‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਪੰਜਾਬ ਸਰਕਾਰ ਵੱਲੋਂ ਭਰੋਸਾ ਮਿਲਣ ਤੋਂ ਬਾਅਦ ਰੇਲ ਰੋਕੋ ਸੰਘਰਸ਼ 20 ਅਕਤੂਬਰ ਤੱਕ ਮੁਲਤਵੀ ਕੀਤਾ ਗਿਆ ਹੈ। ਕੱਲ੍ਹ ਡਿਪਟੀ ਮੁੱਖ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਅਤੇ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੀ ਚੰਡੀਗੜ੍ਹ ਵਿੱਚ ਬੈਠਕ ਹੋਈ ਸੀ।
ਰੰਧਾਵਾ ਨੇ ਜਥੇਬੰਦੀ ਨੂੰ ਅਪੀਲ ਕੀਤੀ ਸੀ ਕਿ ਉਹ ਪੰਜਾਬ ਸਰਕਾਰ ਨੂੰ 20 ਦਿਨ ਦਾ ਸਮਾਂ ਦੇਣ, ਜਥੇਬੰਦੀ ਦੇ ਸਾਰੇ ਮਸਲੇ ਹੱਲ ਕੀਤੇ ਜਾਣਗੇ। ਰੰਧਾਵਾ ਦੀ ਅਪੀਲ ਨੂੰ ਮੰਨਦਿਆਂ ਕਿਸਾਨਾਂ ਨੇ ਆਪਣਾ ਪ੍ਰਸਤਾਵਿਤ ਰੇਲ ਰੋਕੋ ਅੰਦੋਲਨ ਇੱਕ ਮਹੀਨੇ ਲਈ ਮੁਲਤਵੀ ਕਰ ਦਿੱਤਾ ਹੈ। ਜਥੇਬੰਦੀ 20 ਅਕਤੂਬਰ ਤੋਂ ਬਾਅਦ ਸੂਬਾ ਕੋਰ ਕਮੇਟੀ ਦੀ ਮੀਟਿੰਗ ਕਰਕੇ ਅਗਲੇ ਸੰਘਰਸ਼ ਦੀ ਰੂਪ ਰੇਖਾ ਉਲੀਕੇਗੀ।
ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਸੂਬਾ ਜਨਰਲ ਸਕੱਤਰ ਸਰਵਣ ਸਿੰਘ ਪੰਧੇਰ ਨੇ ਜਾਣਕਾਰੀ ਦਿੰਦਿਆਂ ਕਿਹਾ ਕਿ ਇਸ ਅੰਦੋਲਨ ਦੇ ਦਬਾਅ ਹੇਠ ਚੰਨੀ ਸਰਕਾਰ ਨੂੰ 1200 ਕਰੋੜ ਦੀ ਬਿਜਲੀ ਬਕਾਇਆ ਮੁਆਫੀ ਕਰਨੀ ਪਈ ਹੈ, ਮਜ਼ਦੂਰਾਂ ਦੀ ਲੋਡ ਦੀ ਸ਼ਰਤ ਵੀ 2 ਕਿਲੋਵਾਟ ਕੀਤੀ ਗਈ ਹੈ, ਦਿੱਲੀ ਤੇ ਪੰਜਾਬ ਦੇ ਸ਼ਹੀਦਾਂ ਨੂੰ ਤੁਰੰਤ ਨੌਕਰੀਆਂ ਦੇਣ ਦਾ ਫੈਸਲਾ ਕੀਤਾ ਗਿਆ ਹੈ, ਪੰਜਾਬ ਦੇ ਕਿਸਾਨਾਂ, ਮਜ਼ਦੂਰਾਂ ਉੱਤੇ ਅੰਦੋਲਨ ਦੌਰਾਨ ਪਾਏ 105 ਕੇਸ, ਜਿਨ੍ਹਾਂ ਵਿੱਚੋ 65 ਵਾਪਸ ਲੈ ਲਏ ਗਏ ਹਨ ਤੇ ਬਾਕੀ 1 ਹਫਤੇ ਵਿੱਚ ਵਾਪਸ ਲੈਣ ਦਾ ਫੈਸਲਾ ਕੀਤਾ ਗਿਆ ਹੈ, ਏ.ਪੀ.ਐੱਮ.ਸੀ. ਐਕਟ ਨੂੰ ਰੱਦ ਕਰਨ ਲਈ ਇੱਕ ਕਮੇਟੀ ਬਣਾਈ ਗਈ ਹੈ, ਜੋ ਸਾਰੀਆਂ ਜਥੇਬੰਦੀਆਂ ਨਾਲ ਮੀਟਿੰਗ ਕਰਕੇ ਕੀਤੀਆਂ ਸੋਧਾਂ ਨੂੰ ਵਾਪਸ ਲਵੇਗੀ।