India

ਲੇਹ ਹਿੰਸਾ ਕਾਰਨ ਲੱਦਾਖ ’ਚ ਸੈਲਾਨੀਆਂ ਨੇ ਰੱਦ ਕੀਤੀ ਬੁਕਿੰਗ, ਕਮਰਿਆਂ ’ਚ ਕੈਦ ਹੋਏ ਘੁੰਮਣ ਆਏ ਲੋਕ

ਬਿਊਰੋ ਰਿਪੋਰਟ (ਲੇਹ, 29 ਸਤੰਬਰ 2025): 24 ਸਤੰਬਰ ਨੂੰ ਲੇਹ ਵਿੱਚ ਹੋਈ ਹਿੰਸਾ ਤੋਂ ਬਾਅਦ ਲੱਦਾਖ ਵਿੱਚ ਸੈਲਾਨੀਆਂ ਨੇ ਆਪਣੀ ਬੁਕਿੰਗ ਰੱਦ ਕਰਨਾ ਸ਼ੁਰੂ ਕਰ ਦਿੱਤੀ ਹੈ। ਲੇਹ ਵਿੱਚ ਲੱਗੇ ਕਰਫ਼ਿਊ ਕਾਰਨ ਸੈਲਾਨੀ ਹੋਟਲਾਂ ਦੇ ਕਮਰਿਆਂ ਵਿੱਚ ਕੈਦ ਹੋ ਕੇ ਰਹਿ ਗਏ ਹਨ। ਹੋਟਲ ਮਾਲਕਾਂ ਦਾ ਕਹਿਣਾ ਹੈ ਕਿ ਉਹ ਪੂਰੀ ਤਰ੍ਹਾਂ ਟੂਰਿਜ਼ਮ ’ਤੇ ਨਿਰਭਰ ਹਨ ਤੇ ਕਰਫ਼ਿਊ ਨੇ ਉਨ੍ਹਾਂ ਦੀ ਕਮਾਈ ’ਤੇ ਵੱਡਾ ਅਸਰ ਪਾਇਆ ਹੈ।

ਦਰਅਸਲ, ਲੇਹ ਐਪੇਕਸ ਬਾਡੀ ਦੇ ਇੱਕ ਧੜੇ ਵੱਲੋਂ 24 ਸਤੰਬਰ ਨੂੰ ਬੰਦ ਦੀ ਕਾਲ ਦਿੱਤੀ ਗਈ ਸੀ। ਇਸ ਦੌਰਾਨ ਪ੍ਰਦਰਸ਼ਨਕਾਰੀਆਂ ਅਤੇ ਪੁਲਿਸ ਵਿਚਾਲੇ ਝੜਪ ਹੋਈ, ਜਿਸ ਤੋਂ ਬਾਅਦ ਪ੍ਰਦਰਸ਼ਨਕਾਰੀਆਂ ਨੇ ਕਈ ਵਾਹਨਾਂ ਅਤੇ ਇਮਾਰਤਾਂ ਨੂੰ ਅੱਗ ਲਗਾ ਦਿੱਤੀ। ਸੁਰੱਖਿਆ ਬਲਾਂ ਦੀ ਕਾਰਵਾਈ ਦੌਰਾਨ ਗੋਲੀਆਂ ਲੱਗਣ ਨਾਲ 4 ਲੋਕਾਂ ਦੀ ਮੌਤ ਹੋ ਗਈ ਅਤੇ 90 ਲੋਕ ਜ਼ਖ਼ਮੀ ਹੋਏ। ਇਸ ਤੋਂ ਬਾਅਦ ਜ਼ਿਲ੍ਹੇ ਵਿੱਚ ਅਨਿਸ਼ਚਿਤ ਸਮੇਂ ਲਈ ਕਰਫ਼ਿਊ ਲਗਾ ਦਿੱਤਾ ਗਿਆ। ਪ੍ਰਸ਼ਾਸਨ ਨੇ ਇਸ ਪ੍ਰਦਰਸ਼ਨ ਦੇ ਮੁੱਖ ਚਿਹਰੇ, ਸੋਸ਼ਲ ਐਕਟਿਵਿਸਟ ਸੋਨਮ ਵਾਂਗਚੁਕ ਨੂੰ ਗ੍ਰਿਫ਼ਤਾਰ ਕਰਕੇ ਜੋਧਪੁਰ ਜੇਲ੍ਹ ਭੇਜ ਦਿੱਤਾ ਹੈ।

ਪੂਰੇ ਖੇਤਰ ਵਿੱਚ ਮੋਬਾਈਲ ਇੰਟਰਨੈੱਟ ਸੇਵਾਵਾਂ ਬੰਦ ਹਨ, ਜਿਸ ਕਾਰਨ ਹੋਟਲ ਬੁਕਿੰਗਸ ਰੱਦ ਹੋ ਰਹੀਆਂ ਹਨ ਅਤੇ ਸੈਲਾਨੀਆਂ ਨਾਲ ਨਾਲ ਸਥਾਨਕ ਲੋਕਾਂ ਨੂੰ ਵੀ ਕਾਫ਼ੀ ਪਰੇਸ਼ਾਨੀ ਹੋ ਰਹੀ ਹੈ। ਇੱਕ ਹੋਟਲ ਮੈਨੇਜਰ ਨਸੀਬ ਸਿੰਘ ਨੇ ਪੀਟੀਆਈ ਨੂੰ ਦੱਸਿਆ ਕਿ ਪਿਛਲੇ ਇੱਕ ਹਫ਼ਤੇ ਤੋਂ ਐਡਵਾਂਸ ਬੁਕਿੰਗਸ ਰੱਦ ਹੋ ਰਹੀਆਂ ਹਨ ਅਤੇ ਸ਼ਹਿਰ ਬੰਦ ਹੋਣ ਕਰਕੇ ਸਮਾਨ ਦੀ ਘਾਟ ਵੀ ਹੋ ਰਹੀ ਹੈ।