ਨਵੀਂ ਦਿੱਲੀ : ਟੋਲ ਪਲਾਜ਼ਾ ‘ਤੇ ਲੱਗਣ ਵਾਲੀਆਂ ਲੰਮੀਆਂ-ਲੰਮੀਆਂ ਲਾਈਨਾਂ ਨੂੰ ਖ਼ਤਮ ਕਰਨ ਦੇ ਲਈ ਸਰਕਾਰ ਨੇ Fast tag ਲਗਾਏ ਸਨ ਪਰ ਇਸ ਵਿੱਚ ਓਨੀ ਕਾਮਯਾਬੀ ਨਹੀਂ ਮਿਲੀ ਜਿੰਨੀ ਮਿਲਣੀ ਚਾਹੀਦੀ ਸੀ। ਫਾਸਟ ਟੈਗ ਦੇ ਬਾਵਜੂਦ ਲੋਕਾਂ ਨੂੰ ਲੰਮੀਆਂ-ਲੰਮੀਆਂ ਲਾਈਨਾਂ ਵਿੱਚ ਲੱਗਣਾ ਪੈਂਦਾ ਹੈ। ਇਸ ਲਈ ਕੇਂਦਰੀ ਸੜਕ ਅਤੇ ਆਵਾਜਾਈ ਮੰਤਰੀ ਨਿਤਿਨ ਗਡਕਰੀ ਨੇ ਟੋਲ ਪਲਾਜ਼ਾ ਨੂੰ ਖਤਮ ਕਰਨ ਦਾ ਫੈਸਲਾ ਲਿਆ ਹੈ। ਇਸ ਦੇ ਬਦਲੇ ਸਰਕਾਰ ਨਵੀਂ ਤਕਨੀਕ ਲੈ ਕੇ ਆ ਰਹੀ ਹੈ।
ਟੋਲ ਪਲਾਜ਼ਾ ਹਟਣ ਨਾਲ ਫਾਇਦੇ
ਸਰਕਾਰ ਟੋਲ ਪਲਾਜ਼ਾ ‘ਤੇ ਹੁਣ ਆਟੋਮੈਟਿਕ ਨੰਬਰ ਪਲੇਟ ਰੀਡਰ ਯਾਨੀ ANPR ਲਗਾਉਣ ਜਾ ਰਹੀ ਹੈ। ਜਿਵੇਂ ਹੀ ਕੋਈ ਕਾਰ ਹਾਈਵੇਅ ਤੋਂ ਗੁਜ਼ਰੇਗੀ ਤਾਂ ਉੱਥੇ ਲੱਗੇ ਕੈਮਰੇ ਦੇ ਜ਼ਰੀਏ ਐਕਾਉਂਟ ਤੋਂ ਪੈਸੇ ਕੱਟੇ ਜਾਣਗੇ। ਹਾਲਾਂਕਿ, ਇਹ ਕੈਮਰੇ 2019 ਤੋਂ ਬਾਅਦ ਆਉਣ ਵਾਲੀਆਂ ਗੱਡੀਆਂ ਦੇ ਨੰਬਰ ਪਲੇਟ ਹੀ ਰੀਡ ਕਰ ਸਕਣਗੇ। ਇਸ ਦੇ ਲਈ ਗੱਡੀਆਂ ਵਿੱਚ ਨਵੀਂ ਹਾਈ ਸਕਿਉਰਟੀ ਪਲੇਟ ਯਾਨੀ HSRR ਲੱਗੇਗੀ। ਇਸ ਨੰਬਰ ਪਲੇਟ ਦੇ ਜ਼ਰੀਏ ਸਾਰੀ ਜਾਣਕਾਰੀ ਮਿਲ ਜਾਵੇਗੀ। ਸਾਲ 2019 ਤੋਂ ਇਹ ਨੰਬਰ ਪਲੇਟ ਲੱਗਣੀਆਂ ਸ਼ੁਰੂ ਹੋ ਗਈਆਂ ਹਨ। ਟੋਲ ਪਲਾਜ਼ਾ ਹਟਣ ਨਾਲ 2 ਫਾਇਦੇ ਹੋਣਗੇ। ਪਹਿਲਾ ਤੁਹਾਨੂੰ ਟੋਲ ਘੱਟ ਦੇਣਾ ਹੋਵੇਗਾ, ਦੂਜਾ ਪਲਾਜ਼ਾ ‘ਤੇ ਲੱਗਣ ਵਾਲੇ ਜਾਮ ਤੋਂ ਤੁਹਾਨੂੰ ਛੁਟਕਾਰਾ ਮਿਲ ਜਾਵੇਗਾ। ਕੇਂਦਰੀ ਸੜਕ ਅਤੇ ਆਵਾਜਾਈ ਮੰਤਰੀ ਨੇ ਦੱਸਿਆ ਕਿ ਭਾਵੇਂ 2 ਟੋਲ ਪਲਾਜ਼ਾ ਦੇ ਵਿਚਾਲੇ ਦੂਰੀ 60 ਕਿਲੋਮੀਟਰ ਦੀ ਹੁੰਦੀ ਹੈ ਪਰ ਤੁਹਾਨੂੰ ਪੂਰਾ ਟੋਲ ਦੇਣਾ ਹੁੰਦਾ ਹੈ। ਜੇਕਰ ਤੁਸੀਂ ਹਾਈਵੇਅ ਦੀ ਵਰਤੋਂ ਸਿਰਫ਼ 30 ਕਿਲੋਮੀਟਰ ਦੇ ਲਈ ਕਰਦੇ ਹੋ ਤਾਂ ਨਵੀਂ ਤਕਨੀਕ ਨਾਲ ਤੁਹਾਨੂੰ ਸਿਰਫ਼ ਅੱਧੀ ਕੀਮਤ ਹੀ ਚੁਕਾਉਣੀ ਹੋਵੇਗੀ। ਹੁਣ ਤੁਹਾਡੇ ਮਨ ਵਿੱਚ ਸਵਾਲ ਉੱਠ ਰਹੇ ਹੋਣਗੇ ਕਿ ਫਾਸਟ ਟੈਗ ਦਾ ਕੀ ਹੋਵੇਗਾ ? ਉਨ੍ਹਾਂ ਦੀ ਥਾਂ ਹੁਣ ਆਟੋਮੈਟਿਕ ਨੰਬਰ ਪਲੇਟ ਯਾਨੀ ANPR ਲੈਣਗੇ। ANPR ਕੈਮਰਿਆਂ ਤੋਂ ਇਲਾਵਾ ਸਰਕਾਰ ਟੋਲ ਕਲੈਕਸ਼ਨ ਦੇ ਲਈ GPS ਤਕਨੀਕ ਲਿਆਉਣ ‘ਤੇ ਵੀ ਵਿਚਾਰ ਕਰ ਰਹੀ ਹੈ।
ANPR ਨੂੰ ਲਾਗੂ ਕਰਨ ਵਿੱਚ ਚੁਣੌਤੀਆਂ
ANPR ਕੈਮਰਿਆਂ ਨੂੰ ਨੰਬਰ ਪਲੇਟ ਦੇ 9 ਨੰਬਰਾਂ ਨੂੰ ਪੜਨ ਦੇ ਲਈ ਤਿਆਰ ਕੀਤਾ ਗਿਆ ਹੈ ਪਰ ਜੇਕਰ ਨੰਬਰ ਪਲੇਟ ‘ਤੇ ਕੁਝ ਹੋਰ ਲਿਖਿਆ ਹੈ ਤਾਂ ਕੈਮਰੇ ਉਸ ਨੂੰ ਨਹੀਂ ਪੜ੍ਹ ਸਕਣਗੇ। ਟਰਾਇਲ ਦੌਰਾਨ ਐਕਸਪ੍ਰੈਸ ਵੇਅ ‘ਤੇ 10 ਫੀਸਦੀ ਨੰਬਰਾਂ ਨੂੰ ANPR ਰੀਡ ਨਹੀਂ ਕਰ ਸਕੇ ਸਨ ਕਿਉਂਕਿ 9 ਨੰਬਰਾਂ ਤੋਂ ਇਲਾਵਾ ਵੀ ਸ਼ਬਦ ਅਤੇ ਨੰਬਰ ਸਨ। ਇਸ ਤੋਂ ਇਲਾਵਾ ਲੰਮੀ ਦੂਰੀ ਤੈਅ ਕਰਨ ਵਾਲੇ ਟਰੱਕ ਅਤੇ ਹੋਰ ਕਮਰਸ਼ਲ ਗੱਡੀਆਂ ਦੀਆਂ ਨੰਬਰ ਪਲੇਟਾਂ ਗੰਦੀਆਂ ਹੁੰਦੀਆਂ ਹਨ। ਅਜਿਹੇ ਵਿੱਚ ANPR ਕੈਮਰਿਆਂ ਨੂੰ ਪਰੇਸ਼ਾਨੀ ਆ ਸਕਦੀ ਹੈ। ਕੇਂਦਰੀ ਸੜਕ ਅਤੇ ਆਵਾਜਾਈ ਮੰਤਰੀ ਨਿਤਿਨ ਗਡਕਰੀ ਨੇ ਕਿਹਾ ਕਿ ਇਸ ਯੋਜਨਾ ਨੂੰ ਲਾਗੂ ਕਰਨ ਦੇ ਲਈ ਸਰਕਾਰ ਜਲਦ ਬਿੱਲ ਲੈ ਕੇ ਆਏਗੀ ਅਤੇ 6 ਮਹੀਨੇ ਦੇ ਅੰਦਰ ਇਸ ਨੂੰ ਲਾਗੂ ਕੀਤਾ ਜਾਵੇਗਾ।