‘ਦ ਖ਼ਾਲਸ ਟੀਵੀ ਬਿਊਰੋ :- ਲੋਕ ਚਿੜੀਆਘਰ ਜਾਣ ਤੇ ਉੱਥੇ ਜਾਨਵਰਾਂ ਨਾਲ ਪੰਗੇ ਨਾ ਲੈਣ, ਇਹ ਭਲਾ ਹੋ ਸਕਦਾ ਹੈ। ਕਈ ਵਾਰ ਐਡਵੈਂਚਰ ਦੇ ਨਾਂ ‘ਤੇ ਲਿਆ ਪੰਗਾ ਸਾਰੀ ਉਮਰ ਯਾਦ ਰਹਿੰਦਾ ਹੈ ਤੇ ਵੇਖਣ ਵਾਲੇ ਵੀ ਕਹਿੰਦੇ ਨੇ…ਕੀ ਮੂਰਖਤਾ ਹੈ। ਪਰ ਮਜਾਲ ਹੈ ਮਾੜੀਆਂ ਹਰਕਤਾਂ ਕਰਨ ਵਾਲੇ ਸੁਧਰ ਜਾਣ। ਇਹੋ ਜਿਹਾ ਇਕ ਐਡਵੈਂਚਰ ਕਰਨਾ ਇਕ ਵਿਅਕਤੀ ਨੂੰ ਮਹਿੰਗਾ ਪੈ ਗਿਆ।

ਸੋਸ਼ਲ ਮੀਡੀਆ ਉੱਤੇ ਵਾਇਰਲ ਹੋ ਰਹੀ ਇਸ ਵੀਡੀਓ ਵਿੱਚ ਇਕ ਜੰਗਲ ਸਫਾਰੀ ਦਿਸ ਰਹੀ ਹੈ। ਇਹ ਗੱਲ ਸਾਰਿਆਂ ਨੂੰ ਪਤਾ ਹੈ ਕਿ ਇੱਥੇ ਜਾਣ ਤੋਂ ਪਹਿਲਾਂ ਸਖਤ ਹਦਾਇਤਾਂ ਕੀਤੀਆਂ ਜਾਂਦੀਆਂ ਹਨ ਕਿ ਅੰਦਰ ਅਸੀਂ ਕੀ ਕਰਨਾ ਹੈ ਤੇ ਕੀ ਨਹੀਂ ਕਰਨਾ ਹੈ। ਪਰ ਕੁੱਝ ਲੋਕ ਆਦਤ ਤੋਂ ਮਜ਼ਬੂਰ ਹੁੰਦੇ ਹਨ। ਜਾਨਵਰਾਂ ਤੋਂ ਦੂਰੀ ਰੱਖਣੀ ਤਾਂ ਦੂਰ, ਇਹ ਉਨ੍ਹਾਂ ਨਾਲ ਸ਼ਰਾਰਤਾਂ ਕਰਨ ਲੱਗ ਜਾਂਦੇ ਹਨ।

ਸਿਰ ਉੱਤੇ ਐਡਵੈਂਚਰ ਦਾ ਜਨੂੰਨ ਲੈ ਕੇ ਗਿਆ ਵੀਡੀਓ ਵਿੱਚ ਨਜ਼ਰ ਆਉਣ ਵਾਲਾ ਬੰਦਾ ਆਪਣੀ ਕਾਰ ਵਿੱਚੋਂ ਸ਼ੀਸ਼ਾ ਖੋਲ੍ਹ ਕੇ ਮਸਤੀ ਕਰ ਰਹੇ ਸ਼ੇਰ ਨੂੰ ਪਹਿਲਾਂ ਹੱਥ ਲਾ ਕੇ ਵੇਖਦਾ ਤੇ ਫੇਰ ਉਸ ਨਾਲ ਛੇੜਛਾੜ ਕਰਦਾ ਹੈ। ਪਰ ਸ਼ੇਰ ਨੂੰ ਪੁਚਕਾਰਨਾ ਮਹਿੰਗਾ ਪੈ ਜਾਵੇਗਾ, ਇਹ ਉਸਨੂੰ ਸਮਾਂ ਰਹਿੰਦੇ ਪਤਾ ਲੱਗ ਗਿਆ। ਗੁੱਸੇ ਵਿੱਚ ਆਇਆ ਸ਼ੇਰ ਪਹਿਲਾਂ ਦਹਾੜਦਾ ਹੈ ਤੇ ਫਿਰ ਕਾਰ ਦੇ ਸ਼ੀਸ਼ੇ ਵੱਲ ਝਪਟ ਪੈਂਦਾ ਹੈ ਤੇ ਕਾਰ ਵਿੱਚ ਬੈਠਾ ਬੰਦਾ ਤ੍ਰਭਕ ਕੇ ਪਿੱਛੇ ਹਟ ਜਾਂਦਾ ਹੈ ਤੇ ਕਾਰ ਦਾ ਸ਼ੀਸ਼ਾ ਬੰਦ ਕਰ ਲੈਂਦਾ ਹੈ। ਸ਼ੇਰ ਹਾਲੇ ਵੀ ਉਸਨੂੰ ਘੂਰ ਹੀ ਰਿਹਾ ਹੁੰਦਾ ਹੈ।
ਇਹ ਵੀ ਦੱਸ ਦਈਏ ਕਿ ਇਹ ਵੀਡੀਓ ਤੰਜਾਨੀਆ ਦੇ ਸੇਰੇਨਗਟੀ ਨੈਸ਼ਨਲ ਪਾਰਕ ਵਿੱਚ ਸ਼ੂਟ ਕੀਤਾ ਗਿਆ ਹੈ। ਇਸਨੂੰ ਯੂਟਿਊਬ ਉੱਤੇ Maasai Sightingsਨੇ ਸ਼ੇਅਰ ਕੀਤਾ ਹੈ। ਇਸ ਵੀਡੀਓ ਨੂੰ ਲੱਖਾਂ ਲੋਕ ਦੇਖ ਚੁੱਕੇ ਹਨ, ਤੇ ਖੈਰ ਮਨਾ ਰਹੇ ਹਨ ਕਿ ਮੌਤ ਨੂੰ ਮਾਸੀ ਤੇ ਸ਼ੇਰ ਨੂੰ ਮਾਸੜ ਸਮਝਣ ਵਾਲਾ ਬੰਦਾ ਬਚ ਗਿਆ।