ਬਿਉਰੋ ਰਿਪੋਰਟ – ਕਿਸਾਨਾਂ ਮੰਗਾਂ ਨੂੰ ਲੈ ਕੇ ਸ਼ੰਭੂ ਅਤੇ ਖਨੌਰੀ ਬਾਰਡਰ ‘ਤੇ ਜਗਜੀਤ ਸਿੰਘ ਡੱਲੇਵਾਲ (Jagjeet Singh Dallewal) ਅਤੇ ਸਰਵਨ ਸਿੰਘ ਪੰਧੇਰ (Sarwan Singh Pandher) ਦਾ ਗਰੁੱਪ ਹੀ ਲੜਾਈ ਲੜ ਰਿਹਾ ਹੈ ਅਤੇ ਹੁਣ ਦੇਵੋਂ ਫੋਰਮਾਂ ਵੱਲੋਂ ਹੋਰ ਕਿਸਾਨ ਜਥੇਬੰਦੀਆਂ ਨੂੰ ਵੀ ਸਾਰੇ ਗਿਲੇ ਸ਼ਿਕਵੇ ਭੁਲਾ ਕੇ ਸਾਂਝੀ ਲੜਾਈ ਲੜਨ ਦਾ ਸੱਦਾ ਦਿੱਤਾ ਹੈ। ਪੰਧੇਰ ਨੇ ਇਸ ਸਬੰਧੀ ਸਾਰੀਆਂ ਜਥੇਬੰਦੀਆਂ ਨੂੰ ਚਿੱਠੀ ਲਿਖ ਕੇ ਇਕ ਹੋਣ ਦੀ ਅਪੀਲ ਕੀਤੀ ਹੈ। ਉਨ੍ਹਾਂ ਕਿਹਾ ਕਿ ਕਿਸਾਨੀ ਮੰਗਾਂ ਨੂੰ ਲੈ ਕੇ ਸਭ ਨੂੰ ਇਕ ਹੋਣਾ ਚਾਹੀਦਾ ਹੈ। ਇਸ ਦੇ ਨਾਲ ਹੀ ਪੰਧੇਰ ਨੇ ਉਮੀਦ ਜਤਾਈ ਕਿ ਸਾਡੀ ਇਸ ਅਪੀਲ ਵੱਲ ਸਭ ਗੌਰ ਕਰਨਗੇ। ਇਸ ਦੇ ਨਾਲ ਹੀ ਹੋਰ ਕਿਸਾਨ ਲੀਡਰ ਫੂਲ ਨੇ ਸਲਫਾਸ ਖਾਣ ਵਾਲੇ ਕਿਸਾਨ ਬਾਰੇ ਜਾਣਕਾਰੀ ਦਿੰਦੇ ਕਿਹਾ ਕਿ ਉਸ ਕਿਸਾਨ ਰਣਜੋਧ ਸਿੰਘ ਪਿੰਡ ਰਤਨਹੇੜੀ ਤਹਿਸੀਲ ਖੰਨਾ ਜ਼ਿਲ੍ਹਾ ਲੁਧਿਆਣਾ ਦਾ ਰਹਿਣਾ ਵਾਲਾ ਹੈ। ਉਸ ਨੇ ਖੁਦਕੁਸ਼ੀ ਕਰਨ ਦਾ ਕਾਰਨ ਦੱਸਿਆ ਕਿ ਉਸ ਨੇ ਪਹਿਲਾਂ ਹੀ ਤੈਅ ਕਰ ਲਿਆ ਸੀ ਕਿ ਜੇਕਰ ਹਰਿਆਣਾ ਸਰਕਾਰ ਨੇ ਉਸ ਨੂੰ ਜਥੇ ਨਾਲ 14 ਦਸੰਬਰ ਦਿੱਲੀ ਨਹੀਂ ਜਾਣ ਦਿੱਤਾ ਤਾਂ ਉਹ ਮੋਰਚੇ ‘ਤੇ ਹਰਿਆਣਾ ਪੁਲਿਸ ਦੇ ਸਾਹਮਣੇ ਸਲਫਾਸ ਖਾ ਕੇ ਆਪਣੀ ਜਾਨ ਦੇਵੇਗਾ। ਉਹ ਰੋਜ਼ਾਨਾ ਜਗਜੀਤ ਸਿੰਘ ਡੱਲੇਵਾਲ ਨੂੰ ਮਰਦਾ ਦੇਖ ਰਿਹਾ ਹੈ ਅਤੇ ਕਿਸਾਨਾਂ ‘ਤੇ ਤਸੱਦਦ ਹੁੰਦਾ ਦੇਖ ਰਿਹਾ ਹੈ, ਜਿਸ ਤੋਂ ਤੰਗ ਆ ਕੇ ਇਹ ਕਦਮ ਚੁੱਕਿਆ ਹੈ। ਸਰਵਨ ਸਿੰਘ ਪੰਧੇਰ ਨੇ ਦੱਸਿਆ ਕਿ ਕਿਸਾਨ ਨੇ ਬਕਾਇਦਾ ਤੌਰ ‘ਤੇ ਆਪਣੀ ਮੌਤ ਦਾ ਅਸਟਾਮ ਤਿਆਰ ਕਰਵਾਇਆ ਹੈ ਅਤੇ ਉਹ ਪਹਿਲੇ ਕਿਸਾਨ ਅੰਦੋਲਨ ਵਿਚ ਵੀ ਐਕਟਿਵ ਸੀ ਅਤੇ ਹੁਣ ਵੀ ਮੋਰਚਾ ਸ਼ੁਰੂ ਹੋਣ ਤੋਂ ਲੈ ਕੇ ਹੁਣ ਤੱਕ ਪੂਰੀ ਸੇਵਾ ਕਰ ਰਿਹਾ ਹੈ
ਪੰਧੇਰ ਨੇ ਕਿਹਾ ਕਿ ਜੇਕਰ ਸਰਕਾਰ ਚਾਹੁੰਦੀ ਹੈ ਕਿ ਸਭ ਕੁਝ ਸਹੀ ਰਹੇ ਤਾਂ ਸਰਕਾਰ ਨੂੰ ਕਿਸਾਨਾਂ ਦੀਆਂ ਮੰਗਾਂ ਮੰਨ ਲੈਣੀਆਂ ਚਾਹੀਦੀਆਂ ਹਨ ਅਤੇ ਇਸ ਨਾਲ ਹੀ ਗੱਲ ਅੱਗੇ ਵਧੇਗੀ। ਪਰ ਦੁੱਖ ਦੀ ਗੱਲ ਹੈ ਕਿ ਸਰਕਾਰ ਅਤੇ ਵਿਰੋਧੀ ਧਿਰ ਦੋਵੇਂ ਰਲ ਕੇ ਗੇਮ ਖੇਡ ਰਹੇ ਹਨ। ਪੰਧੇਰ ਨੇ ਪੰਜਾਬ ਸਰਕਾਰ ‘ਤੇ ਤੰਜ ਕੱਸ਼ਦਿਆਂ ਕਿਹਾ ਕਿ ਜਦੋਂ ਵੀ ਕੋਈ ਗੱਲ਼ ਹੁੰਦੀ ਹੈ ਤਾਂ ਇਹ ਸਾਰੇ 94 ਵਿਧਾਇਕ ਦਿੱਲੀ ਜਾ ਕੇ ਧਰਨੇ ਦਿੰਦੇ ਹਨ ਪਰ ਖੇਤੀ ਸੰਕਟ ਛਾਇਆ ਹੈ ਅਤੇ 47 ਦੇ ਕਰੀਬ ਕਿਸਾਨ ਜਖਮੀ ਹੋਏ ਹਨ ਪਰ ਪੰਜਾਬ ਸਰਕਾਰ ਵੱਲੋਂ ਕੋਈ ਵੀ ਅਵਾਜ਼ ਨਹੀਂ ਚੁੱਕੀ ਗਈ ਹੈ। ਪੰਧੇਰ ਨੇ ਅਪੀਲ ਕਰਦਿਆਂ ਕਿਹਾ ਕਿ 18 ਦਸੰਬਰ ਨੂੰ ਰਲ ਕੇ ਰੇਲ ਰੋਕਣ ਦੇ ਫੈਸਲੇ ਨੂੰ ਸਫਲ ਬਣਾਓ। ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਸ਼ੰਭੂ ਬਾਰਡਰ ‘ਤੇ ਵੀ 12 ਤੋਂ 3 ਵਜੇ ਤੱਕ ਰੇਲ ਰੋਕੀ ਜਾਵੇਗੀ।
ਇਹ ਵੀ ਪੜ੍ਹੋ – ਅੰਮ੍ਰਿਤਸਰ ਪੁਲਿਸ ਨੇ ਕਰੋੜਾਂ ਦੀ ਹੈਰੋਇਨ ਸਮੇਤ 8 ਤਸਕਰਾਂ ਨੂੰ ਕੀਤਾ ਗ੍ਰਿਫ਼ਤਾਰ