ਦ ਖ਼ਾਲਸ ਟੀਵੀ ਬਿਊਰੋ:- ਦੇਸ਼ ਵਿੱਚ ਵੱਧਦੇ ਗੱਡੀਆਂ ਦੇ ਪ੍ਰਦੂਸ਼ਣ ਨੂੰ ਕੰਟਰੋਲ ਕਰਨ ਲਈ ਐੱਨਜੀਟੀ ਦੇ ਹੁਕਮਾਂ ਤੋਂ ਬਾਅਦ ਨੋਇਡਾ ਦੇ ਟਰੈਫਿਕ ਵਿਭਾਗ ਨੇ ਸਖਤ ਕਾਰਵਾਈ ਵਿੰਢ ਦਿੱਤੀ ਹੈ। ਦੱਸਿਆ ਜਾ ਰਿਹਾ ਹੈ ਕਿ ਹੁਣ ਆਮ ਲੋਕਾਂ ਨੂੰ ਵੀ ਪ੍ਰਦੂਸ਼ਣ ਕੰਟਰੋਲ ਦੀ ਮੁਹਿੰਮ ਵਿੱਚ ਹਿੱਸੇਦਾਰੀ ਪਾਉਣ ਲਈ ਕਿਹਾ ਜਾ ਰਿਹਾ ਹੈ। ਇਸ ਦੇ ਲਈ ਨੋਇਡਾ ਟ੍ਰੈਫਿਕ ਵਿਭਾਗ ਨੇ ਇੱਕ ਵਟਸਐਪ ਨੰਬਰ ਜਾਰੀ ਕੀਤਾ ਹੈ ਅਤੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਪ੍ਰਦੂਸ਼ਣ ਫੈਲਾਉਣ ਵਾਲੇ ਵਾਹਨ ਦੀ ਫੋਟੋ ਜਾਂ ਵੀਡੀਓ ਅਤੇ ਉਸ ਦਾ ਵੇਰਵਾ ਵਟਸਐਪ ਨੰਬਰ ‘ਤੇ ਭੇਜਣ, ਇਸ ਤੋਂ ਬਾਅਦ ਉਨ੍ਹਾਂ ਵਾਹਨਾਂ ਵਿਰੁੱਧ ਕਾਰਵਾਈ ਕੀਤੀ ਜਾਵੇਗੀ।
ਜਾਣਕਾਰੀ ਅਨੁਸਾਰ ਇਹ ਆਵਾਜ਼ ਪ੍ਰਦੂਸ਼ਣ ਫੈਲਾਉਂਦਾ ਹੈ ਜਾਂ ਹਵਾ ਪ੍ਰਦੂਸ਼ਣ, ਸਾਰਿਆਂ ‘ਤੇ ਤੁਰੰਤ ਕਾਰਵਾਈ ਕੀਤੀ ਜਾਵੇਗੀ। ਨੋਇਡਾ ਟਰੈਫਿਕ ਵਿਭਾਗ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ਸ਼ਿਕਾਇਤਕਰਤਾ ਦਾ ਨਾਮ, ਪਤਾ, ਫੋਨ ਨੰਬਰ ਗੁਪਤ ਰੱਖਿਆ ਜਾਵੇਗਾ।
NGT ਦੇ ਹੁਕਮ ਦਾ ਪ੍ਰਭਾਵ
ਐੱਨਜੀਟੀ ਯਾਨੀ ਨੈਸ਼ਨਲ ਗ੍ਰੀਨ ਟ੍ਰਿਬਿਊਨਲ ਨੇ ਨੋਇਡਾ ‘ਚ ਵਧਦੇ ਪ੍ਰਦੂਸ਼ਣ ‘ਤੇ ਸਖਤੀ ਦਿਖਾਈ ਸੀ, ਉਦੋਂ ਤੋਂ ਹੀ ਨੋਇਡਾ ‘ਚ ਪ੍ਰਦੂਸ਼ਣ ਫੈਲਾਉਣ ਵਾਲੇ ਵਾਹਨਾਂ ‘ਤੇ ਕਾਰਵਾਈ ਕੀਤੀ ਜਾ ਰਹੀ ਹੈ। ਟ੍ਰੈਫਿਕ ਵਿਭਾਗ ਨੇ ਲੋਕਾਂ ਨੂੰ ਇਸ ਨੰਬਰ 99710901 ‘ਤੇ ਵਟਸਐਪ ਕਰਨ ਦੀ ਅਪੀਲ ਕੀਤੀ ਹੈ।
ਇਸ ਬਾਰੇ ਜਾਣਕਾਰੀ ਦਿੰਦਿਆਂ ਡੀਸੀਪੀ ਟਰੈਫਿਕ ਗਣੇਸ਼ ਪ੍ਰਸਾਦ ਸਾਹਾ ਨੇ ਦੱਸਿਆ ਕਿ ਸਾਈਲੈਂਸਰ ਖਾਸ ਕਰਕੇ ਬੁਲੇਟ ਮੋਟਰਸਾਈਕਲ ਵਾਲੇ ਸਾਈਲੈਂਸਰਾਂ ਨੂੰ ਸੋਧ ਕੇ ਚਲਾਏ ਜਾਂਦੇ ਹਨ। ਜਿਸ ਕਾਰਨ ਸ਼ੋਰ ਪ੍ਰਦੂਸ਼ਣ ਫੈਲਦਾ ਹੈ।ਜ਼ਿਲੇ ਵਿਚ ਪਿਛਲੇ ਇਕ ਮਹੀਨੇ ਤੋਂ 150 ਤੋਂ ਵੱਧ ਬੁਲਟ ਮੋਟਰਸਾਈਕਲ ਜ਼ਬਤ ਕੀਤੇ ਗਏ ਹਨ ਜੋ ਕਿ ਆਵਾਜ਼ ਪ੍ਰਦੂਸ਼ਣ ਫੈਲਾਉਂਦੇ ਸਨ।