‘ਦ ਖ਼ਾਲਸ ਟੀਵੀ ਬਿਊਰੋ (ਜਗਜੀਵਨ ਮੀਤ):-ਤਾਈਵਾਨ ਵਿੱਚ ਅੱਜ ਇੱਕ ਟਰੇਨ ਹਾਦਸੇ ਵਿੱਚ 48 ਲੋਕਾਂ ਦੀ ਮੌਤ ਹੋਈ ਗਈ, ਜਦੋਂਕਿ 70 ਲੋਕ ਗੰਭੀਰ ਜ਼ਖਮੀ ਹੋਏ ਹਨ। ਜਾਣਕਾਰੀ ਅਨੁਸਾਰ ਇਹ ਹਾਦਸਾ ਪੂਰਵੀ ਤਾਈਵਾਨ ਦੀ ਇੱਕ ਸੁਰੰਗ ਵਿੱਚ ਹੋਇਆ। ਮੁਰੰਮਤ ਦੇ ਕੰਮ ਵਿੱਚ ਲੱਗੇ ਇਕ ਟਰੱਕ ਦੇ ਅਚਾਨਕ ਪਟਰੀ ‘ਤੇ ਆਉਣ ਕਾਰਨ ਟਰੇਨ ਨੇ ਟਰੱਕ ਨੂੰ ਟੱਕਰ ਮਾਰ ਕੇ ਪਟਰੀ ਤੋਂ ਉਤਰ ਗਈ। ਹਾਦਸੇ ਵਾਲੀ ਥਾਂ ‘ਤੇ ਬਚਾਅ ਤੇ ਰਾਹਤ ਕਾਰਜ ਜਾਰੀ ਹਨ।

ਹਾਦਸੇ ਵਾਲੀ ਥਾਂ ‘ਤੇ ਕਰੀਬ 200 ਲੋਕ ਫਸੇ ਹੋਏ ਹਨ। ਸੁਰੰਗ ਦੇ ਅੰਦਰ ਵੀ ਚਾਰ ਰੇਲ ਕੋਚ ਫਸੇ ਹੋਏ ਹਨ। ਇਸ ਟਰੇਨ ਵਿੱਚ ਸਫਰ ਕਰਨ ਵਾਲੇ ਜ਼ਿਆਦਾਤਰ ਯਾਤਰੀ ਤਾਈਵਾਨ ਦੇ ਪ੍ਰਸਿੱਧ ਤਿਉਹਾਰ ਟਾਂਬ ਸਵੀਪਿੰਗ ਫੈਸਟੀਵਲ ਦਾ ਜਸ਼ਨ ਮਨਾਉਣ ਜਾ ਰਹੇ ਸਨ।

ਤਾਈਵਾਨ ਦੇ ਟ੍ਰਾਂਸਪੋਰਟ ਮੰਤਰਾਲੇ ਨੇ ਇਸਨੂੰ ਦੇਸ਼ ਦਾ ਸਭ ਤੋਂ ਬੁਰਾ ਰੇਲ ਹਾਦਸਾ ਦੱਸਿਆ ਹੈ। 1981 ਵਿੱਚ ਵੀ ਇਸੇ ਤਰ੍ਹਾਂ ਦਾ ਹਾਦਸਾ ਹੋਇਆ ਸੀ, ਜਿਸ ਵਿੱਚ 30 ਲੋਕਾਂ ਦੀ ਮੌਤ ਹੋਈ ਸੀ। ਇਸ ਟਰੇਨ ਵਿੱਚ ਕਰੀਬ 500 ਯਾਤਰੀ ਸਵਾਰ ਸਨ। ਹੁਣ ਤੱਕ 100 ਲੋਕਾਂ ਨੂੰ ਬਚਾਇਆ ਜਾ ਚੁੱਕਿਆ ਹੈ।