ਚੰਡੀਗੜ੍ਹ : ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਅੱਜ 26 ਅਪ੍ਰੈਲ ਨੂੰ ਹੋਣ ਵਾਲੀਆਂ ਪ੍ਰੈਕਟਿਲ ਪ੍ਰੀਖਿਆਵਾਂ ਪਹਿਲਾਂ ਤੋਂ ਮਿੱਥੇ ਸਮੇਂ ਅਨੁਸਾਰ ਸਵੇਰੇ 8.00 ਵਜੇ ਸ਼ੁਰੂ ਹੋਣਗੀਆਂ। ਜੇ ਆਰ ਮਹਿਰੋਕ ਸਕੱਤਰ ਪੰਜਾਬ ਸਕੂਲ ਸਿੱਖਿਆ ਬੋਰਡ ਨੇ ਇਹ ਜਾਣਕਾਰੀ ਦਿੱਤੀ। ਉਹਨਾਂ ਦੱਸਿਆ ਕਿ 10ਵੀਂ ਤੇ 12ਵੀਂ ਦੇ ਸਾਰੇ ਪ੍ਰੀਖਿਆ ਕੇਂਦਰਾਂ ’ਤੇ ਇਹ ਪ੍ਰੈਕਟਿਕਲ ਪ੍ਰੀਖਿਆਵਾਂ ਹੋਣੀਆਂ ਹਨ।
ਬੀਤੇ ਕੱਲ੍ਹ ਦੇਰ ਸ਼ਾਮ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਸ. ਪ੍ਰਕਾਸ਼ ਸਿੰਘ ਬਾਦਲ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਸਰਪ੍ਰਸਤ ਦਾ ਦੇਹਾਂਤ ਹੋ ਗਿਆ ਸੀ । ਉਨ੍ਹਾਂ ਨੇ ਮੁਹਾਲੀ ਦੇ ਫੋਰਟਿਸ ਹਸਪਤਾਲ ਵਿੱਚ ਸ਼ਾਮ ਵੇਲੇ 95 ਸਾਲ ਦੀ ਉਮਰ ਵਿੱਚ ਅੰਤਿਮ ਸਾਹ ਲਏ । ਪਿਛਲੇ ਸ਼ੁੱਕਰਵਾਰ ਨੂੰ ਉਨ੍ਹਾਂ ਨੂੰ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਸੀ ।
ਇਸੇ ਦੌਰਾਨ ਪ੍ਰਕਾਸ਼ ਸਿੰਘ ਬਾਦਲ ਦੇ ਦੇਹਾਂਤ ਉੱਤੇ ਕਈ ਮੀਡੀਆ ਅਦਾਰਿਆਂ ਵੱਲੋਂ ਅੱਜ ਦੀ ਸਰਕਾਰੀ ਛੁੱਟੀ ਹੋਣ ਦੀ ਖ਼ਬਰ ਚਲਾਈ ਜਾ ਰਹੀ ਹੈ। ਜਦਕਿ ਹਾਲੇ ਤੱਕ ਪੰਜਾਬ ਸਰਕਾਰ ਵੱਲੋਂ ਇਸ ਸਬੰਧੀ ਕੋਈ ਪੁਸ਼ਟੀ ਨਹੀਂ ਕੀਤੀ ਗਈ ਹੈ। ਇੰਨਾ ਹੀ ਨਹੀਂ ਸੂਬਾ ਸਰਕਾਰ ਵੱਲੋਂ ਛੁੱਟੀ ਸਬੰਧੀ ਕੋਈ ਨੋਟਿਫਿਕੇਸ਼ਨ ਜਾਰੀ ਨਹੀਂ ਹੋਇਆ।
ਸਰਕਾਰੀ ਮੁਲਾਜ਼ਮ ਵੀ ਇਸੇ ਦੁਚਿੱਤੀ ਵਿੱਚ ਫਸੇ ਰਹੇ ਕਿ ਅੱਜ ਸਰਕਾਰੀ ਛੁੱਟੀ ਹੈ। ਪਰ ਸਰਕਾਰੀ ਅਦਾਰਿਆਂ ਵੱਲੋਂ ਕੋਈ ਪੁਸ਼ਟੀ ਨਾ ਹੋਣ ਕਾਰਨ ਮੁਲਾਜ਼ਮ ਦਫ਼ਤਰਾਂ ਵਿੱਚ ਡਿਊਟੀ ਉੱਤੇ ਜਾ ਰਹੇ ਹਨ।