‘ਦ ਖ਼ਾਲਸ ਟੀਵੀ ਬਿਊਰੋ (ਜਗਜੀਵਨ ਮੀਤ):- ਟੋਕੀਓ ਉਲੰਪਿਕ ‘ਚ ਅੱਜ ਕੁਸ਼ਤੀ ਮੁਕਾਬਲੇ ਦੌਰਾਨ ਭਾਰਤੀ ਪਹਿਲਵਾਨ ਰਵੀ ਦਾਹੀਆ ਬੇਸ਼ੱਕ ਫਾਇਨਲ ਵਿਚ ਪਹੁੰਚ ਗਏ ਹਨ, ਪਰ ਫਾਇਨਲ ਰਾਊਂਡ ਤੱਕ ਪਹੁੰਚਣਾ ਰਵੀ ਲਈ ਸੌਖਾ ਕੰਮ ਨਹੀਂ ਸੀ।
ਮੈਚ ਦੇ ਅਖੀਰਲੇ ਸਮੇਂ ਜਦੋਂ ਕੁਸ਼ਤੀ ਮੁਕਾਬਲੇ ਵਿਚ ਕਜ਼ਾਕਿਸਤਾਨ ਦਾ ਭਲਵਾਨ ਨੂਰਇਸਲਾਮ ਸਨਾਯੇਵ ਹਾਰ ਰਿਹਾ ਸੀ ਤੇ ਉਸਦੀ ਪਿੱਠ ਲੱਗਣ ਵਾਲੀ ਸੀ ਤਾਂ ਉਸਨੇ ਬਹੁਤ ਹੀ ਗਲਤ ਤਰੀਕੇ ਨਾਲ ਰਵੀ ਦੀ ਬਾਂਹ ਉੱਪਰ ਦੰਦਾਂ ਨਾਲ ਬਹੁਤ ਡੂੰਘਾ ਕੱਟ ਮਾਰ ਦਿੱਤਾ ਤੇ ਕਾਫੀ ਦੇਰ ਤੱਕ ਅਜਿਹਾ ਕਰਦਾ ਰਿਹਾ।ਹਾਲਾਂਕਿ ਅਜਿਹਾ ਉਸਨੇ ਉਦੋਂ ਤੱਕ ਕੀਤਾ ਜਦੋਂ ਤੱਕ ਰਵੀ ਨੂੰ ਤਕਲੀਫ ਪਹੁੰਚਾਉਣ ਦੀ ਉਸਦੀ ਆਖਰੀ ਕੋਸ਼ਿਸ਼ ਵੀ ਖਤਮ ਨਹੀਂ ਹੋ ਗਈ, ਪਰ ਦੂਜੇ ਪਾਸੇ ਰਵੀ ਨੇ ਵੀ ਇਸ ਤਕਲੀਫ ਨੂੰ ਅਖੀਰ ਤੱਕ ਸਹਿ ਕੇ ਨੂਰਇਸਲਾਮ ਨਾਂ ਦੇ ਇਸ ਖਿਡਾਰੀ ਦਾ ਘੋਗਾ ਚਿੱਤ ਕਰਕੇ ਹੀ ਦਮ ਲਿਆ।
ਰਵੀ ਨੇ ਆਪਣੀ ਬਾਂਹ ਉੱਤੇ ਦੰਦਾਂ ਨਾਲ ਇਸ ਖਿਡਾਰੀ ਵੱਲੋਂ ਲਗਾਏ ਕੱਟ ਦਾ ਨਿਸ਼ਾਨ ਰੈਫਰੀ ਨੂੰ ਵੀ ਦਿਖਾਇਆ, ਪਰ ਮੌਕੇ ‘ਤੇ ਕੋਈ ਸਖਤ ਕਾਰਵਾਈ ਨਹੀਂ ਕੀਤੀ ਗਈ।ਇਸ ਨੂੰ ਲੈ ਕੇ ਰਵੀ ਦੇ ਪ੍ਰਸ਼ੰਸਕਾਂ ‘ਚ ਭਾਰਾ ਰੋਸ ਹੈ ਤੇ #NurislamSanayev ਦਾ ਹੈਸ਼ਟੈਗ ਚਲਾ ਕੇ ਕਜਾਕਿਸਤਾਨ ਦੇ ਇਸ ਖਿਡਾਰੀ ਦੀ ਘਟੀਆ ਹਰਕਤ ਦੇ ਖਿਲਾਫ ਸਖਤ ਕਦਮ ਚੁੱਕਣ ਦੀ ਮੰਗ ਕੀਤੀ ਹੈ।