‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਅੱਜ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਅਗਵਾਈ ਹੇਠ ਕਿਸਾਨਾਂ ਵੱਲੋਂ ਪੈਪਸੂ ਮੁਜ਼ਾਹਰਾ ਲਹਿਰ ਦੇ ਸੂਰਮਿਆਂ ਨੂੰ ਸ਼ਰਧਾਂਜਲੀ ਦਿੱਤੀ ਗਈ। ਕਿਸਾਨਾਂ ਵੱਲੋਂ ਕੁੱਝ ਸਮਾਂ ਖੜੇ ਹੋ ਕੇ ਮੌਨ ਰਹਿ ਕੇ ਇਨ੍ਹਾਂ ਸੂਰਮਿਆਂ ਨੂੰ ਸ਼ਰਧਾਂਜਲੀ ਦਿੱਤੀ ਗਈ। ਪੈਪਸੂ ਮੁਜ਼ਾਹਰਾ ਲਹਿਰ ਦੇ ਸ਼ਹੀਦਾਂ ਦੇ ਪੋਸਟਰਾਂ ‘ਤੇ ਕਿਸਾਨਾਂ ਨੇ ਫੁੱਲਾਂ ਦੀ ਵਰਖਾ ਕੀਤੀ। ਬੀਬੀਆਂ ਨੇ ਵੀ ਸਟੇਜ ‘ਤੇ ਚੜ੍ਹ ਕੇ ਇਨ੍ਹਾਂ ਸੂਰਮਿਆਂ ਨੂੰ ਸ਼ਰਧਾਂਜਲੀ ਦਿੱਤੀ ਅਤੇ ਖੇਤੀ ਕਾਨੂੰਨਾਂ ਖਿਲਾਫ ਨਾਅਰੇਬਾਜ਼ੀ ਕੀਤੀ। ਇਸ ਮੌਕੇ ਕਿਸਾਨਾਂ ਨੇ ਦਿੱਲੀ ‘ਚ ਕਿਸਾਨੀ ਅੰਦੋਲ ਦੌਰਾਨ ਸ਼ਹੀਦ ਹੋਏ ਕਿਸਾਨਾਂ ਨੂੰ ਵੀ ਸ਼ਰਧਾਂਜਲੀ ਦਿੱਤੀ।
ਇਸ ਸਮਾਗਮ ਵਿੱਚ ਬੀਬੀਆਂ ਵੀ ਵੱਡੀ ਗਿਣਤੀ ਵਿੱਚ ਸ਼ਾਮਿਲ ਹੋਈਆਂ। ਇਸ ਮੌਕੇ ਕਿਸਾਨਾਂ ਨੇ ਸਟੇਜ ਤੋਂ ਕਈ ਤਕਰੀਰਾਂ ਕੀਤੀਆਂ। ਕਿਸਾਨਾਂ ਨੇ ਇਨ੍ਹਾਂ ਸੂਰਮਿਆਂ ਦੀ ਬਹਾਦਰੀ ਦਾ ਹਵਾਲਾ ਦਿੰਦਿਆਂ ਕੇਂਦਰ ਸਰਕਾਰ, ਰਾਜਨੀਤਿਕ ਪਾਰਟੀਆਂ ਨੂੰ ਚਿਤਾਵਨੀ ਦਿੰਦਿਆਂ ਕਿਹਾ ਕਿ ਅਸੀਂ ਖੇਤੀ ਕਾਨੂੰਨ ਰੱਦ ਕਰਵਾਏ ਬਿਨਾਂ ਵਾਪਸ ਨਹੀਂ ਜਾਵਾਂਗੇ। ਸੰਯੁਕਤ ਕਿਸਾਨ ਮੋਰਚਾ ਨੇ ਟਿਕਰੀ ਬਾਰਡਰ ‘ਤੇ ਸਟੇਜ ‘ਤੇ ਲਹਿਰ ਦੇ ਸ਼ਹੀਦਾਂ, ਲੀਡਰਾਂ, ਵਰਕਰਾਂ ਦੇ ਪਰਿਵਾਰਾਂ ਦਾ ਸਨਮਾਨ ਕੀਤਾ।