ਆਏ ਦਿਨ ਸੜਕ ਹਾਦਸਿਆਂ ਕਾਰਨ ਹੋਣ ਵਾਲੀਆਂ ਮੌਤਾਂ ਦੀ ਗਿਣਤੀ ਵਿੱਚ ਲਗਾਤਾਰ ਵਾਧਾ ਹੋ ਰਿਹਾ ਹੈ। ਜਿਸ ਕਾਰਨ ਹੁਣ ਤੱਕ ਕਈ ਲੋਕ ਆਪਣੀਆਂ ਜਾ ਨਾਂ ਗਵਾ ਚੁੱਕੇ ਹਨ। ਇਸੇ ਦੌਰਾਨ ਅੰਮ੍ਰਿਤਸਰ-ਦਿੱਲੀ ਕੌਮੀ ਮਾਰਗ ’ਤੇ ਇੱਕ ਟੂਰਿਸਟ ਬੱਸ ਖੜ੍ਹੇ ਕੈਂਟਰ ਦੇ ਪਿੱਛੇ ਟਕਰਾਉਣ ਕਾਰਨ ਬੱਸ ਵਿੱਚ ਸਵਾਰ ਇੱਕ ਵਿਅਕਤੀ ਦੀ ਮੌਤ ਹੋ ਗਈ ਅਤੇ 15 ਜਣੇ ਜ਼ਖ਼ਮੀ ਹੋ ਗਏ।
ਜਾਣਕਾਰੀ ਅਨੁਸਾਰ ਅੰਮ੍ਰਿਤਸਰ-ਦਿੱਲੀ ਕੌਮੀ ਮਾਰਗ ’ਤੇ ਜਸ਼ਨ ਹੋਟਲ ਨੇੜੇ ਸਰਹਿੰਦ ਵੱਲ ਜਾ ਰਹੇ ਇੱਕ ਕੈਂਟਰ ਦਾ ਟਾਇਰ ਪੈਂਚਰ ਹੋ ਗਿਆ ਤੇ ਇਸ ਦਾ ਡਰਾਈਵਰ ਕੈਂਟਰ ਨੂੰ ਸੜਕ ਕਿਨਾਰੇ ਖੜ੍ਹਾ ਕਰਕੇ ਇਸ ਦਾ ਟਾਇਰ ਬਦਲ ਰਿਹਾ ਸੀ। ਇਸੇ ਦੌਰਾਨ ਤੜਕੇ ਕਰੀਬ 4 ਵਜੇ ਦਿੱਲੀ ਤੋਂ ਅੰਮ੍ਰਿਤਸਰ ਜਾ ਰਹੀ ਸਵਾਰੀਆਂ ਨਾਲ ਭਰੀ ਪ੍ਰਾਈਵੇਟ ਟੂਰਿਸਟ ਬੱਸ ਧੁੰਦ ਕਾਰਨ ਸੜਕ ਕਿਨਾਰੇ ਖੜ੍ਹੇ ਕੈਂਟਰ ਦੇ ਪਿੱਛੇ ਜਾ ਟਕਰਾਈ।
ਹਾਦਸੇ ਵਿੱਚ ਬੱਸ ਸਵਾਰ ਹਰਜੀਤ ਸਿੰਘ ਵਾਸੀ ਸੁਲਤਾਨਵਿੰਡ ਰੋਡ ਅੰਮ੍ਰਿਤਸਰ ਦੀ ਮੌਤ ਹੋ ਗਈ ਜਦਕਿ ਜਸਵੀਰ ਕੌਰ, ਪ੍ਰਵੀਨ ਦੇਵੀ, ਕੇਵਲ ਕ੍ਰਿਸ਼ਨ, ਵਿਕਰਮ ਵਿਜੈ (ਦਿੱਲੀ), ਵਿਜੈ ਯਾਦਵ (ਉੱਤਰ ਪ੍ਰਦੇਸ਼), ਗੁਰਿੰਦਰ ਸਿੰਘ, ਅਖਿਲੇਸ਼ ਗੁਪਤਾ (ਦਿੱਲੀ), ਗੁਰਪ੍ਰੀਤ ਸਿੰਘ (ਰਈਆ) ਤੇ ਗੁਰਿੰਦਰ ਸਿੰਘ (ਅੰਮ੍ਰਿਤਸਰ) ਸਮੇਤ 15 ਸਵਾਰੀਆਂ ਜ਼ਖ਼ਮੀ ਹੋ ਗਈਆਂ। ਸਾਰੇ ਜ਼ਖ਼ਮੀਆਂ ਨੂੰ ਇਲਾਜ ਲਈ ਰਾਜਪੁਰਾ ਦੇ ਸਿਵਲ ਹਸਪਤਾਲ ਲਿਆਂਦਾ ਗਿਆ ਜਿੱਥੇ ਡਾਕਟਰਾਂ ਨੇ ਜਸਵੀਰ ਕੌਰ ਵਾਸੀ ਗੋਇੰਦਵਾਲ ਨੂੰ ਦਾਖਲ ਕਰ ਲਿਆ ਜਦਕਿ ਹੋਰਨਾਂ ਸਵਾਰੀਆਂ ਨੂੰ ਮੁੱਢਲਾ ਇਲਾਜ ਦੇ ਕੇ ਛੁੱਟੀ ਦੇ ਦਿੱਤੀ।
ਹਾਦਸੇ ਵਿੱਚ ਦੋਵੇਂ ਵਾਹਨ ਪੂਰੀ ਤਰ੍ਹਾਂ ਨੁਕਸਾਨੇ ਗਏ। ਬਸੰਤਪੁਰਾ ਪੁਲੀਸ ਚੌਕੀ ਦੇ ਇੰਚਾਰਜ ਦਵਿੰਦਰ ਸਿੰਘ ਨੇ ਦੱਸਿਆ ਕਿ ਹਾਦਸੇ ਵਿੱਚ ਮ੍ਰਿਤਕ ਹਰਜੀਤ ਸਿੰਘ ਦੇ ਭਰਾ ਪ੍ਰੇਮ ਸਿੰਘ ਵਾਸੀ ਸੁਲਤਾਨਵਿੰਡ ਰੋਡ ਅੰਮ੍ਰਿਤਸਰ ਦੇ ਬਿਆਨ ’ਤੇ ਪੁਲੀਸ ਨੇ ਅਣਪਛਾਤੇ ਬੱਸ ਤੇ ਕੈਂਟਰ ਚਾਲਕ ਖ਼ਿਲਾਫ਼ ਕੇਸ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ।