Punjab

ਜੇ ਤੁਸੀਂ ਪਨਬਸ, ਰੋਡਵੇਜ਼ ਜਾਂ ਪੈਪਸੂ ਬੱਸ ਰਾਹੀਂ ਸਫਰ ਕਰਨ ਜਾ ਰਹੇ ਹੋ ਤਾਂ ਇਹ ਖਬਰ ਤੁਹਾਡੇ ਲਈ ਅਹਿਮ…

Punjab roadway jam , strike of contract workers union

ਚੰਡੀਗੜ੍ਹ : ਅੱਜ ਰੋਡਵੇਜ਼-ਪਨਬਸ ਕੰਟਰੈਕਟ ਵਰਕਰਜ਼ ਯੂਨੀਅਨ ਦੇ ਸੱਦੇ ’ਤੇ ਸਮੂਹ ਕੰਟਰੈਕਟ ਡਰਾਈਵਰ ਤੇ ਕੰਡਕਟਰਾਂ ਵੱਲੋਂ ਹੜਤਾਲ ਕੀਤੀ ਜਾ ਰਹੀ ਹੈ। ਆਪਣੀਆਂ ਮੰਗਾਂ ਨੂੰ ਲੈ ਕੇ ਬੱਸਾਂ ਦਾ ਚੱਕਾ ਜਾਮ ਕਰਨ ਦਾ ਐਲਾਨ ਹੈ। ਅੱਜ ਪੂਰੇ ਸੂਬੇ ਵਿੱਚ 3000 ਬੱਸਾਂ ਦੇ ਪਹੀਏ ਜਾਮ ਕੀਤੇ ਜਾਣਗੇ।

ਯੂਨੀਅਨ ਦੇ ਅਹੁਦੇਦਾਰਾਂ ਨੇ ਆਪਣੀਆਂ ਮੰਗਾਂ ਨੂੰ ਲੈ ਕੇ ਮੁੱਖ ਮੰਤਰੀ ਦੇ ਨਾਲ-ਨਾਲ ਵਿਭਾਗ ਦੇ ਐਮਡੀ ਅਤੇ ਹੋਰ ਅਧਿਕਾਰੀਆਂ ਨਾਲ ਮੀਟਿੰਗਾਂ ਕੀਤੀਆਂ। ਪਰ ਕਿਸੇ ਵੀ ਮੀਟਿੰਗ ਦਾ ਕੋਈ ਨਤੀਜਾ ਨਹੀਂ ਨਿਕਲਿਆ। ਇਸ ਤੋਂ ਬਾਅਦ ਮੁਲਾਜ਼ਮ ਯੂਨੀਅਨ ਨੇ 27 ਅਤੇ 28 ਜੂਨ ਨੂੰ ਰੋਡ ਜਾਮ ਕਰਨ ਦਾ ਫੈਸਲਾ ਕੀਤਾ ਸੀ।

ਫਿਲਹਾਲ ਮੁਲਾਜ਼ਮਾਂ ਨੇ ਅੱਧੀ ਰਾਤ ਤੋਂ ਹੀ ਬੱਸਾਂ ਨੂੰ ਬੱਸ ਸਟੈਂਡ ਜਾਂ ਰੋਡਵੇਜ਼ ਡਿਪੂਆਂ ‘ਤੇ ਖੜ੍ਹਾ ਕਰ ਦਿੱਤਾ ਹੈ। ਮੁਲਾਜ਼ਮ ਆਗੂਆਂ ਦਾ ਕਹਿਣਾ ਹੈ ਕਿ ਉਹ ਜਾਣਦੇ ਹਨ ਕਿ ਉਨ੍ਹਾਂ ਦੇ ਇਸ ਕਦਮ ਨਾਲ ਲੋਕਾਂ ਨੂੰ ਪ੍ਰੇਸ਼ਾਨੀ ਹੋਵੇਗੀ ਪਰ ਅਸੀਂ ਮਜਬੂਰ ਹਾਂ। ਇਸ ਲਈ ਸਰਕਾਰ ਸਿੱਧੇ ਤੌਰ ‘ਤੇ ਜ਼ਿੰਮੇਵਾਰ ਹੈ। ਜੇ ਸਰਕਾਰ ਨਾ ਮੰਨੀ ਤਾਂ ਉਨ੍ਹਾਂ ਨੂੰ ਹਾਈਵੇਅ ਜਾਮ ਕਰਨ ਵਰਗੇ ਕਦਮ ਚੁੱਕਣੇ ਪੈ ਸਕਦੇ ਹਨ।

ਮੁਲਾਜ਼ਮਾਂ ਦਾ ਕਹਿਣਾ ਹੈ ਕਿ ਸਰਕਾਰ ਨੇ ਉਨ੍ਹਾਂ ਨੂੰ ਠੇਕੇ ’ਤੇ ਰੱਖੇ ਮੁਲਾਜ਼ਮਾਂ ਨੂੰ ਪੱਕਾ ਕਰਨ ਦਾ ਭਰੋਸਾ ਦਿੱਤਾ ਸੀ। ਪਰ ਸਰਕਾਰ ਦੇ ਰਾਜ ਨੂੰ ਇੱਕ ਸਾਲ ਤੋਂ ਵੱਧ ਸਮਾਂ ਹੋ ਗਿਆ ਹੈ ਪਰ ਅਜੇ ਤੱਕ ਇਨ੍ਹਾਂ ਨੂੰ ਰੈਗੂਲਰ ਨਹੀਂ ਕੀਤਾ ਗਿਆ। ਇਸ ਤੋਂ ਇਲਾਵਾ ਮੁਲਾਜ਼ਮਾਂ ਨੇ ਕਿਹਾ ਕਿ ਉਨ੍ਹਾਂ ਨੂੰ ਸਮੇਂ ਸਿਰ ਤਨਖਾਹਾਂ ਨਹੀਂ ਮਿਲ ਰਹੀਆਂ।

ਇੱਕ ਪਾਸੇ ਤਾਂ ਸਰਕਾਰ ਕਹਿੰਦੀ ਹੈ ਕਿ ਟਰਾਂਸਪੋਰਟ ਇੱਕ ਕਮਾਈ ਦਾ ਸਾਧਨ ਹੈ, ਦੂਜੇ ਪਾਸੇ ਉਨ੍ਹਾਂ ਨੂੰ ਦੋ ਮਹੀਨਿਆਂ ਬਾਅਦ ਤਨਖਾਹ ਮਿਲ ਰਹੀ ਹੈ। ਮੁਲਾਜ਼ਮਾਂ ਨੇ ਕਿਹਾ ਕਿ ਸਰਕਾਰ ਨੇ ਕਿਹਾ ਸੀ ਕਿ ਕਿਸੇ ਵੀ ਵਿਭਾਗ ਵਿੱਚ ਆਊਟਸੋਰਸ ਭਰਤੀ ਨਹੀਂ ਹੋਵੇਗੀ ਸਗੋਂ ਸਿੱਧੀ ਭਰਤੀ ਹੋਵੇਗੀ। ਪਰ ਸਰਕਾਰ ਅਜੇ ਵੀ ਚੋਰ ਦਰਵਾਜ਼ੇ ਰਾਹੀਂ ਆਊਟ ਸੋਰਸ ਰਾਹੀਂ ਅਸਾਮੀਆਂ ਭਰ ਰਹੀ ਹੈ।
ਮੁਲਾਜ਼ਮਾਂ ਨੇ ਪਿਛਲੇ ਦਿਨੀਂ ਟਰਾਂਸਪੋਰਟ ਵਿਭਾਗ ਦੇ ਐਮਡੀ ਨਾਲ ਮੀਟਿੰਗ ਵੀ ਕੀਤੀ ਸੀ, ਜਿਸ ਵਿੱਚ ਬੱਸਾਂ ਦੀ ਸਰਵਿਸ, ਈਂਧਨ ਅਤੇ ਟਾਇਰਾਂ ਦਾ ਮਾਮਲਾ ਉਠਾਇਆ ਗਿਆ ਸੀ। ਪਰ ਇਹ ਮੀਟਿੰਗ ਨਾਕਾਮ ਹੋਣ ਤੋਂ ਬਾਅਦ ਮੁਲਾਜ਼ਮ ਭੜਕ ਗਏ।

ਪੰਜਾਬ ਰੋਡਵੇਜ਼, ਪਨਬੱਸ ਅਤੇ ਪੈਪਸੂ ਦੀ ਮੌਜੂਦਾ ਸਥਿਤੀ ਇਹ ਹੈ ਕਿ ਉਨ੍ਹਾਂ ਕੋਲ ਰੈਗੂਲਰ ਸਟਾਫ਼ ਬਹੁਤ ਘੱਟ ਹੈ। ਕਈ ਮੁਲਾਜ਼ਮ ਸੇਵਾਮੁਕਤ ਹੋ ਚੁੱਕੇ ਹਨ ਪਰ ਉਨ੍ਹਾਂ ਦੀ ਥਾਂ ’ਤੇ ਨਾ ਤਾਂ ਰੈਗੂਲਰ ਭਰਤੀ ਕੀਤੀ ਗਈ ਹੈ ਅਤੇ ਨਾ ਹੀ ਕੱਚੇ ਠੇਕੇ ’ਤੇ ਕਾਮਿਆਂ ਨੂੰ ਪੱਕਾ ਕੀਤਾ ਗਿਆ ਹੈ। ਹਾਲਾਤ ਇਹ ਹੈ ਕਿ ਕੱਚੇ ਕਾਮਿਆਂ ਦੀ ਹੜਤਾਲ ਕਾਰਨ ਦਿੱਲੀ ਜਾਣ ਵਾਲੀਆਂ ਵੋਲਵੋ ਬੱਸਾਂ ਹੀ ਚੱਲਣਗੀਆਂ ਜਾਂ ਪੰਜਾਬ ਵਿੱਚ ਕੁਝ ਲੰਬੇ ਰੂਟ ਦੀਆਂ ਬੱਸਾਂ ਚੱਲਣਗੀਆਂ।