Punjab

ਪਟਿਆਲਾ ਦੇ ਕਮਾਂਡੋ ਕੰਪਲੈਕਸ ‘ਚ ਟਰੇਨਿੰਗ ਕਮਾਂਡੋ ਨਾਲ ਹੋਇਆ ਇਹ ਕੁਝ, ਇੱਕ ਮਹੀਨਾ ਪਹਿਲਾਂ ਹੀ ਆਇਆ ਸੀ ਟ੍ਰੇਨਿੰਗ ‘ਤੇ

Trainee commando killed in firing at Bahadurgarh training center

ਪਟਿਆਲਾ ਦੇ ਬਹਾਦਰਗੜ੍ਹ ਸਥਿਤ ਕਮਾਂਡੋ ਕੰਪਲੈਕਸ ਵਿੱਚ ਅਭਿਆਸ ਦੌਰਾਨ ਇੱਕ ਅੰਡਰ ਟਰੇਨਿੰਗ ਕਮਾਂਡੋ ਦੀ ਗੋਲੀ ਲੱਗਣ ਨਾਲ ਮੌਤ ਹੋ ਗਈ। ਮ੍ਰਿਤਕ ਮਨਜੋਤ ਸਿੰਘ ਅੰਮ੍ਰਿਤਸਰ ਦਾ ਰਹਿਣ ਵਾਲਾ ਸੀ। ਉਸ ਦੀ ਉਮਰ 28 ਸਾਲ ਦੱਸੀ ਜਾ ਰਹੀ ਹੈ। ਗੋਲੀ ਕਮਾਂਡੋ ਦੇ ਸਿਰ ਵਿੱਚ ਲੱਗੀ। ਉਸ ਨੂੰ ਗੰਭੀਰ ਹਾਲਤ ‘ਚ ਤੁਰੰਤ ਨੇੜਲੇ ਨਿੱਜੀ ਹਸਪਤਾਲ ਲਿਜਾਇਆ ਗਿਆ, ਜਿੱਥੇ ਇਲਾਜ ਦੌਰਾਨ ਉਸ ਦੀ ਮੌਤ ਹੋ ਗਈ।

ਸੂਚਨਾ ਤੋਂ ਬਾਅਦ ਥਾਣਾ ਸਦਰ ਪਟਿਆਲਾ ਅਤੇ ਚੌਕੀ ਬਹਾਦਰਗੜ੍ਹ ਦੀ ਪੁਲਸ ਮੌਕੇ ‘ਤੇ ਪਹੁੰਚ ਗਈ। ਪੁਲਿਸ ਨੇ ਲਾਸ਼ ਨੂੰ ਕਬਜ਼ੇ ਵਿੱਚ ਲੈ ਕੇ ਰਜਿੰਦਰਾ ਹਸਪਤਾਲ ਭੇਜ ਦਿੱਤਾ। ਥਾਣਾ ਬਹਾਦਰਗੜ੍ਹ ਅਤੇ ਥਾਣਾ ਸਦਰ ਦੀ ਪੁਲੀਸ ਨੇ ਮੌਕੇ ’ਤੇ ਪਹੁੰਚ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਮਨਜੋਤ ਸਿੰਘ ਸਾਲ 2020 ਵਿੱਚ ਕਾਂਸਟੇਬਲ ਵਜੋਂ ਭਰਤੀ ਹੋਇਆ ਸੀ। ਕਰੀਬ ਇੱਕ ਮਹੀਨਾ ਪਹਿਲਾਂ ਉਹ ਪਟਿਆਲਾ ਦੇ ਬਹਾਦਰਗੜ੍ਹ ਸਥਿਤ ਕਮਾਂਡੋ ਟਰੇਨਿੰਗ ਸੈਂਟਰ ਵਿੱਚ ਟਰੇਨਿੰਗ ਲੈਣ ਆਇਆ ਸੀ।

ਬਹਾਦਰਗੜ੍ਹ ਪੁਲਿਸ ਚੌਕੀ ਦੇ ਇੰਚਾਰਜ ਬਲਜਿੰਦਰ ਸਿੰਘ ਨੇ ਦੱਸਿਆ ਕਿ ਗੋਲੀ ਐਸਐਲਆਰ ਬੰਦੂਕ ਵਿੱਚੋਂ ਚੱਲੀ ਸੀ। ਫਿਲਹਾਲ ਮੁੱਢਲੀ ਜਾਂਚ ਵਿੱਚ ਸਾਹਮਣੇ ਆਇਆ ਹੈ ਕਿ ਕਮਾਂਡੋ ਮਨਜੋਤ ਐਸਐਲਆਰ ਸਾਫ਼ ਕਰ ਰਿਹਾ ਸੀ ਅਤੇ ਇਸੇ ਦੌਰਾਨ ਅਚਾਨਕ ਗੋਲੀ ਚੱਲ ਗਈ, ਜੋ ਕਮਾਂਡੋ ਦੇ ਸਿਰ ਵਿੱਚ ਸਿੱਧੀ ਜਾ ਲੱਗੀ। ਉਨ੍ਹਾਂ ਕਿਹਾ ਕਿ ਫੋਰੈਂਸਿਕ ਟੀਮ ਜਾਂਚ ਕਰ ਰਹੀ ਹੈ।