India Punjab

ਕਿਸਾਨਾਂ ਦਾ ਰੱਤ ਵਹਾਉਣ ਵਾਲੇ ਐੱਸਡੀਐੱਮ ਦਾ ਤਬਾਦਲਾ

‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਕਰਨਾਲ ਦੇ ਐੱਸਡੀਐੱਮ ਆਯੂਸ਼ ਸਿਨਹਾ ਦਾ ਤਬਾਦਲਾ ਹੋ ਗਿਆ ਹੈ। ਹਰਿਆਣਾ ਸਰਕਾਰ ਨੇ ਤਬਾਦਲੇ ਦਾ ਆਦੇਸ਼ ਜਾਰੀ ਕਰ ਦਿੱਤਾ ਹੈ। ਆਯੂਸ਼ ਸਿਨਹਾ ਸਮੇਤ 19 ਆਈਏਐੱਸ ਅਫ਼ਸਰਾਂ ਅਤੇ ਇੱਕ ਐੱਚਸੀਐੱਸ ਅਫ਼ਸਰ ਦਾ ਵੀ ਤਬਾਦਲਾ ਕੀਤਾ ਗਿਆ ਹੈ।

ਸਿਨਹਾ ਨੇ ਕਰਨਾਲ ਵਿੱਚ ਪੁਲਿਸ ਨੂੰ ਕਿਸਾਨਾਂ ਦੇ ਸਿਰਾਂ ‘ਤੇ ਲਾਠੀਚਾਰਜ ਕਰਨ ਦਾ ਹੁਕਮ ਦਿੱਤਾ ਸੀ। ਦਰਅਸਲ, ਕਿਸਾਨ ਕਰਨਾਲ ਵਿੱਚ ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਦੀ ਮੀਟਿੰਗ ਦਾ ਵਿਰੋਧ ਕਰਨ ਲਈ ਬਸਤਾੜਾ ਟੋਲ ਪਲਾਜ਼ਾ ‘ਤੇ ਇਕੱਠੇ ਹੋ ਕੇ ਵਿਰੋਧ ਪ੍ਰਦਰਸ਼ਨ ਕਰ ਰਹੇ ਸਨ ਅਤੇ ਐੱਸਡੀਐੱਮ ਦੇ ਹੁਕਮਾਂ ‘ਤੇ ਪੁਲਿਸ ਨੇ ਕਿਸਾਨਾਂ ‘ਤੇ ਬੇਰਹਿਮੀ ਦੇ ਨਾਲ ਲਾਠੀਚਾਰਜ ਕੀਤਾ। ਇਸ ਲਾਠੀਚਾਰਜ ਦੌਰਾਨ ਬਹੁਤ ਸਾਰੇ ਕਿਸਾਨ ਗੰਭੀਰ ਜ਼ਖ਼ਮੀ ਹੋ ਗਏ ਅਤੇ ਇੱਕ ਕਿਸਾਨ ਦੀ ਇਲਾਜ ਦੌਰਾਨ ਮੌਤ ਵੀ ਹੋ ਗਈ ਹੈ। ਮ੍ਰਿਤਕ ਕਿਸਾਨ ਦੀ ਮੌਤ ਸਿਰ ਅਤੇ ਸਰੀਰ ‘ਤੇ ਗੰਭੀਰ ਸੱਟਾਂ ਲੱਗਣ ਕਾਰਨ ਹੋਈ ਦੱਸੀ ਜਾ ਰਹੀ ਹੈ। ਕਿਸਾਨ ਲੀਡਰਾਂ ਸਮੇਤ ਸਿਆਸੀ ਆਗੂਆਂ ਵੱਲੋਂ ਹਰਿਆਣਾ ਸਰਕਾਰ ਨੂੰ ਉਕਤ ਐੱਸਡੀਐੱਮ ਖ਼ਿਲਾਫ਼ ਕਾਰਵਾਈ ਕਰਨ ਦੀ ਮੰਗ ਕੀਤੀ ਜਾ ਰਹੀ ਸੀ। ਹੁਣ ਵੇਖਣਾ ਹੋਵੇਗਾ ਕਿ ਕੀ ਕਿਸਾਨ ਐੱਸਡੀਐੱਮ ਦੇ ਤਬਾਦਲਾ ਕਰਨ ਨਾਲ ਸੰਤੁਸ਼ਟ ਹੋਣਗੇ ਜਾਂ ਫਿਰ ਉਸ ਖ਼ਿਲਾਫ਼ ਕੋਈ ਹੋਰ ਐਕਸ਼ਨ ਲੈਣ ਦੀ ਤਿਆਰੀ ਕਰਨਗੇ।