਸਨੂੰ 180 ਨੰਬਰ ‘ਤੇ ਰੱਖਿਆ ਗਿਆ ਹੈ। ਉਸ ਤੋਂ ਪਹਿਲਾਂ ਸੀਰੀਆ, ਸੋਮਾਲੀਆ, ਵੇਨੇਜੁਏਲਾ ਅਤੇ ਯਮਨ ਦਾ ਨੰਬਰ ਆਉਂਦਾ ਹੈ।
ਸੰਸਥਾ ਨੇ ਕਿਹਾ ਹੈ ਕਿ ਦੁਨੀਆ ਵਿੱਚ ਭ੍ਰਿਸ਼ਟਾਚਾਰ ਕਰੋਨਾ ਕਾਲ ਤੋਂ ਪਹਿਲਾਂ ਵਰਗਾ ਹੀ ਹੈ ਅਤੇ ਬੀਤੇ ਦੋ ਸਾਲਾਂ ਵਿੱਚ ਇਸ ਵਿੱਚ ਕੋਈ ਬਦਲਾਅ ਨਹੀਂ ਹੋਇਆ ਹੈ। ਇਸ ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਸਾਰੇ ਵਾਅਦਿਆਂ ਦੇ ਬਾਵਜੂਦ ਦੁਨੀਆ ਦੇ 131 ਦੇਸ਼ਾਂ ਨੇ ਪਿਛਲੇ ਇੱਕ ਦਹਾਕੇ ਵਿੱਚ ਭ੍ਰਿਸ਼ਟਾਚਾਰ ਨਾਲ ਨਿਪਟਣ ਦੀ ਦਿਸ਼ਾ ਵਿੱਚ ਕੋਈ ਖ਼ਾਸ ਤਰੱਕੀ ਨਹੀਂ ਕੀਤੀ ਹੈ। ਸੰਸਥਾ ਨੇ ਦੁਨੀਆ ਵਿੱਚ ਮਨੁੱਖੀ ਅਧਿਕਾਰਾਂ ਅਤੇ ਲੋਕਤੰਤਰ ਨੂੰ ਖ਼ਤਰੇ ਵਿੱਚ ਦੱਸਿਆ ਹੈ। ਇਸ ਰਿਪੋਰਟ ਅਨੁਸਾਰ ਦੁਨੀਆ ਦੇ ਦੋ ਤਿਹਾਈ ਦੇਸ਼ਾਂ ਨੂੰ 50 ਫ਼ੀਸਦੀ ਤੋਂ ਵੀ ਘੱਟ ਅੰਕ ਮਿਲੇ ਹਨ।