ਸ਼ੰਭੂ : ਅੱਜ (17 ਫਰਵਰੀ) ਕਿਸਾਨ ਅੰਦੋਲਨ ਦਾ ਪੰਜਵਾਂ ਦਿਨ ਹੈ। ਪੰਜਾਬ ਦੇ ਕਿਸਾਨ ਦਿੱਲੀ ਜਾਣ ਦੀ ਜਿਦ ਨਾਲ ਸ਼ੰਭੂ ਬਾਰਡਰ ‘ਤੇ ਖੜ੍ਹੇ ਹਨ। ਇਸ ਅੰਦੋਲਨ ਵਿੱਚ ਇੱਕ ਕਿਸਾਨ ਅਤੇ ਇੱਕ ਸਬ ਇੰਸਪੈਕਟਰ ਸਮੇਤ ਦੋ ਲੋਕਾਂ ਦੀ ਮੌਤ ਹੋ ਚੁੱਕੀ ਹੈ। ਪੰਜਾਬ ਦੀ ਵੱਡੀ ਕਿਸਾਨ ਜਥੇਬੰਦੀ ਬੀਕੇਯੂ (ਉਗਰਾਹਾਂ) ਵੀ ਇਸ ਅੰਦੋਲਨ ਵਿੱਚ ਸ਼ਾਮਲ ਹੋ ਗਈ ਹੈ। ਉਹ ਭਲਕੇ ਤੋਂ 2 ਦਿਨਾਂ ਲਈ ਪੰਜਾਬ ਦੇ ਸਾਰੇ ਟੋਲ ਫ਼ਰੀ ਕਰ ਦੇਣਗੇ।
ਇਸ ਤੋਂ ਇਲਾਵਾ ਕਿਸਾਨ ਅੱਜ ਪੰਜਾਬ ਭਾਜਪਾ ਆਗੂ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ, ਸੂਬਾ ਪ੍ਰਧਾਨ ਸੁਨੀਲ ਜਾਖੜ ਅਤੇ ਕੇਵਲ ਢਿੱਲੋਂ ਦੇ ਘਰ ਦਾ ਘਿਰਾਓ ਕਰਨਗੇ। ਬੀਕੇਯੂ (ਚੜੂਨੀ) ਹਰਿਆਣਾ ਦੀਆਂ ਤਹਿਸੀਲਾਂ ਵਿੱਚ ਟਰੈਕਟਰ ਮਾਰਚ ਕੱਢੇਗੀ। ਕਿਸਾਨਾਂ ਨੂੰ ਸਵੇਰੇ 11 ਵਜੇ ਧਰਨਾ ਦੇਣ ਦਾ ਸਮਾਂ ਦਿੱਤਾ ਗਿਆ ਹੈ।
ਗੁਰਨਾਮ ਸਿੰਘ ਚੜੂਨੀ ਨੇ ਕਿਹਾ ਕਿ ਕਿਸਾਨਾਂ ਨੂੰ ਸੱਦਾ ਹੈ ਕਿ ਕੋਈ ਵੀ ਕਿਸਾਨ ਪਿੰਡ ਵਿੱਚ ਟਰੈਕਟਰ ਲੈ ਕੇ ਨਾ ਬੈਠਣ, ਇਸ ਅੰਦੋਲਨ ਵਿੱਚ ਵੱਧ ਚੜ੍ਹ ਕੇ ਹਿੱਸਾ ਲੈ ਕੇ ਕਿਸਾਨਾਂ ਦੀ ਆਵਾਜ਼ ਬੁਲੰਦ ਕਰੇ। ਇਹ ਟਰੈਕਟਰ ਮਾਰਚ ਸ਼ਾਂਤਮਈ ਢੰਗ ਨਾਲ ਕੱਢਿਆ ਜਾਵੇਗਾ।
ਕਿਸਾਨ ਅੰਦੋਲਨ ਨੂੰ ਖਤਮ ਕਰਨ ਲਈ ਕੇਂਦਰੀ ਮੰਤਰੀਆਂ ਅਤੇ ਕਿਸਾਨ ਆਗੂਆਂ ਵਿਚਾਲੇ ਕੱਲ੍ਹ ਐਤਵਾਰ (18 ਫਰਵਰੀ) ਨੂੰ ਚੰਡੀਗੜ੍ਹ ਵਿਖੇ ਚੌਥੀ ਮੀਟਿੰਗ ਹੋਵੇਗੀ।
ਅੰਦੋਲਨ ਦੇ ਚੌਥੇ ਦਿਨ ਜਦੋਂ ਕਿਸਾਨਾਂ ਨੇ ਬੈਰੀਕੇਡਾਂ ਵੱਲ ਵਧਣ ਦੀ ਕੋਸ਼ਿਸ਼ ਕੀਤੀ ਤਾਂ ਹਰਿਆਣਾ ਪੁਲਿਸ ਨੇ ਉਨ੍ਹਾਂ ‘ਤੇ ਅੱਥਰੂ ਗੈਸ ਦੇ ਗੋਲੇ ਛੱਡੇ। ਗੋਲੇ ਫਟਣ ਨਾਲ ਕਈ ਕਿਸਾਨ ਜ਼ਖ਼ਮੀ ਹੋ ਗਏ।
ਕਿਸਾਨਾਂ ਦੇ ਭਾਰਤ ਬੰਦ ਨੂੰ ਪੰਜਾਬ-ਹਰਿਆਣਾ ਵਿੱਚ ਪੂਰਾ ਸਮਰਥਨ ਮਿਲਿਆ। ਸਰਕਾਰੀ ਬੱਸਾਂ ਵੀ ਨਹੀਂ ਚੱਲੀਆਂ। ਹਰਿਆਣਾ ਵਿੱਚ ਟੋਲ ਪੁਆਇੰਟ 3 ਘੰਟੇ ਲਈ ਫ਼ਰੀ ਕਰ ਦਿੱਤੇ ਗਏ।
ਹਰਿਆਣਾ ਪੁਲਿਸ ਨੇ ਕਿਸਾਨ ਆਗੂ ਅਭਿਮਨਿਊ ਕੋਹਾੜ ਅਤੇ ਉਸ ਦੇ 5 ਸਾਥੀਆਂ ਖ਼ਿਲਾਫ਼ ਐਫਆਈਆਰ ਦਰਜ ਕੀਤੀ ਹੈ। ਉਸ ‘ਤੇ ਪੰਜਾਬ-ਹਰਿਆਣਾ ਦੀ ਖਨੌਰੀ ਸਰਹੱਦ ‘ਤੇ ਪੁਲਿਸ ‘ਤੇ ਹਮਲਾ ਕਰਨ ਦਾ ਦੋਸ਼ ਹੈ।