ਅੰਮ੍ਰਿਤਸਰ (ਪੁਨੀਤ ਕੌਰ) : ਅੱਜ ਚੌਥੀ ਗੁਰੂ ਨਾਨਕ ਜੋਤ ਸ੍ਰੀ ਗੁਰੂ ਰਾਮਦਾਸ ਸਾਹਿਬ ਜੀ ਦਾ ਪ੍ਰਕਾਸ਼ ਦਿਹਾੜਾ ਹੈ। ‘ਦ ਖ਼ਾਲਸ ਟੀਵੀ ਵੱਲੋਂ ਆਪ ਸਭ ਨੂੰ ਗੁਰੂ ਸਾਹਿਬ ਜੀ ਦੇ ਪ੍ਰਕਾਸ਼ ਦਿਹਾੜੇ ਦੀਆਂ ਕੋਟਾਨ ਕੋਟਿ ਮੁਬਾਰਕਾਂ। ਗੁਰੂ ਸਾਹਿਬ ਜੀ ਦੇ ਪ੍ਰਕਾਸ਼ ਦਿਹਾੜੇ ਮੌਕੇ ਅੱਜ ਸ਼੍ਰੀ ਦਰਬਾਰ ਸਾਹਿਬ ਵਿਖੇ ਵਿਸ਼ੇਸ਼ ਸਮਾਗਮ ਕਰਵਾਏ ਜਾ ਰਹੇ ਹਨ। ਇਲਾਹੀ ਬਾਣੀ ਦੇ ਰਸਭਿੰਨੇ ਕੀਰਤਨ ਨਾਲ ਰਾਗੀ ਸਿੰਘਾਂ ਵੱਲੋਂ ਸੰਗਤਾਂ ਨੂੰ ਨਿਹਾਲ ਕੀਤਾ ਜਾ ਰਿਹਾ ਹੈ। ਦੇਸ਼-ਵਿਦੇਸ਼ ਤੋਂ ਵੱਡੀ ਗਿਣਤੀ ਵਿੱਚ ਸੰਗਤ ਸ਼੍ਰੀ ਦਰਬਾਰ ਸਾਹਿਬ ਵਿਖੇ ਨਤਮਸਤਕ ਹੋ ਰਹੀ ਹੈ।
ਸ੍ਰੀ ਦਰਬਾਰ ਸਾਹਿਬ ਨੂੰ ਮਨਮੋਹਕ ਫੁੱਲਾਂ ਨਾਲ ਸਜਾਇਆ ਗਿਆ ਹੈ, ਰੂਹਾਨੀਅਤ ਨਾਲ ਭਰਪੂਰ ਇਹ ਨਜ਼ਾਰਾ ਦਿਲ ਖਿੱਚਵਾਂ ਹੈ ਅਤੇ ਰਾਤ ਵੇਲੇ ਦੀਪਮਾਲਾ ਅਤੇ ਆਤਿਸ਼ਬਾਜ਼ੀ ਦੀ ਵੀ ਤਿਆਰੀ ਕੀਤੀ ਗਈ ਹੈ। ਇਸ ਮੌਕੇ ਸ੍ਰੀ ਅਕਾਲ ਤਖ਼ਤ ਸਾਹਿਬ ਜੀ ਦੇ ਕਾਰਜਕਾਰੀ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਵੱਲੋਂ ਸਮੁੱਚੀ ਸਿੱਖ ਕੌਮ ਨੂੰ ਸ਼੍ਰੀ ਗੁਰੂ ਰਾਮਦਾਸ ਸਾਹਿਬ ਜੀ ਦੇ ਪ੍ਰਕਾਸ਼ ਪੁਰਬ ਮੌਕੇ ਸੰਗਤ ਦੇ ਨਾਂ ਸੰਦੇਸ਼ ਵੀ ਜਾਰੀ ਕੀਤਾ ਜਾਂਦਾ ਹੈ। ਹੁਣ ਅਸੀਂ ਗੁਰੂ ਸਾਹਿਬ ਜੀ ਦੇ ਲਾਸਾਨੀ ਜੀਵਨ ਬਾਰੇ ਜਾਨਣ ਦੀ ਕੋਸ਼ਿਸ਼ ਕਰਦੇ ਹਾਂ…
ਸ੍ਰੀ ਗੁਰੂ ਰਾਮਦਾਸ ਸਾਹਿਬ ਜੀ ਦਾ ਜੀਵਨ ਮਨੁੱਖਤਾ ਲਈ ਇਕ ਰਾਹ ਦਸੇਰਾ ਹੀ ਨਹੀਂ, ਸਗੋਂ ਸਾਕਾਰਾਤਮਕ ਸੋਚ ਅਤੇ ਆਤਮਿਕ ਬਲ ਪ੍ਰਦਾਨ ਕਰਦਾ ਹੈ। ਕਿਹੜਾ ਉਹ ਸੰਸਾਰੀ ਦੁੱਖ ਹੈ? ਜੋ ਸ੍ਰੀ ਗੁਰੂ ਰਾਮਦਾਸ ਜੀ ਦੇ ਜੀਵਨ ਵਿਚ ਨਾ ਵਾਪਰਿਆ ਹੋਵੇ। ਲਗਭਗ 7 ਵਰ੍ਹਿਆਂ ਦੇ ਸਨ ਜਦੋਂ ਵਾਰੀ-ਵਾਰੀ ਪਿਤਾ ਹਰਦਾਸ ਜੀ ਤੇ ਮਾਤਾ ਦਇਆ ਕੌਰ ਜੀ ਅਕਾਲ ਚਲਾਣਾ ਕਰ ਗਏ। ਸੰਸਾਰੀ ਦ੍ਰਿਸ਼ਟੀ ਤੋਂ ਬਾਲ ਵਰੇਸ ਯਤੀਮ ਹੋ ਭਾਈ ਜੇਠਾ ਜੀ ਬਿਰਧ ਨਾਨੀ ਦਾ ਸਹਾਰਾ ਬਣ ਕੇ ਬਾਸਰਕੇ ਆ ਗਏ। ਮਾਪਿਆਂ ਦੇ ਸਿਰ ‘ਤੇ ਬੇਪ੍ਰਵਾਹੀ ਵਾਲਾ ਬਚਪਨ ਤਾਂ ਗੁਰੂ ਸਾਹਿਬ ਜੀ ਨੂੰ ਨਸੀਬ ਨਹੀਂ ਹੋਇਆ ਪਰ ਸਿਰ ‘ਤੇ ਟੋਕਰੀ ਚੁੱਕ ਕੇ ਘੁੰਗਣੀਆਂ ਵੇਚਦਾ ਗੁਰਬਤ ਦੀ ਜ਼ਿੰਦਗੀ ਵਿਚ ਦੂਜਿਆਂ ਦੀ ਜ਼ਿੰਦਗੀ ਦੀਆਂ ਫਿਕਰਾਂ ਕਰਨ ਲੱਗਾ। ਹਾਲਾਤ ਉਨ੍ਹਾਂ ਨੂੰ ਚੂਨਾ ਮੰਡੀ ਲਾਹੌਰ ਤੋਂ ਬਾਸਰਕੇ ਅਤੇ ਬਾਸਰਕੇ ਤੋਂ ਸ੍ਰੀ ਗੋਇੰਦਵਾਲ ਸਾਹਿਬ ਲੈ ਆਏ ਪਰ ਦੁਸ਼ਵਾਰੀਆਂ ਦੇ ਸਮੁੰਦਰ ਨੂੰ ਚੀਰਦੇ ਹੋਏ ਸ੍ਰੀ ਗੁਰੂ ਰਾਮਦਾਸ ਜੀ ਗੁਰੂ ਅਮਰਦਾਸ ਸਾਹਿਬ ਜੀ ਦੇ ਸੰਗਤ ਸਦਕਾ ਆਤਮ ਨਿਰਭਰ ਹੋ ਸ਼ੁਭ ਗੁਣਾਂ ਦੀ ਮਹਿਕ ਵੰਡਦੇ ਅੱਗੇ ਹੀ ਅੱਗੇ ਵਧਦੇ ਗਏ।
ਸਿਰ ਤੇ ਛਾਬੜੀ ਚੁੱਕ ਕੇ ਸਹੁਰਿਆਂ ਦੀ ਨਗਰੀ ਵਿਚ ਘੁੰਗਣੀਆਂ ਵੇਚਦੇ ਇਸ ਕਿਰਤੀ ਬਾਲਕ ਨੂੰ ਸੰਸਾਰ ਦੇ ਕਈ ਤਾਹਨੇ-ਮਿਹਣੇ ਅਕਸਰ ਸਹਿਣੇ ਪੈਂਦੇ। ਇੱਕ ਦਿਨ ਤਿਆਗਮਈ ਵਿਵਸਥਾ ਵਿੱਚ ਆਪ ਜੀ ਗਲੀ-ਗਲੀ ਵਿੱਚ ਵਿਚਰ ਰਹੇ ਸਨ ਤਾਂ ਸ਼੍ਰੀ ਗੁਰੂ ਅਮਰਦਾਸ ਸਾਹਿਬ ਜੀ ਦੀ ਨਜ਼ਰ ਆਪ ਜੀ ‘ਤੇ ਪਈ। ਸ਼੍ਰੀ ਗੁਰੂ ਅਮਰਦਾਸ ਜੀ ਦੀ ਆਪ ਜੀ ‘ਤੇ ਨਿਗ੍ਹਾ ਪੈਣ ਦੀ ਹੀ ਦੇਰ ਸੀ ਕਿ ਆਪ ਜੀ ਬਾਅਦ ਵਿੱਚ ਉਨ੍ਹਾਂ ਦੇ ਹੀ ਬਣ ਕੇ ਰਹਿ ਗਏ। ਜੇਠਾ ਜੀ ਨੇ ਸ਼੍ਰੀ ਗੁਰੂ ਅਮਰਦਾਸ ਸਾਹਿਬ ਜੀ ਦੀ ਬਹੁਤ ਸੇਵਾ ਕੀਤੀ ਤੇ ਇਸ ਸੇਵਾ ਤੇ ਨਿਮਰਤਾ ਨੂੰ ਦੇਖਦਿਆਂ ਸ਼੍ਰੀ ਗੁਰੂ ਅਮਰਦਾਸ ਸਾਹਿਬ ਜੀ ਨੇ ਆਪਣੀ ਸਪੁੱਤਰੀ ਬੀਬੀ ਭਾਨੀ ਜੀ ਦਾ ਵਿਆਹ ਭਾਈ ਜੇਠਾ ਜੀ ਨਾਲ ਕਰ ਦਿੱਤਾ। ਗੁਰੂ ਦੀ ਸੰਗਤ, ਸਤਿਸੰਗੀਆਂ ਦੇ ਇਕੱਠ ਨੇ ਸ਼੍ਰੀ ਗੁਰੂ ਰਾਮਦਾਸ ਜੀ ਦੇ ਅੰਦਰ ਸੇਵਾ ਭਾਵ, ਪ੍ਰੇਮਾ-ਭਗਤੀ ਨੂੰ ਜਨਮ ਦਿੱਤਾ ਅਤੇ ਹਿਰਦਾ ਪਰਮਾਤਮਾ ਦੇ ਪ੍ਰੇਮ ਰੰਗ ਨਾਲ ਰੋਜ਼-ਰੋਜ਼ ਰੰਗਣ ਲੱਗ ਪਿਆ।
ਸਮਾਂ ਲੰਘਦਾ ਗਿਆ ਤੇ ਆਪ ਜੀ ਦੀਆਂ ਸੇਵਾ ਤੇ ਸਿਮਰਨ ਦੀਆਂ ਰੁਚੀਆਂ ਵੀ ਵੱਧਦੀਆਂ ਗਈਆਂ। ਇੱਕ ਦਿਨ ਸ਼੍ਰੀ ਗੁਰੂ ਅਮਰਦਾਸ ਜੀ ਨੇ ਆਪਣੇ ਦੋਵੇਂ ਜਵਾਈਆਂ ਭਾਈ ਜੇਠਾ ਜੀ ਤੇ ਭਾਈ ਰਾਮਾ ਜੀ ਨੂੰ ਕਿਹਾ ਕਿ ਸਾਨੂੰ ਇੱਕ ਸਿੰਘਾਸਨ ਚਾਹੀਦਾ ਹੈ, ਅਸੀਂ ਉਸ ਉੱਤੇ ਬੈਠਣਾ ਹੈ। ਗੁਰੂ ਜੀ ਨੇ ਆਪਣੇ ਦੋਵਾਂ ਜਵਾਈਆਂ ਨੂੰ ਥੜ੍ਹਾ ਬਣਾਉਣ ਲਈ ਕਿਹਾ। ਥੜ੍ਹਾ ਬਣਾਉਣ ਦੀ ਸੇਵਾ ਵਿੱਚ ਭਾਈ ਜੇਠਾ ਜੀ ਪੂਰਾ ਉਤਰੇ। ਸ਼੍ਰੀ ਗੁਰੂ ਅਮਰਦਾਸ ਸਾਹਿਬ ਜੀ ਨੇ ਗੁਰ-ਗੱਦੀ ਦਾ ਵਾਰਿਸ ਭਾਈ ਜੇਠਾ ਜੀ ਨੂੰ ਚੁਣਿਆ ਤੇ ਆਪ ਜੀ ਦਾ ਨਾਮ ਸ਼੍ਰੀ ਗੁਰੂ ਰਾਮਦਾਸ ਸਾਹਿਬ ਜੀ ਰੱਖ ਦਿੱਤਾ ਗਿਆ। ਗੁਰਗੱਦੀ ਮਿਲਣ ਤੋਂ ਬਾਅਦ ਸ਼੍ਰੀ ਗੁਰੂ ਰਾਮਦਾਸ ਸਾਹਿਬ ਜੀ ਨੇ ਇਹ ਸ਼ਬਦ ਉਚਾਰਨ ਕੀਤਾ।
ਜੋ ਹਮਰੀ ਬਿਧਿ ਹੋਤੀ ਮੇਰੇ ਸਤਿਗੁਰਾ ਸਾ ਬਿਧਿ ਤੁਮ ਹਰਿ ਜਾਣਹੁ ਆਪੇ ॥
ਹਮ ਰੁਲਤੇ ਫਿਰਤੇ ਕੋਈ ਬਾਤ ਨ ਪੂਛਤਾ ਗੁਰ ਸਤਿਗੁਰ ਸੰਗਿ ਕੀਰੇ ਹਮ ਥਾਪੇ ॥
ਧੰਨੁ ਧੰਨੁ ਗੁਰੂ ਨਾਨਕ ਜਨ ਕੇਰਾ ਜਿਤੁ ਮਿਲਿਐ ਚੂਕੇ ਸਭਿ ਸੋਗ ਸੰਤਾਪੇ।।
ਜਿਸ ਸਮੇਂ ਸ਼੍ਰੀ ਗੁਰੂ ਰਾਮਦਾਸ ਸਾਹਿਬ ਜੀ ਨੂੰ ਗੁਰਤਾ-ਗੱਦੀ ਦਿੱਤੀ ਗਈ ਸੀ ਤਾਂ ਉਸ ਸਮੇਂ ਉਨ੍ਹਾਂ ਦੀ ਉਮਰ ਪੂਰੀ ਹੋ ਚੁੱਕੀ ਸੀ ਜਿਸ ਕਰਕੇ ਸ਼੍ਰੀ ਗੁਰੂ ਅਮਰਦਾਸ ਸਾਹਿਬ ਜੀ ਨੇ ਆਪਣੀ ਉਮਰ ਦੇ ਛੇ ਸਾਲ ਆਪ ਜੀ ਨੂੰ ਦੇ ਦਿੱਤੇ।
ਸ਼੍ਰੀ ਗੁਰੂ ਅਮਰਦਾਸ ਸਾਹਿਬ ਜੀ ਦੇ ਸੁਪਨਿਆਂ ਨੂੰ ਆਪ ਜੀ ਨੇ ਸਾਕਾਰ ਕਰਨਾ ਸ਼ੁਰੂ ਕੀਤਾ। ਅੰਮ੍ਰਿਤਸਰ ਸ਼ਹਿਰ ਦੀ ਕਲਪਨਾ, ਚਿਤਰਨ, ਪਹਿਲਾਂ ਸ਼੍ਰੀ ਗੁਰੂ ਅਮਰਦਾਸ ਸਾਹਿਬ ਜੀ ਨੇ ਲਿਆ ਸੀ। ਉਸੇ ਹੀ ਸੁਪਨੇ ਨੂੰ ਪੂਰਾ ਕਰਨ ਲਈ ਸ਼੍ਰੀ ਗੁਰੂ ਰਾਮਦਾਸ ਸਾਹਿਬ ਜੀ ਨੇ ਤਿੰਨ-ਚਾਰ ਪਿੰਡਾਂ ਦਾ ਇੱਕ ਚੱਕ ਬਣਾ ਕੇ ਵਸਾਉਣਾ ਸ਼ੁਰੂ ਕੀਤਾ ਅਤੇ ਉਸਦਾ ਨਾਮ ਰੱਖਿਆ ‘ਗੁਰੂ ਕਾ ਚੱਕ’। ਇੱਥੇ ਹੀ ਆਪ ਜੀ ਨੇ ਅੰਮ੍ਰਿਤਸਰ ਸਰੋਵਰ ਦੀ ਖੁਦਾਈ ਆਰੰਭ ਕੀਤੀ।
ਜਿੱਥੇ ਸ਼੍ਰੀ ਗੁਰੂ ਅਮਰਦਾਸ ਸਾਹਿਬ ਜੀ ਨੇ ਸਿੱਖ ਜਗਤ ਨੂੰ ਇੱਕ ਮਹਾਨ ਤੀਰਥ ਦਿੱਤਾ ‘ਗੁਰੂ ਕੀ ਬਾਉਲੀ’, ਉੱਥੇ ਸ਼੍ਰੀ ਗੁਰੂ ਰਾਮਦਾਸ ਸਾਹਿਬ ਜੀ ਨੇ ਸਿੱਖ ਜਗਤ ਨੂੰ ਕੇਂਦਰ ਦਿੱਤਾ, ਜਿਸਦਾ ਨਾਂ ਹੈ ਸ਼੍ਰੀ ਹਰਿਮੰਦਰ ਸਾਹਿਬ, ਅੰਮ੍ਰਿਤਸਰ। ਸ਼੍ਰੀ ਹਰਿਮੰਦਰ ਸਾਹਿਬ ਜੀ ਦੇ ਸਰੋਵਰ ਦਾ ਪਾਣੀ ਅੱਠੇ ਪਹਿਰ ਨਾਮ ਰਸ ਨਾਲ ਜੁੜਿਆ ਹੋਇਆ ਹੈ ਜਿਸ ਕਰਕੇ ਇਹ ਪਾਣੀ ਅੰਮ੍ਰਿਤ ਬਣ ਗਿਆ।
ਜਿਸ ਪ੍ਰਕਾਰ ਦਾ ਤੀਰਥ ਸ਼੍ਰੀ ਗੁਰੂ ਰਾਮਦਾਸ ਸਾਹਿਬ ਜੀ ਨੇ ਬਣਾਇਆ, ਇਸ ਪ੍ਰਕਾਰ ਦਾ ਤੀਰਥ ਅੱਜ ਤੱਕ ਨਾ ਹੀ ਇਸ ਧਰਤੀ ‘ਤੇ ਬਣਿਆ ਹੈ ਤੇ ਨਾ ਹੀ ਬਣ ਸਕੇਗਾ। ਇਸੇ ਲਈ ਹੀ ਤਾਂ ਇਸ ਤੀਰਥ ਦੀ ਸ਼ੋਭਾ ਦੇ ਵਿੱਚ ਇਹ ਬੜੀਆਂ ਕੀਮਤੀ ਪੰਕਤੀਆਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਦਰਜ ਨੇ:
ਡਿਠੇ ਸਭੇ ਥਾਵ ਨਹੀ ਤੁਧੁ ਜੇਹਿਆ।।
ਬਧੋਹੁ ਪੁਰਖਿ ਬਿਧਾਤੈ ਤਾਂ ਤੂ ਸੋਹਿਆ।।
ਸਾਹਿਬ ਸ਼੍ਰੀ ਗੁਰੂ ਰਾਮਦਾਸ ਸਾਹਿਬ ਜੀ ਨੇ ਅੰਮ੍ਰਿਤਸਰ ਵਿਖੇ ਯਾਤਰੀਆਂ ਲਈ ਅਰਾਮਗਾਹ ਬਣਾਈ, ਆਉਣ ਵਾਲੇ ਯਾਤਰੀਆਂ ਦੇ ਲਈ ਲੰਗਰ-ਪਾਣੀ ਦਾ ਇੰਤਜ਼ਾਮ ਕੀਤਾ। ਆਏ ਹੋਏ ਯਾਤਰੀ ਅਕਾਲ ਪੁਰਖ ਦੀ ਬੰਦਗੀ ਕਰ ਸਕਣ, ਇਸ ਲਈ ਆਪ ਜੀ ਨੇ ਸਵੇਰੇ ਤੇ ਸ਼ਾਮ ਸਤਿਸੰਗ ਦੇ ਪ੍ਰਵਾਹ ਜਾਰੀ ਕੀਤੇ।
ਗੁਰੂ ਜੀ ਨੇ 30 ਰਾਗਾਂ ਦੇ ਵਿੱਚ 638 ਸਲੋਕਾਂ ਦੀ ਰਚਨਾ ਕੀਤੀ ਤੇ ਇਹ ਸਾਰੀ ਬਾਣੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਸੁਸ਼ੋਬਿਤ ਹੈ। ਗੁਰੂ ਸਾਹਿਬ ਜੀ ਨੇ ਰੂੜੀਵਾਦੀ ਪਰੰਪਰਾਵਾਂ ਨੂੰ ਤੋੜਦਿਆਂ ਸਿੱਖ ਧਰਮ ਨੂੰ ਸਭ ਤੋਂ ਵਡਮੁੱਲੀ ਦੇਣ 4 ਲਾਵਾਂ ਦੇ ਰੂਪ ਵਿੱਚ ਦਿੱਤੀ । ਆਪ ਜੀ ਨੇ ਸੂਹੀ ਰਾਗ ਦੇ ਵਿੱਚ 4 ਲਾਵਾਂ ਦੀ ਬਾਣੀ ਦਾ ਉਚਾਰਣ ਕੀਤਾ, ਜਿਸ ਤੋਂ ਬਾਅਦ ਸਿੱਖ ਧਰਮ ਦੇ ਵਿੱਚ ਇੱਕ ਹੋਰ ਵਿਲੱਖਣਤਾ ਆ ਗਈ।
ਇੰਝ ਸ਼੍ਰੀ ਗੁਰੂ ਨਾਨਕ ਦੇਵ ਜੀ ਦੀ ਇਹ ਚੌਥੀ ਜੋਤ ਅੰਮ੍ਰਿਤਸਰ ਵਿੱਚ ਜਗ-ਮਗਾਉਂਦੀ ਰਹੀ ਤੇ ਜਗਤ ਨੂੰ ਚਾਨਣਾ ਦਿੰਦੀ ਰਹੀ। ਸ਼੍ਰੀ ਗੁਰੂ ਰਾਮਦਾਸ ਜੀ 1581 ਨੂੰ ਜੋਤੀ ਜੋਤ ਸਮਾ ਗਏ। ਸ੍ਰੀ ਗੁਰੂ ਰਾਮਦਾਸ ਸਾਹਿਬ ਜੀ ਸਾਰੀ ਮਨੁੱਖਤਾ ਅਤੇ ਖਾਸ ਕਰਕੇ ਅਜੌਕੇ ਦੌਰ ਵਿਚ ਮਾਯੂਸੀ ਦੇ ਸਮੁੰਦਰ ਵਿਚ ਗੋਤੇ ਖਾਂਦੇ ਨੌਜਵਾਨਾਂ ਲਈ ਅਤੇ ਉਹ ਲੋਕ ਜੋ ਹਾਲਾਤਾਂ ਹੱਥੋਂ ਪ੍ਰੇਸ਼ਾਨ ਹੋ ਜ਼ਿੰਦਗੀ ਦੀ ਬਾਜ਼ੀ ਹਾਰਨ ਦੀ ਕਗਾਰ ਉੱਤੇ ਪਹੁੰਚ ਰਹੇ ਹਨ, ਉਨ੍ਹਾਂ ਸਭ ਲਈ ਇਕ ਜਜ਼ਬਾ ਹਨ-ਇਕ ਜੋਸ਼ ਹਨ। ਗੁਰੂ ਰਾਮਦਾਸ ਸਾਹਿਬ ਜੀ ਦਾ ਗੁਰੂ ਪਦਵੀ ਤੱਕ ਦਾ ਸਫਰ ਸਾਡੇ ਲਈ ਆਤਮ ਵਿਸ਼ਵਾਸ ਅਤੇ ਚੜ੍ਹਦੀ ਕਲਾ ਦਾ ਮਾਰਗ ਹੈ।