ਦੱਖਣ-ਪੱਛਮੀ ਜਰਮਨੀ ਵਿੱਚ ਇੱਕ ਯਾਤਰੀ ਰੇਲਗੱਡੀ ਪਟੜੀ ਤੋਂ ਉਤਰ ਗਈ। ਪੁਲਿਸ ਅਨੁਸਾਰ ਇਸ ਹਾਦਸੇ ਵਿੱਚ ਘੱਟੋ-ਘੱਟ ਤਿੰਨ ਲੋਕਾਂ ਦੀ ਮੌਤ ਹੋ ਗਈ ਹੈ, ਜਦੋਂ ਕਿ ਕਈ ਹੋਰ ਗੰਭੀਰ ਜ਼ਖਮੀ ਹਨ। ਟ੍ਰੇਨ ਆਪਰੇਟਰ ਡੌਸ਼ ਬਾਨ ਨੇ ਕਿਹਾ ਕਿ ਟ੍ਰੇਨ “ਅਣਜਾਣ ਕਾਰਨਾਂ” ਕਰਕੇ ਸਟੁਟਗਾਰਟ ਨੇੜੇ ਰੂਟਲਿੰਗੇਨ ਵਿੱਚ ਹਾਦਸਾਗ੍ਰਸਤ ਹੋ ਗਈ। ਸਥਾਨਕ ਰਿਪੋਰਟਾਂ ਅਨੁਸਾਰ, ਹਾਦਸੇ ਤੋਂ ਕੁਝ ਸਮਾਂ ਪਹਿਲਾਂ ਇਲਾਕੇ ਵਿੱਚ ਤੂਫ਼ਾਨ ਆਇਆ ਸੀ।
ਜਰਮਨ ਨਿਊਜ਼ ਏਜੰਸੀ ਡੀਪੀਏ ਦੇ ਅਨੁਸਾਰ, ਟ੍ਰੇਨ ਵਿੱਚ ਲਗਭਗ 100 ਯਾਤਰੀ ਸਨ। ਸਥਾਨਕ ਸਮੇਂ ਅਨੁਸਾਰ ਸ਼ਾਮ 6:10 ਵਜੇ ਜੰਗਲੀ ਖੇਤਰ ਵਿੱਚ ਰੇਲਗੱਡੀ ਦੇ ਘੱਟੋ-ਘੱਟ ਦੋ ਡੱਬੇ ਪਟੜੀ ਤੋਂ ਉਤਰ ਗਏ। ਜਰਮਨ ਚਾਂਸਲਰ ਫ੍ਰੈਡਰਿਕ ਮਰਟਜ਼ ਨੇ ਟਵਿੱਟਰ ‘ਤੇ ਪੋਸਟ ਕੀਤਾ ਕਿ ਉਹ ਹਾਦਸੇ ਦੇ ਪੀੜਤਾਂ ਲਈ ਸੋਗ ਪ੍ਰਗਟ ਕਰਦੇ ਹਨ ਅਤੇ ਉਨ੍ਹਾਂ ਦੇ ਪਰਿਵਾਰਾਂ ਪ੍ਰਤੀ ਡੂੰਘੀ ਸੰਵੇਦਨਾ ਪ੍ਰਗਟ ਕਰਦੇ ਹਨ।
ਮਰਟਜ਼ ਨੇ ਕਿਹਾ ਕਿ ਉਹ ਗ੍ਰਹਿ ਮੰਤਰੀ ਅਤੇ ਟਰਾਂਸਪੋਰਟ ਮੰਤਰੀ ਦੇ ਸੰਪਰਕ ਵਿੱਚ ਹਨ। ਉਨ੍ਹਾਂ ਨੇ ਐਮਰਜੈਂਸੀ ਸੇਵਾਵਾਂ ਪ੍ਰਦਾਨ ਕਰਨ ਲਈ ਹਰ ਜ਼ਰੂਰੀ ਮਦਦ ਦੀ ਬੇਨਤੀ ਕੀਤੀ ਹੈ।
ਘਟਨਾ ਵਾਲੀ ਥਾਂ ਤੋਂ ਸਾਹਮਣੇ ਆਈਆਂ ਤਸਵੀਰਾਂ ਵਿੱਚ ਪਲਟੀਆਂ ਹੋਈਆਂ ਰੇਲਗੱਡੀਆਂ ਦੇ ਡੱਬੇ ਅਤੇ ਵੱਡੀ ਗਿਣਤੀ ਵਿੱਚ ਐਮਰਜੈਂਸੀ ਟੀਮਾਂ ਬਚਾਅ ਕਾਰਜਾਂ ਵਿੱਚ ਰੁੱਝੀਆਂ ਦਿਖਾਈ ਦੇ ਰਹੀਆਂ ਹਨ।