ਉਤਰਾਖੰਡ ‘ਚ ਲਗਾਤਾਰ ਪੈ ਰਹੇ ਮੀਂਹ ਕਾਰਨ ਜ਼ਮੀਨ ਖਿਸਕਣ ਕਾਰਨ ਸੜਕਾਂ ਟੁੱਟ ਗਈਆਂ ਹਨ। ਇਸ ਕਾਰਨ ਆਵਾਜਾਈ ਬੁਰੀ ਤਰ੍ਹਾਂ ਪ੍ਰਭਾਵਿਤ ਹੋ ਰਹੀ ਹੈ। ਇਸ ਦੇ ਨਾਲ ਹੀ ਮੌਸਮ ਵਿਭਾਗ ਨੇ ਜਾਣਕਾਰੀ ਦਿੱਤੀ ਹੈ ਕਿ ਉੱਤਰਾਖੰਡ ਵਿੱਚ ਮੀਂਹ ਦਾ ਸਿਲਸਿਲਾ ਜਾਰੀ ਰਹੇਗਾ। ਅਜਿਹੇ ‘ਚ ਕੇਦਾਰਨਾਥ ਯਾਤਰਾ ਨੂੰ ਫਿਰ ਤੋਂ ਰੋਕਣ ਦਾ ਫੈਸਲਾ ਲਿਆ ਗਿਆ ਹੈ। ਲਗਾਤਾਰ ਖਰਾਬ ਮੌਸਮ ਕਾਰਨ ਯਾਤਰੀਆਂ ਦੀ ਸੁਰੱਖਿਆ ਦੇ ਮੱਦੇਨਜ਼ਰ ਜ਼ਿਲਾ ਪ੍ਰਸ਼ਾਸਨ ਨੇ ਕੇਦਾਰਨਾਥ ਧਾਮ ਜਾਣ ਵਾਲੇ ਯਾਤਰੀਆਂ ਨੂੰ ਸੋਨਪ੍ਰਯਾਗ ਅਤੇ ਗੌਰੀਕੁੰਡ ਵਿਖੇ ਰੋਕ ਦਿੱਤਾ ਹੈ। ਮੀਂਹ ਕਾਰਨ 4 ਰਾਜ ਮਾਰਗ ਅਤੇ 10 ਲਿੰਕ ਸੜਕਾਂ ਮਲਬੇ ਕਾਰਨ ਬੰਦ ਹਨ।
ਉੱਧਰ ਜੰਮੂ-ਕਸ਼ਮੀਰ ਦੇ ਊਧਮਪੁਰ ਜ਼ਿਲ੍ਹੇ ‘ਚ ਅੱਜ ਅਮਰਨਾਥ ਯਾਤਰੀਆਂ ਨੂੰ ਲੈ ਕੇ ਜਾ ਰਿਹਾ ਵਾਹਨ ਸੜਕ ਦੇ ਡਿਵਾਈਡਰ ਨਾਲ ਟਕਰਾਉਣ ਕਾਰਨ ਪੰਜ ਵਿਅਕਤੀਆਂ ਜ਼ਖ਼ਮੀ ਹੋ ਗਏ। ਉੱਤਰ ਪ੍ਰਦੇਸ਼ ਦੇ ਸ਼ਰਧਾਲੂ ਗੰਦਰਬਲ ਜ਼ਿਲ੍ਹੇ ਦੇ ਬਾਲਟਾਲ ਬੇਸ ਕੈਂਪ ਜਾ ਰਹੇ ਸਨ, ਜਦੋਂ ਸਵੇਰੇ 6.15 ਵਜੇ ਦੇ ਕਰੀਬ ਡਰਾਈਵਰ ਨੇ ਕਾਰ ਤੋਂ ਕੰਟਰੋਲ ਗੁਆ ਦਿੱਤਾ ਅਤੇ ਜੰਮੂ-ਸ੍ਰੀਨਗਰ ਰਾਸ਼ਟਰੀ ਰਾਜਮਾਰਗ ‘ਤੇ ਸਮਰੋਲੀ ਵਿਖੇ ਗੱਡੀ ਸੜਕ ਦੇ ਡਿਵਾਈਡਰ ਨਾਲ ਜਾ ਟਕਰਾਈ। ਉਨ੍ਹਾਂ ਦੱਸਿਆ ਕਿ ਜ਼ਖਮੀ ਸ਼ਰਧਾਲੂਆਂ ਅਤੇ ਵਾਹਨ ਦੇ ਡਰਾਈਵਰ ਨੂੰ ਹਸਪਤਾਲ ’ਚ ਭਰਤੀ ਕਰਵਾਇਆ ਗਿਆ ਹੈ ਅਤੇ ਉਨ੍ਹਾਂ ਦੀ ਹਾਲਤ ਸਥਿਰ ਦੱਸੀ ਜਾ ਰਹੀ ਹੈ।
ਦੂਜੇ ਪਾਸੇ ਦਿੱਲੀ ‘ਚ ਭਾਰੀ ਮੀਂਹ ਕਾਰਨ ਆਏ ਹੜ੍ਹ ਕਾਰਨ ਯਮੁਨਾ ਨਦੀ ਦਾ ਪਾਣੀ ਦਾ ਪੱਧਰ 207.25 ਮੀਟਰ ਹੋ ਗਿਆ ਹੈ, ਜੋ 1978 ‘ਚ ਹੁਣ ਤੱਕ ਦਰਜ ਕੀਤੇ ਗਏ ਸਭ ਤੋਂ ਉੱਚੇ ਪਾਣੀ ਦੇ 207.49 ਮੀਟਰ ਦੇ ਕਰੀਬ ਹੈ| ਕੇਂਦਰੀ ਜਲ ਕਮਿਸ਼ਨ (ਸੀਡਬਲਿਊਸੀ) ਦੇ ਹੜ੍ਹ-ਨਿਗਰਾਨੀ ਪੋਰਟਲ ਅਨੁਸਾਰ ਪੁਰਾਣੇ ਰੇਲਵੇ ਪੁਲ ’ਤੇ ਯਮੁਨਾ ਦੇ ਪਾਣੀ ਦਾ ਪੱਧਰ 2013 ਤੋਂ ਬਾਅਦ ਪਹਿਲੀ ਵਾਰ ਤੜਕੇ 4 ਵਜੇ 207 ਮੀਟਰ ਪਾਰ ਕਰ ਗਿਆ ਅਤੇ ਸਵੇਰੇ 8 ਵਜੇ ਵਧ ਕੇ 207.25 ਮੀਟਰ ਹੋ ਗਿਆ।
ਘੱਗਰ ਵਿੱਚ ਤਿੰਨ ਪਾੜ ਪੈਣ ਕਾਰਨ ਸੰਗਰੂਰ ਦੇ ਮੂਨਕ ਵਿੱਚ ਹੜ੍ਹ ਆ ਗਿਆ, ਜਦ ਕਿ ਪ੍ਰਸ਼ਾਸਨ ਨੇ ਇਕ ਪਾੜ ਨੂੰ ਪੂਰ ਦਿੱਤਾ ਹੈ।