Punjab

ਨਾਬਾਲਗ ਬੱਚੇ ਨੂੰ ਗੱਡੀ ਸਿਖਾਉਂਦਿਆਂ ਵਾਪਰਿਆ ਵੱਡਾ ਹਾਦਸਾ! ਬੇਕਾਬੂ ਕਾਰ ਨੇ ਮਾਂ-ਪੁੱਤ ਦਰੜੇ, ਚਾਰ ਸਾਲਾ ਮਾਸੂਮ ਦੀ ਮੌਤ

ਗੁਰਦਾਸਪੁਰ ਤੋਂ ਬੇਹੱਦ ਦਰਦਨਾਕ ਖ਼ਬਰ ਸਾਹਮਣੇ ਆਈ ਹੈ। ਇੱਥੇ ਇੱਕ ਪਿਤਾ ਵੱਲੋਂ ਆਪਣੇ ਨਾਬਾਲਗ ਬੱਚੇ ਨੂੰ ਗੱਡੀ ਚਲਾਉਣੀ ਸਿਖਾਉਣਾ ਮਹਿੰਗਾ ਪੈ ਗਿਆ। ਇਸ ਦੌਰਾਨ ਵੱਡਾ ਹਾਦਸਾ ਵਾਪਰਿਆ ਜਿਸ ਵਿੱਚ ਇੱਕ ਮਾਂ ਤੇ ਪੁੱਤ ਹਾਦਸਾਗ੍ਰਸਤ ਹੋ ਗਏ। ਬੱਚੇ ਦੀ ਮੌਤ ਹੋ ਗਈ ਹੈ।

ਜਾਣਕਾਰੀ ਮੁਤਾਬਕ ਬਟਾਲਾ ਦੀ ਸਟਾਫ ਰੋਡ ‘ਤੇ ਬੀਤੀ ਦੇਰ ਸ਼ਾਮ ਇੱਕ ਪਿਤਾ ਆਪਣੇ ਨਾਬਾਲਿਗ ਬੱਚੇ ਨੂੰ ਗੱਡੀ ਚਲਾਉਣੀ ਸਿਖਾ ਰਿਹਾ ਸੀ। ਵਾਹਨ ਚਲਾਉਣਾ ਸਿਖਾਉਂਦੇ ਸਮੇਂ ਅਚਾਨਕ ਗੱਡੀ ਦਾ ਬੈਲੈਂਸ ਵਿਗੜ ਗਿਆ ਅਤੇ ਗੱਡੀ ਗਲ਼ੀ ਵਿੱਚ ਪੈਦਲ ਜਾ ਰਹੇ ਮਾਂ-ਪੁੱਤ ਨਾਲ ਜਾ ਟਕਰਾਈ। ਇਸ ਹਾਦਸੇ ਕਾਰਨ ਪਰਵਾਸੀ ਮਜੂਦਰ ਦੇ ਚਾਰ ਸਾਲਾ ਬੱਚੇ ਸ਼ੁਭਮ ਕੁਮਾਰ ਦੀ ਮੌਤ ਹੋ ਗਈ ਅਤੇ ਬੱਚੇ ਦੀ ਮਾਂ ਮੋਨੀ ਦੇਵੀ ਗੰਭੀਰ ਜ਼ਖਮੀ ਹੋ ਗਈ।

SHO ਯਾਦਵਿੰਦਰ ਸਿੰਘ ਨੇ ਪੁਲਿਸ ਅਧਿਕਾਰੀਆਂ ਸਮੇਤ ਮੌਕੇ ’ਤੇ ਪਹੁੰਚ ਕੇ ਸਕਾਰਪੀਓ ਗੱਡੀ ਨੂੰ ਕਬਜ਼ੇ ਵਿੱਚ ਲੈ ਲਿਆ ਹੈ ਤੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।

ਮੋਨੀ ਦੇਵੀ ਨੇ ਪੁਲਿਸ ਨੂੰ ਦੱਸਿਆ ਕਿ ਆਪਣੇ ਚਾਰ ਸਾਲਾਂ ਪੁੱਤਰ ਨਾਲ ਗਲੀ ਵਿਚੋਂ ਪੈਦਲ ਮੰਦਿਰ ਜਾ ਰਹੀ ਸੀ ਤਾਂ ਅਚਾਨਕ ਸਕਾਰਪੀਓ ਗੱਡੀ ਉਨ੍ਹਾਂ ਨਾਲ ਟਕਰਾ ਗਈ। ਗੱਡੀ ਨੂੰ ਨਾਬਾਲਗ ਬੱਚਾ ਚਲਾ ਰਿਹਾ ਸੀ ਜਿਸਨੂੰ ਉਸ ਦਾ ਪਿਤਾ ਗੱਡੀ ਚਲਾਉਣਾ ਸਿਖਾ ਰਿਹਾ ਸੀ।