ਹਿਮਾਚਲ ਪ੍ਰਦੇਸ਼ ਦੀ ਯਾਤਰਾ ਲਈ ਥਾਰ ਵਾਹਨਾਂ ਵਿੱਚ ਸ਼ਿਮਲਾ ਪਹੁੰਚਣ ਵਾਲੇ ਸੈਲਾਨੀ ਆਪਣੀ ਜਾਨ ਖ਼ਤਰੇ ਵਿੱਚ ਪਾ ਕੇ ਹਾਦਸਿਆਂ ਨੂੰ ਸੱਦਾ ਦੇ ਰਹੇ ਹਨ। ਮੰਗਲਵਾਰ ਨੂੰ ਸ਼ਿਮਲਾ ਦੇ 103 ਟਨਲ ਕੋਲ ਇੱਕ ਸੈਲਾਨੀ ਚੱਲਦੀ ਥਾਰ ਨਾਲ ਲਟਕ ਕੇ ਖੁੱਲ੍ਹੇਆਮ ਕਾਨੂੰਨ ਦੀ ਉਲੰਘਣਾ ਕਰਦਾ ਨਜ਼ਰ ਆਇਆ। ਸ਼ਿਮਲਾ ਪੁਲਿਸ ਨੂੰ ਇਸ ਦੀ ਸੂਚਨਾ ਮਿਲਦੇ ਹੀ ਹਰਕਤ ‘ਚ ਆਈ ਅਤੇ ਚੰਡੀਗੜ੍ਹ ਦੇ ਐੱਸਪੀ ਸ਼ਿਮਲਾ ਸੰਜੀਵ ਕੁਮਾਰ ਗਾਂਧੀ ਨੇ ਟ੍ਰੈਫਿਕ ਨਿਯਮਾਂ ਦੀ ਉਲੰਘਣਾ ਕਰਨ ਵਾਲੇ ਟੂਰਿਸਟ ਵਾਹਨ ਦਾ ਚਲਾਨ ਕਰ ਦਿੱਤਾ ਹੈ।
ਸ਼ਿਮਲਾ ਦੇ ਰਹਿਣ ਵਾਲੇ ਇਕ ਵਿਅਕਤੀ ਨੇ ਐਕਸ ’ਤੇ ਇਸ ਦੀ ਵੀਡੀਓ ਪੋਸਟ ਕਰਕੇ ਲਿਖਿਆ ਕਿ ਚੰਡੀਗੜ੍ਹ ਨੰਬਰ ਵਾਲੀ ਇਹ ਥਾਰ 103 ਸੁਰੰਗ ਦੇ ਨੇੜੇ ਚੱਲ ਰਹੀ ਹੈ। ਦੇਖੋ ਕਿਵੇਂ ਟੂਰਿਸਟ ਲਟਕਿਆ ਹੋਇਆ ਹੈ, ਜੇ ਉਸਦਾ ਚਲਾਨ ਹੋਇਆ ਤਾਂ ਇਹ ਕਹਿਣਗੇ ਕਿ ਹਿਮਾਚਲੀ ਪੰਜਾਬ ਦੇ ਲੋਕਾਂ ਨਾਲ ਗ਼ਲਤ ਕਰ ਰਹੇ ਹਨ। ਇਸ ਸੈਲਾਨੀ ਨੂੰ ਸੋਸ਼ਲ ਮੀਡੀਆ ’ਤੇ ਕਾਫੀ ਟ੍ਰੋਲ ਕੀਤਾ ਜਾ ਰਿਹਾ ਹੈ।
ਦਰਅਸਲ, ਪਿਛਲੇ ਦਿਨਾਂ ਦੌਰਾਨ ਪੰਜਾਬ ਦੇ ਕੁਝ ਸੈਲਾਨੀਆਂ ਨੇ ਹਿਮਾਚਲ ਪੁਲਿਸ ਦੀ ਕਾਰਵਾਈ ’ਤੇ ਸਵਾਲ ਖੜ੍ਹੇ ਕੀਤੇ ਹਨ। ਚੰਬਾ ਦੇ ਮਸ਼ਹੂਰ ਸੈਰ-ਸਪਾਟਾ ਸਥਾਨ ਖਜਿਆਰ ਵਿੱਚ ਜਦੋਂ ਸਥਾਨਕ ਪੁਲਿਸ ਨੇ ਚੰਡੀਗੜ੍ਹ ਪੁਲਿਸ ਦੇ ਏ.ਐਸ.ਆਈ. ਨੂੰ ਸੜਕ ਦੇ ਵਿਚਕਾਰ ਖੜੀ ਗੱਡੀ ਨੂੰ ਹਟਾਉਣ ਲਈ ਕਿਹਾ ਤਾਂ ਚੰਡੀਗੜ੍ਹ ਪੁਲਿਸ ਦੇ ਏ.ਐਸ.ਆਈ ਭੜਕ ਗਏ ਅਤੇ ਉਲਟਾ ਹਿਮਾਚਲ ਪੁਲਿਸ ‘ਤੇ ਗੰਭੀਰ ਦੋਸ਼ ਲਗਾਏ।
ਇਸ ਨੂੰ ਲੈ ਕੇ ਚੰਡੀਗੜ੍ਹ-ਪੰਜਾਬ ਦੇ ਲੋਕਾਂ ਨੇ ਸੋਸ਼ਲ ਮੀਡੀਆ ’ਤੇ ਹਿਮਾਚਲ ਨੂੰ ਭੰਡਿਆ। ਇਸੇ ਕਾਰਨ ਅੱਜ ਜਿਸ ਵਿਅਕਤੀ ਨੇ ਥਾਰ ਦਾ ਵੀਡੀਓ ਐਕਸ ’ਤੇ ਪੋਸਟ ਕੀਤਾ ਹੈ, ਉਸ ਨੇ ਸ਼ਿਮਲਾ ਆਉਣ ਵਾਲੇ ਸੈਲਾਨੀਆਂ ਦੇ ਇਰਾਦਿਆਂ ’ਤੇ ਸਵਾਲ ਖੜ੍ਹੇ ਕੀਤੇ ਹਨ।