India Punjab

ਮਨੋਹਰ ਲਾਲ ਖੱਟਰ ਨੂੰ ਜਵਾਬ ਦੇਣ ਲਈ ਆਹ ਤਸਵੀਰ ਕਾਫੀ ਹੈ….

‘ਦ ਖ਼ਾਲਸ ਟੀਵੀ ਬਿਊਰੋ (ਜਗਜੀਵਨ ਮੀਤ):-ਸੋਸ਼ਲ ਮੀਡੀਆ ਸਾਈਟ ਟਰੈਟਰ ਟੂ ਟਵਿੱਟਰ ਨੇ ਆਪਣੇ ਹੈਂਡਲ ਉੱਤੇ ਇਕ ਤਸਵੀਰ ਸਾਂਝੀ ਕਰਕੇ ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਦੇ ਉਸ ਬਿਆਨ ਨੂੰ ਝੂਠਾ ਸਾਬਿਤ ਕਰਨ ਦੀ ਕੋਸ਼ਿਸ਼ ਕੀਤੀ ਹੈ, ਜਿਸ ਵਿੱਚ ਉਨ੍ਹਾਂ ਟਵੀਟ ਕਰਕੇ ਕਿਹਾ ਸੀ ਕਿ ਮੈਂ ਗ੍ਰਹਿ ਮੰਤਰੀ ਨੂੰ ਮਿਲ ਕੇ ਸਿੰਘੂ ਤੇ ਟਿਕਰੀ ਬਾਰਡਰ ਖੋਲ੍ਹਣ ਦੀ ਉੱਥੋਂ ਦੇ ਸਥਾਨਕ ਲੋਕਾਂ ਦੀ ਮੰਗ ਤੋਂ ਜਾਣੂੰ ਕਰਵਾਇਆ ਹੈ। ਉਮੀਦ ਹੈ ਕਿ ਬਾਰਡਰ ਬਿਨਾਂ ਦੇਰੀ ਖੋਲ੍ਹ ਦਿੱਤੇ ਜਾਣਗੇ।

ਇਸ ਬਿਆਨ ਨੂੰ ਲੋਕਾਂ ਨੂੰ ਗੁਮਰਾਹ ਕਰਨ ਵਾਲੀ ਜਾਣਕਾਰੀ ਦੱਸਦਿਆਂ ਟਰੈਕਟਰ ਟੂ ਟਵਿੱਟਰ ਨੇ ਸਿੰਘੂ ਤੇ ਟਿਕਰੀ ਬਾਰਡਰ ਇਕ ਏਰੀਅਲ ਵਿਊ ਤੋਂ ਲਈ ਤਸਵੀਰ ਸਾਂਝੀ ਕੀਤੀ ਹੈ, ਜਿਸ ਵਿੱਚ ਲਿਖਿਆ ਹੈ ਕਿ ਖੱਟਰ ਸਰਕਾਰ ਗਲਤਫਹਿਮੀ ਫੈਲਾ ਰਹੀ ਹੈ। ਇੱਥੇ ਦੋ ਲੇਨ ਸੜਕ ਪ੍ਰਦਰਸ਼ਨਕਾਰੀ ਕਿਸਾਨਾਂ ਵੱਲੋਂ ਖਾਲੀ ਛੱਡੀ ਗਈ ਹੈ ਤੇ ਇਹ ਕਿਸਾਨਾਂ ਵੱਲੋਂ ਨਹੀਂ ਸਗੋਂ ਦਿੱਲੀ ਪੁਲਿਸ ਵਲੋਂ ਦਿੱਲੀ ਵਿਚ ਵੜਨ ਤੋਂ ਪਹਿਲਾਂ ਹੀ ਬੈਰੀਕੇਡਸ ਲਗਾ ਕੇ ਇਹ ਲੇਨ ਬੰਦ ਕੀਤੀ ਗਈ ਹੈ। ਇਸ ਤਸਵੀਰ ਵਿੱਚ ਸਾਫ ਹੈ ਕਿ ਕਿਸਾਨ 2 ਲੇਨ ਛੱਡ ਕੇ ਬੈਠੇ ਹਨ ਪਰ ਲੇਨ ਵਿੱਚ ਵੜ੍ਹਨ ਤੋਂ ਪਹਿਲਾਂ ਦਿੱਲੀ ਪੁਲਿਸ ਦੇ ਬੈਰੀਕੇਡਸ ਲੱਗੇ ਹਨ।

ਇੱਥੇ ਇਹ ਵੀ ਦੱਸ ਦਈਏ ਕਿ ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਨੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨਾਲ ਨਾਲ ਉਨ੍ਹਾਂ ਦੀ ਰਿਹਾਇਸ਼ ’ਤੇ ਮੁਲਾਕਾਤ ਕਰਕੇ ਕਿਸਾਨ ਅੰਦੋਲਨ ਕਾਰਨ ਪੈਦਾ ਹੋਏ ਸੂਬੇ ਦੇ ਹਾਲਾਤ ਦੱਸੇ ਸਨ। ਉਨ੍ਹਾਂ ਸਿੰਘੂ ਅਤੇ ਟਿਕਰੀ ਬਾਰਡਰਾਂ ’ਤੇ ਬੈਠੇ ਕਿਸਾਨਾਂ ਕਾਰਨ ਆਵਾਜਾਈ ’ਚ ਪੈ ਰਹੇ ਅੜਿੱਕੇ ਦੀ ਵੀ ਜਾਣਕਾਰੀ ਦਿੱਤੀ ਸੀ। ਆਵਾਜਾਈ ਠੱਪ ਰਹਿਣ ਕਾਰਨ ਲੋਕਾਂ ਨੂੰ ਆ ਰਹੀਆਂ ਦਿੱਕਤਾਂ ਸਬੰਧੀ ਸੁਪਰੀਮ ਕੋਰਟ ’ਚ ਪਾਈ ਗਈ ਪਟੀਸ਼ਨ ’ਤੇ ਸੁਣਵਾਈ ਤੋਂ ਪਹਿਲਾਂ ਖੱਟਰ ਅਤੇ ਅਮਿਤ ਸ਼ਾਹ ਨੇ ਇਹ ਬੈਠਕ ਕੀਤੀ ਹੈ।

ਮੀਡੀਆ ਨਾਲ ਮੁਲਾਕਾਤ ਵਿੱਚ ਖੱਟਰ ਨੇ ਕਿਹਾ ਸੀ ਕਿ ਮੈਂ ਗ੍ਰਹਿ ਮੰਤਰੀ ਨੂੰ ਕਿਸਾਨਾਂ ਦੇ ਪ੍ਰਦਰਸ਼ਨਾਂ ਅਤੇ ਮਾਰਗ ਠੱਪ ਕਰਨ ਅਤੇ ਸੂਬਾ ਸਰਕਾਰ ਵੱਲੋਂ ਸੁਪਰੀਮ ਕੋਰਟ ’ਚ ਕੇਸ ਦੀ ਸੁਣਵਾਈ ਨਾਲ ਸਬੰਧਤ ਕੀਤੀ ਗਈ ਤਿਆਰੀ ਬਾਰੇ ਜਾਣਕਾਰੀ ਦਿੱਤੀ ਹੈ। ਉਨ੍ਹਾਂ ਕਿਹਾ ਕਿ ਸਰਕਾਰ ਕਿਸਾਨਾਂ ਨਾਲ ਗੱਲਬਾਤ ਕਰ ਰਹੀ ਹੈ ਤਾਂ ਜੋ ਮਿਲ-ਬੈਠ ਕੇ ਸੜਕਾਂ ਜਾਮ ਕਰਨ ਦੇ ਮੁੱਦੇ ਨੂੰ ਸੁਲਝਾ ਲਿਆ ਜਾਵੇ।

ਕਿਸਾਨਾਂ ਵੱਲੋਂ ਸਰਕਾਰ ’ਤੇ ਬੈਰੀਕੇਡ ਲਾਏ ਜਾਣ ਦੇ ਦੋਸ਼ਾਂ ਬਾਰੇ ਉਨ੍ਹਾਂ ਕਿਹਾ ਕਿ ਹਾਲਾਤ ਨੂੰ ਦੇਖਦਿਆਂ ਇਹ ਕਦਮ ਉਠਾਇਆ ਗਿਆ ਸੀ। ਰਾਹ ਖੁੱਲ੍ਹਵਾਉਣ ਲਈ ਸਰਕਾਰ ਵੱਲੋਂ ਸੰਭਾਵੀ ਤਾਕਤ ਦੀ ਵਰਤੋਂ ਕੀਤੇ ਜਾਣ ਬਾਰੇ ਪੁੱਛੇ ਗਏ ਸਵਾਲ ਦੇ ਜਵਾਬ ’ਚ ਖੱਟਰ ਨੇ ਕਿਹਾ ਕਿ ਕਿਸਾਨਾਂ ਨਾਲ ਗੱਲਬਾਤ ਜਾਰੀ ਹੈ ਤਾਂ ਕਾਰਵਾਈ ਬਾਰੇ ਸੋਚਣਾ ਠੀਕ ਨਹੀਂ ਹੋਵੇਗਾ। ਉਨ੍ਹਾਂ ਕਿਹਾ ਕਿ 20 ਅਕਤੂਬਰ ਨੂੰ ਹਰਿਆਣਾ ਸਰਕਾਰ ਸੁਪਰੀਮ ਕੋਰਟ ’ਚ ਆਪਣਾ ਪੱਖ ਪੇਸ਼ ਕਰੇਗੀ।