Punjab

ਪੰਚਾਇਤੀ ਚੋਣਾਂ ਲਈ ਨਾਮਜ਼ਦਗੀਆਂ ਭਰਨ ਦਾ ਅੱਜ ਆਖ਼ਰੀ ਦਿਨ

ਮੁਹਾਲੀ : 15 ਅਕਤੂਬਰ ਨੂੰ ਪੰਚ ਅਤੇ ਸਰਪੰਚਾਂ ਦੇ ਲਈ ਹੋਣ ਵਾਲੀਆਂ ਪੰਚਾਇਤੀ ਚੋਣਾਂ ਲਈ ਨਾਮਜ਼ਦਗੀਆਂ ਭਰਨ ਦਾ ਅੱਜ ਆਖ਼ਰੀ ਦਿਨ ਹੈ। ਨਾਮਜ਼ਦਗੀ ਸਵੇਰੇ 11 ਵਜੇ ਤੋਂ ਦੁਪਹਿਰ 3 ਵਜੇ ਤੱਕ ਹੋਵੇਗੀ। ਪੰਜਾਬ ‘ਚ ਪੰਚਾਇਤੀ ਚੋਣਾਂ ਲਈ ਨਾਮਜ਼ਦਗੀ ਪ੍ਰਕਿਰਿਆ 27 ਸਤੰਬਰ ਤੋਂ ਸ਼ੁਰੂ ਹੋਈ ਸੀ, ਇਹ ਚੋਣ 13,237 ਪੰਚਾਇਤਾਂ ਲਈ ਹੈ। ਚੋਣਾਂ 15 ਅਕਤੂਬਰ ਨੂੰ ਬੈਲਟ ਪੇਪਰ ਰਾਹੀਂ ਹੋਣਗੀਆਂ, 1.33 ਕਰੋੜ ਵੋਟਰ ਕਰਨਗੇ ਵੋਟਿੰਗ, ਚੋਣਾਂ ਲਈ 96 ਹਜ਼ਾਰ ਮੁਲਾਜ਼ਮ ਤਾਇਨਾਤ ਕੀਤੇ ਗਏ ਹਨ।

ਪੰਜਾਬ ਚੋਣ ਕਮਿਸ਼ਨ ਅਨੁਸਾਰ ਸੂਬੇ ਵਿਚ 30 ਸਤੰਬਰ ਤਕ ਸਰਪੰਚਾਂ ਲਈ ਕੁਲ 784 ਅਤੇ ਪੰਚਾਂ ਲਈ ਕੁਲ 1446 ਨਾਮਜ਼ਦਗੀਆਂ ਰਿਟਰਨਿੰਗ ਅਧਿਕਾਰੀਆਂ ਨੂੰ ਪ੍ਰਾਪਤ ਹੋਈਆਂ ਹਨ।

ਪੰਚਾਈਤੀ ਚੋਣਾਂ ਲਈ ਨਾਜ਼ਮਦਗੀ ਪੱਤਰ ਦਾਖ਼ਲ ਕਰਨ ਦੀ ਪ੍ਰਕਿਰਿਆ 27 ਸਤੰਬਰ ਨੂੰ ਸ਼ੁਰੂ ਹੋਈ ਸੀ ਜੋ ਕਿ ਚਾਰ ਅਕਤੂਬਰ ਤਕ ਚਲੇਗੀ ਜਦਕਿ ਦੋ ਦਿਨ ਛੁੱਟੀ ਹੋਣ ਕਾਰਨ ਇਹ ਨਾਮਜ਼ਦਗੀ ਪੱਤਰ ਭਰਨ ਦੀ ਪ੍ਰਕਿਰਿਆ ਹੋ ਨਹੀਂ ਸਕੀ।

ਪੰਜ ਅਕਤੂਬਰ ਨੂੰ ਸਾਰੀਆਂ ਨਾਮਜ਼ਦਗੀਆਂ ਦੀ ਛਾਂਟੀ ਕੀਤੀ ਜਾਵੇਗੀ। ਇਸ ਤੋਂ ਬਾਅਦ ਸੱਤ ਅਕਤੂਬਰ ਨੂੰ ਤਿੰਨ ਵਜੇ ਤਕ ਉਮੀਦਵਾਰ ਅਪਣਾ ਨਾਮ ਵਾਪਸ ਲੈ ਸਕਣਗੇ। 15 ਅਕਤੂਬਰ ਨੂੰ ਸਵੇਰ ਅੱਠ ਵਜੇ ਵੋਟਿਗ ਸ਼ੁਰੂ ਹੋਵੇਗੀ। ਪੰਚਾਈਤੀ ਚੋਣਾਂ ਲਈ 13,237 ਸਰਪੰਚ ਅਤੇ 83,437 ਪੰਚ ਚੁਣੇ ਜਾਣਗੇ।

ਚੋਣਾਂ ਵਿਚ 1,33,97,922 ਵੋਟਰ ਅਪਣੇ ਚੋਣ ਦੇ  ਅਧਿਕਾਰ ਦੀ ਵਰਤੋਂ ਕਰਨਗੇ। ਪੰਚਾਈਤੀ ਚੋਣਾਂ ਨੂੰ ਲੈ ਕੇ ਚੋਣ ਕਮਿਸ਼ਨ ਨੇ 19,110 ਮਤਦਾਨ ਕੇਂਦਰ ਬਣਾਏ ਹਨ। ਚੋਣ ਕਮਿਸ਼ਨ ਅਨੁਸਾਰ ਬੈਲਟ ਪੇਪਰ ’ਤੇ ਨੋਟਾ ਦੀ ਵਰਤੋਂ ਵੀ ਕੀਤੀ ਜਾ ਸਕੇਗੀ। ਜ਼ਿਕਰਯੋਗ ਹੈ ਕਿ ਸੂਬੇ ਵਿਚ ਪੰਚਾਇਤਾਂ ਫ਼ਰਵਰੀ 2024 ਵਿਚ ਭੰਗ ਹੋ ਗਈਆਂ ਸਨ ਅਤੇ ਲੋਕ ਸਭਾ ਚੋਣਾਂ ਦੇ ਕਾਰਨ ਚੋਣਾਂ ਵਿਚ ਦੇਰੀ ਹੋ ਗਈ ਸੀ।

ਇਹ ਵੀ ਪੜ੍ਹੋ – ਮਿਰਜ਼ਾਪੁਰ ‘ਚ ਟਰੱਕ ਤੇ ਟਰੈਕਟਰ ਦੀ ਭਿਆਨਕ ਟੱਕਰ, 10 ਮਜ਼ਦੂਰਾਂ ਦੀ ਮੌਤ, 3 ਗੰਭੀਰ