ਮਰਹਮ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦਾ 32ਵਾਂ ਜਨਮਦਿਨ ਅੱਜ (11 ਜੂਨ) ਹੈ। ਇਸ ਮੌਕੇ ‘ਤੇ ਸਿੱਧੂ ਦਾ 3 ਗੀਤਾਂ ਵਾਲਾ ਐਲਬਮ “ਮੂਸੇ ਪ੍ਰਿੰਟ” ਰਿਲੀਜ਼ ਹੋਣ ਜਾ ਰਿਹਾ ਹੈ। ਇਸ ਬਾਰੇ ਪਿਤਾ ਬਲਕੌਰ ਸਿੰਘ ਨੇ ਕਿਹਾ ਕਿ ਆਪਣੀ ਮੌਤ ਤੋਂ ਪਹਿਲਾਂ ਪੁੱਤਰ ਆਪਣੇ, ਮੇਰੇ ਅਤੇ ਆਪਣੀ ਮਾਂ ਦੇ ਜਨਮਦਿਨ ‘ਤੇ ਗੀਤ ਰਿਲੀਜ਼ ਕਰਦਾ ਰਿਹਾ। ਇਸ ਐਲਬਮ ਨੂੰ ਰਿਲੀਜ਼ ਕਰਨ ਦਾ ਮਕਸਦ ਇਹ ਹੈ ਕਿ ਸਿੱਧੂ ਵੱਲੋਂ ਸ਼ੁਰੂ ਕੀਤੀ ਗਈ ਇਹ ਲੜੀ ਰੁਕ ਨਾ ਜਾਵੇ।
ਪਿਤਾ ਨੇ ਕਿਹਾ ਕਿ ਇਹ ਯਕੀਨੀ ਬਣਾਉਣ ਲਈ ਕੋਸ਼ਿਸ਼ਾਂ ਜਾਰੀ ਹਨ ਕਿ ਸਿੱਧੂ ਦੇ ਪ੍ਰਸ਼ੰਸਕਾਂ ਨੂੰ ਸਿੱਧੂ ਦੇ ਹਰ ਜਨਮਦਿਨ ‘ਤੇ ਕੁਝ ਨਾ ਕੁਝ ਮਿਲੇ। ਇਸ ਸਮੇਂ, ਸਿੱਧੂ ਦੇ ਸਾਰੇ ਗੀਤ ਜੋ ਰਿਕਾਰਡ ਕੀਤੇ ਗਏ ਹਨ, ਹੌਲੀ-ਹੌਲੀ ਰਿਲੀਜ਼ ਕੀਤੇ ਜਾ ਰਹੇ ਹਨ। ਇਸ ਐਲਬਮ ਵਿੱਚ ਵੀ ਸਿੱਧੂ ਦੇ ਪ੍ਰਸ਼ੰਸਕਾਂ ਨੂੰ ਉਹ ਮਿਲੇਗਾ ਜੋ ਉਹ ਸਿੱਧੂ ਤੋਂ ਜਿਉਂਦੇ ਜੀਅ ਚਾਹੁੰਦੇ ਸਨ।
ਐਲਬਮ ਦਾ ਪੋਸਟਰ ਇੰਸਟਾਗ੍ਰਾਮ ‘ਤੇ ਰਿਲੀਜ਼ ਕੀਤਾ ਗਿਆ ਹੈ। ਇਸ ਪੋਸਟਰ ਨੂੰ ਹੁਣ ਤੱਕ 1.3 ਮਿਲੀਅਨ ਤੋਂ ਵੱਧ ਲੋਕਾਂ ਨੇ ਪਸੰਦ ਕੀਤਾ ਹੈ। ਇਸ ਐਲਬਮ ਵਿੱਚ 3 ਗੀਤ 0008, ਨੇਲਜ਼ ਅਤੇ ਟੇਕ ਨੋਟਸ ਸ਼ਾਮਲ ਹਨ।
ਦੱਸ ਦੇਈਏ ਕਿ ਸ਼ੁਭਦੀਪ ਉਰਫ਼ ਸਿੱਧੂ ਮੂਸੇਵਾਲਾ ਦਾ ਜਨਮ 11 ਜੂਨ 1993 ਨੂੰ ਮਾਨਸਾ ਜ਼ਿਲ੍ਹੇ ਦੇ ਪਿੰਡ ਮੂਸਾ ਵਿੱਚ ਹੋਇਆ ਸੀ। 29 ਮਈ 2022 ਨੂੰ ਮਾਨਸਾ ਦੇ ਪਿੰਡ ਜਵਾਹਰਕੇ ਵਿੱਚ ਸਿੱਧੂ ਮੂਸੇਵਾਲਾ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ ਸੀ।
ਉਸ ਦੀ ਮੌਤ ਤੋਂ ਬਾਅਦ ਕੁੱਲ 9 ਗੀਤ ਰਿਲੀਜ਼ ਹੋ ਚੁੱਕੇ ਹਨ।
ਮੌਤ ਤੋਂ ਬਾਅਦ ਰਿਲੀਜ਼ ਹੋ ਚੁੱਕੇ ਹਨ 9 ਗੀਤ
ਸਿੱਧੂ ਮੂਸੇਵਾਲਾ ਨੇ 29 ਮਈ, 2022 ਨੂੰ ਦੁਨੀਆ ਨੂੰ ਅਲਵਿਦਾ ਕਹਿ ਦਿੱਤਾ ਸੀ। ਅਗਲੇ ਹੀ ਮਹੀਨੇ, 23 ਜੂਨ, 2022 ਨੂੰ, ਉਹਨਾਂ ਦਾ ਪਹਿਲਾ ਗੀਤ ‘SYL’ ਰਿਲੀਜ਼ ਹੋਇਆ। ਉਹਨਾਂ ਦਾ ਦੂਜਾ ਗੀਤ ‘ਵਾਰ’ 8 ਨਵੰਬਰ, 2022 ਨੂੰ ਰਿਲੀਜ਼ ਹੋਇਆ ਸੀ। ਤੀਜਾ ਗੀਤ ‘ਮੇਰਾ ਨਾ’ 7 ਅਪ੍ਰੈਲ, 2023 ਨੂੰ ਰਿਲੀਜ਼ ਹੋਇਆ ਸੀ। ਮੂਸੇਵਾਲਾ ਦੇ ਚੌਥੇ ਗੀਤ ਦਾ ਨਾਮ ‘ਚੋਰਨੀ’ ਸੀ, ਜੋ 7 ਜੁਲਾਈ, 2023 ਨੂੰ ਰਿਲੀਜ਼ ਹੋਇਆ ਸੀ। ਉਹਨਾਂ ਦਾ ਪੰਜਵਾਂ ਗੀਤ ‘ਵਾਚਆਊਟ’ ਸੀ। ਇਹ 12 ਨਵੰਬਰ, 2023 ਨੂੰ ਰਿਲੀਜ਼ ਹੋਇਆ ਸੀ। ਸਿੱਧੂ ਦਾ 6ਵਾਂ ਗੀਤ ‘ਡ੍ਰਿਪੀ’ 2 ਫਰਵਰੀ, 2024 ਨੂੰ, 7ਵਾਂ ਗੀਤ ‘410’ 11 ਅਪ੍ਰੈਲ, 2024 ਨੂੰ ਅਤੇ 8ਵਾਂ ਗੀਤ ‘ਅਟੈਚ’ 30 ਅਗਸਤ ਨੂੰ ਰਿਲੀਜ਼ ਕੀਤਾ ਗਿਆ ਸੀ ਅਤੇ ਨੌਵਾਂ ਗਾਣਾ 23 ਜਨਵਰੀ 2025 ਨੂੰ ਲਾਕ ਰਿਲੀਜ਼ ਕੀਤਾ ਗਿਆ ਸੀ।