Punjab

ਅੱਜ ਨਾਮਜ਼ਦਗੀਆਂ ਦਾ ਆਖ਼ਰੀ ਦਿਨ, ਨਾਮਜ਼ਦਗੀ ਕੇਂਦਰ ਦੇ ਬਾਹਰ ਲੱਗੀਆਂ ਲੰਮੀਆਂ ਲਾਈਨਾਂ, ਮੋਗਾ ‘ਚ ਫਾਇਰਿੰਗ

ਮੁਹਾਲੀ : ਪੰਚਾਇਤੀ ਚੋਣਾਂ ਦੇ ਮੱਦੇ ਨਜ਼ਰ ਨਾਮਜ਼ਦਗੀਆਂ ਦਾਖਲ ਕਰਨ ਦੇ ਆਖਰੀ ਦਿਨ ਬਣਾਏ ਗਏ ਵੱਖ- ਵੱਖ ਸੈਂਟਰਾਂ ਵਿੱਚ ਸਰਪੰਚ ਅਤੇ ਪੰਚ ਦੀ ਚੋਣ ਲੜਨ ਵਾਲੇ ਉਮੀਦਵਾਰਾਂ ਦੀਆਂ ਲੰਮੀਆਂ-ਲੰਮੀਆਂ ਲਾਈਨਾਂ ਸਵੇਰ ਤੋਂ ਹੀ ਲੱਗੀਆਂ ਹੋਈਆਂ ਗਈਆਂ ਹਨ। ਮੋਗਾ ‘ਚ ਫਾਇਰਿੰਗ ਦਾ ਮਾਮਲਾ ਸਾਹਮਣੇ ਆਇਆ ਹੈ ਜਿੱਥੇ ਅਣਪਛਾਤੇ ਲੋਕਾਂ ਨੇ ਦੋ ਗੋਲੀਆਂ ਚਲਾਈਆਂ ਅਤੇ ਫਿਰ ਲੋਕਾਂ ਦੀਆਂ ਫਾਈਲਾਂ ਪਾੜ ਦਿੱਤੀਆਂ, ਜਿਸ ਤੋਂ ਬਾਅਦ ਪੁਲਿਸ ਨੇ ਰੈੱਡ ਕਰਾਸ ਕੇਂਦਰ ਵਾਲੀ ਇਮਾਰਤ ਦੇ ਬਾਹਰ ਪੁਲਿਸ ਨੂੰ ਤਾਇਨਾਤ ਕਰ ਦਿੱਤਾ ਹੈ। ਜ਼ੀਰਾ ’ਚ ਸਥਿਤੀ ਬੇਕਾਬੂ ਹੁੰਦੀ ਨਜ਼ਰ ਆ ਰਹੀ ਹੈ, ਜਿਸ ਤੋਂ ਬਾਅਦ ਪ੍ਰਸਾਸ਼ਨ ਨੇ ਭਾਰੀ ਪੁਲਿਸ ਬਲ ਤਾਇਨਾਤ ਕਰ ਦਿੱਤੀ ਹੈ ਅਤੇ ਕਈ ਥਾਈਂ ਮਾਨ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਵੀ ਕੀਤੀ ਗਈ ਹੈ।

ਪੰਚਾਇਤੀ ਚੋਣਾਂ ਦੇ ਚੱਲਦਿਆਂ ਫ਼ਾਈਲਾਂ ਬਲਾਕ ਦਫ਼ਤਰ ਜਮਾ ਕਰਵਾਉਣ ਨੂੰ ਲੈ ਕੇ ਬਲਾਕ ਦਫ਼ਤਰ ਸ਼ਹਿਣਾ ਵਿਖੇ ਸਥਿਤੀ ਕਾਬੂ ਤੋਂ ਬਾਹਰ ਹੁੰਦੀ ਜਾ ਰਹੀ ਹੈ। ਅੱਜ ਸਵੇਰੇ ਤੋਂ ਲੋਕ ਲਾਈਨਾਂ ਵਿਚ ਲੱਗੇ ਹੋਏ ਹਨ ਅਤੇ ਪੁਲਿਸ ਵਾਰ-ਵਾਰ ਸਖ਼ਤੀ ਕਰ ਕੇ ਧੱਕਾ ਰੋਕਣ ਦਾ ਯਤਨ ਕਰ ਰਹੀ ਹੈ।

ਮਾਨ ਸਰਕਾਰ ਦੇ ਖ਼ਿਲਾਫ਼ ਕੀਤੀ ਨਾਅਰੇਬਾਜ਼ੀ

ਦੂਜੇ ਬੰਨੇ ਬਲਾਕ ਖਡੂਰ ਸਾਹਿਬ ਦੇ ਸ੍ਰੀ ਗੁਰੂ ਅੰਗਦ ਦੇਵ ਕਾਲਜ ਖਡੂਰ ਸਾਹਿਬ ਵਿਖੇ ਨਾਮਜ਼ਦਗੀਆਂ ਭਰਨ ਵਾਲਿਆਂ ਦੀ ਵੱਡੀ ਭੀੜ ਇਕੱਠੀ ਹੋ ਗਈ ਹੈ ਅਤੇ ਪੁਲਿਸ ਪ੍ਰਸ਼ਾਸਨ ਦੇ ਢਿੱਲੇ ਇੰਤਜ਼ਾਮ ਕਾਰਨ ਬਾਹਰ ਸੜਕ ਜਾਮ ਹੋਈ ਪਈ ਹੈ ਅਤੇ ਪੰਜਾਬ ਦੀ ਭਗਵੰਤ ਮਾਨ ਸਰਕਾਰ ਦੇ ਖ਼ਿਲਾਫ਼ ਨਾਅਰੇਬਾਜ਼ੀ ਕੀਤੀ ਜਾ ਰਹੀ ਹੈ।

ਰਾਏਕੋਟ ਬਲਾਕ ਦੇ ਵੱਖ-ਵੱਖ ਕੇਂਦਰਾਂ ਵਿਚ ਪੰਚ ਅਤੇ ਸਰਪੰਚ ਦੀ ਚੋਣ ਲੜਨ ਦੇ ਚਾਹਵਾਨ ਲੋਕਾਂ ਦੀ ਭਾਰੀ ਭੀੜ ਦੇਖਣ ਨੂੰ ਮਿਲ ਰਹੀ ਹੈ।

ਫਿਰੋਜ਼ਪੁਰ ਵਿੱਚ ਮਾਰਕੀਟ ਕਮੇਟੀ ਦਫ਼ਤਰ ਅਤੇ ਸਰਕਾਰੀ ਸਕੂਲ ਵਿਖੇ ਨਾਮਜ਼ਦਗੀਆਂ ਦਾਖਲ ਕਰਨ ਵਾਲਿਆਂ ਦੀ ਭੀੜ ਲੱਗੀ ਹੋਈ ਹੈ ਤੇ ਮਾਹੌਲ ਕਿਸੇ ਮੇਲੇ ਵਾਂਗ ਬਣਿਆ ਹੋਇਆ ਹੈ। ਲੋਕ ਸਵੇਰ ਤੋਂ ਹੀ ਨਾਮਜ਼ਦਗੀਆਂ ਦਾਖ਼ਲ ਕਰਨ ਲਈ ਕਤਾਰਾਂ ਵਿਚ ਲੱਗ ਗਏ, ਭੀੜ ਨੂੰ ਵੇਖ ਕੇ ਲੱਗਦਾ ਹੈ ਕਿ ਜੇਕਰ ਸ਼ਾਮ ਤੱਕ ਨਾਮਜ਼ਦਗੀਆਂ ਦਾਖਲ ਕਰਨ ਦੇ ਸਮੇਂ ਵਿਚ ਵਾਧਾ ਨਾ ਕੀਤਾ ਤਾਂ ਕਈ ਨਾਮਜ਼ਦਗੀਆਂ ਦਾਖ਼ਲ ਕਰਨ ਤੋਂ ਵਾਂਝੇ ਰਹਿ ਜਾਣਗੇ।

ਤਲਵੰਡੀ ਭਾਈ ’ਚ ਵਿਅਕਤੀ ਨੇ ਚਲਾਈ ਗੋਲੀ

ਤਲਵੰਡੀ ਭਾਈ ਅੰਦਰ ਅਣਪਛਾਤੇ ਵਿਅਕਤੀ ਵਲੋਂ ਗੋਲੀ ਚਲਾਉਣ ਅਤੇ ਭੀੜ ’ਚ ਮੌਜੂਦ ਸ਼ਰਾਰਤੀ ਅਨਸਰਾਂ ਵਲੋਂ ਗੱਡੀਆਂ ਦੀ ਭੰਨ ਤੋੜ ਕਰਨ ਦੀ ਖ਼ਬਰ ਸਾਹਮਣੇ ਆਈ ਹੈ। ਮੌਕੇ ’ਤੇ ਮੌਜੂਦ ਪੁਲਿਸ ਮੂਕ ਦਰਸ਼ਕ ਬਣ ਕੇ ਖੜੀ ਰਹੀ।

ਇਸ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਆਗੂ ਦਲਜੀਤ ਚੀਮਾ ਨੇ ਇੱਕ ਵੀਡੀਓ ਸਾਂਝੀ ਕੀਤੀ ਹੈ ਜਿਸ ਵਿੱਚ ਇੱਕ ਮਹਿਲਾ ਉਮਦਵਾਰ ਤੋਂ ਸਦੇ ਕਾਗਜ਼ ਖੋਹ ਲਏ ਗਏ। ਇਸ ਮਾਮਲੇ ਧਰਮਕੋਟ ਦਾ ਹੈ ਜਿੱਥੇ ਪੁਲਿਸ ਦੀ ਮੌਜੂਦਗੀ ਵਿੱਚ ਮਹਿਲਾ ਤੋਂ ਨਾਮਜ਼ਦਗੀ ਪੱਤਰ ਖੋਹ ਲਏ ਗਏ। ਉਹ ਮਦਦ ਲਈ ਦੁਹਾਈ ਦੇ ਰਹੀ ਹੈ। ਮਹਿਲਾ ਡਿਊਟੀ ‘ਤੇ ਮੌਜੂਦ ਪੁਲਿਸ ਮੁਲਾਜ਼ਮਾਂ ‘ਤੇ ਉਨ੍ਹਾਂ ਦੇ ਕਾਗਜ਼ ਖੋਹਣ ਵਾਲੇ ਦੋਸ਼ੀਆਂ ਨਾਲ ਮਿਲੀਭੁਗਤ ਕਰਨ ਦਾ ਦੋਸ਼ ਲਗਾ ਰਹੀ ਹੈ। ਚੀਮਾ ਨੇ ਕਿਹਾ ਕਿ ਐਸ.ਈ.ਸੀ. ਨੂੰ ਧਰਮਕੋਟ ਦੀਆਂ ਇਨ੍ਹਾਂ ਘਟਨਾਵਾਂ ਦਾ ਨੋਟਿਸ ਲੈਣਾ ਚਾਹੀਦਾ ਹੈ।