‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਕੱਲ੍ਹ ਚੰਡੀਗੜ੍ਹ ਆ ਰਹੇ ਹਨ। ਉਨ੍ਹਾਂ ਦੇ ਪੰਜਾਬ ਵਿੱਚ ਆਉਣ ਤੋਂ ਪਹਿਲਾਂ ਆਮ ਆਦਮੀ ਪਾਰਟੀ ਪੰਜਾਬ ਪ੍ਰਧਾਨ ਭਗਵੰਤ ਮਾਨ ਨੇ ਕਿਹਾ ਕਿ ‘ਅੱਜ ਪੰਜਾਬ ਵਿੱਚ ਸਭ ਤੋਂ ਵੱਡਾ ਮੁੱਦਾ ਮਹਿੰਗੀ ਬਿਜਲੀ ਹੈ, ਜਿਸ ਤੋਂ ਸਾਰੇ ਲੋਕ ਬਹੁਤ ਪਰੇਸ਼ਾਨ ਹਨ। ਅਕਾਲੀ ਦਲ ਨੇ ਆਪਣੀ ਸਰਕਾਰ ਵੇਲੇ ਪ੍ਰਾਈਵੇਟ ਕੰਪਨੀਆਂ ਨਾਲ ਮਹਿੰਗੀ ਬਿਜਲੀ ਦੇ ਸਮਝੌਤੇ ਕੀਤੇ ਅਤੇ ਕੈਪਟਨ ਨੇ ਉਸਨੂੰ ਸਾਢੇ ਚਾਰ ਸਾਲਾਂ ਵਿੱਚ ਅੱਗੇ ਵਧਾਇਆ ਅਤੇ ਬਿਜਲੀ ਹੋਰ ਮਹਿੰਗੀ ਕੀਤੀ।
ਪੂਰੀ ਦੁਨੀਆ ਵਿੱਚ ਅੱਜ ਪੰਜਾਬ ਵਿੱਚ ਸਭ ਤੋਂ ਮਹਿੰਗੀ ਬਿਜਲੀ ਹੈ ਜਦਕਿ ਪੰਜਾਬ ਬਿਜਲੀ ਪੈਦਾ ਕਰਦਾ ਹੈ। ਕੇਜਰੀਵਾਲ ਨੇ ਦਿੱਲੀ ਵਿੱਚ ਸਾਰੇ ਮੁਲਕ ਤੋਂ ਸਸਤੀ ਬਿਜਲੀ ਕਰ ਦਿੱਤੀ ਹੈ, ਜਦਕਿ ਦਿੱਲੀ ਬਿਜਲੀ ਖਰੀਦਦੀ ਹੈ। ਇਸ ਕਰਕੇ ਬਿਜਲੀ ਮਾਫੀਆ ਤੋਂ ਛੁਟਕਾਰਾ ਦਿਵਾਉਣ ਵਾਸਤੇ ਕੱਲ੍ਹ ਅਰਵਿੰਦ ਕੇਜਰੀਵਾਲ ਦਿੱਲੀ ਆ ਰਹੇ ਹਨ’।
ਭਗਵੰਤ ਮਾਨ ਨੇ ਕਿਹਾ ਕਿ ਕੇਜਰੀਵਾਲ ਕੱਲ੍ਹ ਸਾਰੇ ਪੰਜਾਬੀਆਂ ਲਈ ਮੁਫਤ ਬਿਜਲੀ ਦਾ ਐਲਾਨ ਕਰਨਗੇ। ਉਨ੍ਹਾਂ ਕਿਹਾ ਕਿ ਜੇਕਰ ਦਿੱਲੀ ਵਿੱਚ ਮੁਫਤ ਬਿਜਲੀ ਦਿੱਤੀ ਜਾ ਸਕਦੀ ਹੈ ਤਾਂ ਪੰਜਾਬ ਨੂੰ ਕਿਉਂ ਨਹੀਂ। ਇਸ ਲਈ ਕੇਜਰੀਵਾਲ ਸਿਰਫ ਐਲਾਨ ਨਹੀਂ ਸਗੋਂ ਗਰੰਟੀ ਦੇਣ ਆ ਰਹੇ ਹਨ।
ਕੇਜਰੀਵਾਲ ਨੇ ਕੀਤਾ ਟਵੀਟ
ਕੇਜਰੀਵਾਲ ਨੇ ਖ਼ੁਦ ਟਵੀਟ ਕਰਦਿਆਂ ਕਿਹਾ ਕਿ “ਇੰਨੀ ਮਹਿੰਗਾਈ ਵਿੱਚ ਇੱਕ ਔਰਤ ਲਈ ਆਪਣਾ ਘਰ ਚਲਾਉਣਾ ਬਹੁਤ ਮੁਸ਼ਕਿਲ ਹੁੰਦਾ ਹੈ। ਦਿੱਲੀ ਵਿੱਚ ਅਸੀਂ ਹਰ ਪਰਿਵਾਰ ਨੂੰ 200 ਯੂਨਿਟ ਬਿਜਲੀ ਮੁਫ਼ਤ ਦਿੰਦੇ ਹਾਂ। ਔਰਤਾਂ ਬਹੁਤ ਖੁਸ਼ ਹਨ। ਪੰਜਾਬ ਦੀਆਂ ਔਰਤਾਂ ਵੀ ਮਹਿੰਗਾਈ ਤੋਂ ਬਹੁਤ ਦੁਖੀ ਹਨ। ਪੰਜਾਬ ਵਿੱਚ ਵੀ AAP ਦੀ ਸਰਕਾਰ ਮੁਫ਼ਤ ਬਿਜਲੀ ਦੇਵੇਗੀ। ਕੱਲ੍ਹ ਚੰਡੀਗੜ੍ਹ ਵਿਖੇ ਮਿਲਦੇ ਹਾਂ ।”
ਕੇਜਰੀਵਾਲ ਦੀ ਪ੍ਰੈੱਸ ਕਾਨਫਰੰਸ ਨੂੰ ਲੈ ਕੇ ਛਿੜਿਆ ਵਿਵਾਦ
ਆਪ ਲੀਡਰ ਰਾਘਵ ਚੱਢਾ ਨੇ ਕਿਹਾ ਕਿ 29 ਜੂਨ ਨੂੰ ਜਿਸ ਥਾਂ ਉੱਤੇ ਚੰਡੀਗੜ੍ਹ ਵਿੱਚ ਕੇਜਰੀਵਾਲ ਦੀ ਪ੍ਰੈੱਸ ਕਾਨਫਰੰਸ ਹੋਣੀ ਸੀ, ਉਸ ਥਾਂ ਲਈ ਕੈਪਟਨ ਅਮਰਿੰਦਰ ਸਿੰਘ ਦੇ ਦਫ਼ਤਰ ਨੇ ਇਨਕਾਰ ਕਰ ਦਿੱਤਾ ਹੈ।
ਕੈਪਟਨ ਨੇ ਨਕਾਰੇ ਦੋਸ਼
ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਆਮ ਆਦਮੀ ਪਾਰਟੀ ਦੇ ਦਾਅਵੇ ਨੂੰ ਖਾਰਜ ਕਰ ਦਿੱਤਾ ਹੈ। ਕੈਪਟਨ ਨੇ ਕਿਹਾ ਕਿ ਕੇਜਰੀਵਾਲ ਨੂੰ ਰੈਲੀ ਕਰਨ ਦਿੱਤੀ ਤਾਂ ਹੁਣ ਪ੍ਰੈੱਸ ਕਾਨਫਰੰਸ ਤੋਂ ਕਿਉਂ ਰੋਕਾਂਗੇ। ਜੇ ਉਹ ਚਾਹੁਣ ਤਾਂ ਮੈਨੂੰ ਉਨ੍ਹਾਂ ਦੇ ਲੰਚ ਦੇ ਇੰਤਜ਼ਾਮ ਵਿੱਚ ਵੀ ਖੁਸ਼ੀ ਹੋਵੇਗੀ। ‘ਆਪ’ ਸਿਰਫ ਡਰਾਮਾ ਚਾਹੁੰਦੀ, ਇਸ ਲਈ ਉਸਨੂੰ ਭਾਵੇਂ ਝੂਠ ਕਿਉਂ ਨਾ ਬੋਲਣਾ ਪਵੇ। ‘ਆਪ’ ਝੂਠ ਬੋਲ ਰਹੀ ਹੈ। ਦਰਅਸਲ, ਆਮ ਆਦਮੀ ਪਾਰਟੀ ਦਾਅਵਾ ਕਰ ਰਹੀ ਸੀ ਕਿ ਕੇਜਰੀਵਾਲ ਨੂੰ ਪੰਜਾਬ ਭਵਨ ਵਿੱਚ ਪ੍ਰੈੱਸ ਕਾਨਫਰੰਸ ਦੀ ਇਜਾਜ਼ਤ ਨਹੀਂ ਦਿੱਤੀ ਜਾ ਰਹੀ ਹੈ’।
ਪ੍ਰੈੱਸ ਕਲੱਬ ਵਿੱਚ ਕਰਨਗੇ ਪ੍ਰੈੱਸ ਕਾਨਫਰੰਸ
‘ਆਪ’ ਮੁਤਾਬਕ ਪੰਜਾਬ ਸਰਕਾਰ ਵੱਲੋਂ ਪੰਜਾਬ ਭਵਨ ਵਿੱਚ ਕੇਜਰੀਵਾਲ ਵੱਲੋਂ ਪ੍ਰੈੱਸ ਕਾਨਫਰੰਸ ਕਰਨ ਲਈ ਇਜਾਜ਼ਤ ਨਾ ਮਿਲਣ ‘ਤੇ ਕੇਜਰੀਵਾਲ ਕੱਲ੍ਹ ਚੰਡੀਗੜ੍ਹ ਦੇ ਪ੍ਰੈੱਸ ਕਲੱਬ ਵਿੱਚ ਪ੍ਰੈੱਸ ਕਾਨਫਰੰਸ ਕਰਨਗੇ। ਕੇਜਰੀਵਾਲ ਚੰਡੀਗੜ੍ਹ ਦੇ ਸੈਕਟਰ 27 ਵਿੱਚ ਕੱਲ੍ਹ 1 ਵਜੇ ਪ੍ਰੈੱਸ ਕਾਨਫਰੰਸ ਕਰਨਗੇ। ਆਮ ਆਦਮੀ ਪਾਰਟੀ ਨੇ ਇਹ ਜਾਣਕਾਰੀ ਦਿੱਤੀ ਹੈ।