‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਪੰਜਾਬ ਸਰਕਾਰ ਨੇ ਕਰੋਨਾ ਦੇ ਘੱਟ ਰਹੇ ਕੇਸਾਂ ਦੇ ਮੱਦੇਨਜ਼ਰ ਦੁਕਾਨਦਾਰਾਂ ਨੂੰ ਢਿੱਲ ਦੇਣ ਦੇ ਹੁਕਮ ਦਿੱਤੇ ਹਨ। ਵੱਖ-ਵੱਖ ਜ਼ਿਲ੍ਹਿਆਂ ਵਿੱਚ ਦੁਕਾਨਾਂ ਖੋਲ੍ਹਣ ਬਾਰੇ ਅਧਿਕਾਰ ਡਿਪਟੀ ਕਮਿਸ਼ਨਰਾਂ ਨੂੰ ਦਿੱਤੇ ਹਨ। ਪੰਜਾਬ ਸਰਕਾਰ ਦੇ ਇਸ ਫੈਸਲੇ ਦਾ ਪੰਜਾਬ ਦੇ ਕਈ ਜ਼ਿਲ੍ਹਿਆਂ ਵਿੱਚ ਅਸਰ ਵੇਖਣ ਨੂੰ ਮਿਲਿਆ ਹੈ। ਪਟਿਆਲਾ ਦੇ ਜ਼ਿਲ੍ਹਾ ਮੈਜਿਸਟ੍ਰੇਟ ਨੇ ਨਵੇਂ ਹੁਕਮ ਜਾਰੀ ਕਰਦਿਆਂ ਕਿਹਾ ਹੈ ਕਿ ਖਾਣੇ, ਈ-ਕਾਮਰਸ ਕੰਪਨੀਆਂ, ਕੋਰੀਅਰ ਕੰਪਨੀਆਂ ਅਤੇ ਡਾਕ ਵਿਭਾਗ ਦੇ ਪਾਰਸਲ ਦੀ ਡਿਲਿਵਰੀ ਕਰਨ ਲਈ ਵੱਖਰੇ ਤੌਰ ‘ਤੇ ਕਰਫਿਊ ਪਾਸ ਦੀ ਜ਼ਰੂਰਤ ਨਹੀਂ ਹੋਵੇਗੀ। ਉਨ੍ਹਾਂ ਦੇ ਆਈਡੀ ਕਾਰਡ ਦੀ ਪਛਾਣ ਹੀ ਮੁੱਖ ਹੋਵੇਗੀ। ਪਟਿਆਲਾ ਵਿੱਚ ਦੁਕਾਨਾਂ ਖੋਲ੍ਹਣ ਦਾ ਸਮਾਂ ਵੀ ਬਦਲ ਗਿਆ ਹੈ।
- ਸਾਰੀਆਂ ਜ਼ਰੂਰੀ ਅਤੇ ਗੈਰ-ਜ਼ਰੂਰੀ ਦੁਕਾਨਾਂ, ਨਿੱਜੀ ਦਫਤਰ ਅਤੇ ਸਾਰੇ ਨਿੱਜੀ ਅਦਾਰੇ ਸੋਮਵਾਰ ਤੋਂ ਸ਼ੁੱਕਰਵਾਰ ਤੱਕ ਸਵੇਰੇ 9 ਵਜੇ ਤੋਂ ਸ਼ਾਮ 5 ਵਜੇ ਤੱਕ ਖੁੱਲ੍ਹਣਗੀਆਂ।
- ਸਾਰੇ ਹਸਪਤਾਲ, ਕੈਮਿਸਟ ਅਤੇ ਹੋਰ ਮੈਡੀਕਲ ਦੁਕਾਨਾਂ ਹਫਤੇ ਦੇ ਸਾਰੇ ਦਿਨ 24 ਘੰਟਿਆਂ ਲਈ ਖੁੱਲ੍ਹੇ ਰਹਿਣਗੇ।
- ਐੱਲਪੀਜੀ ਅਤੇ ਪੈਟਰੋਲ ਪੰਪ ਵੀ ਹਫਤੇ ਦੇ ਸਾਰੇ ਦਿਨ 24 ਘੰਟਿਆਂ ਲਈ ਖੁੱਲ੍ਹੇ ਰਹਿਣਗੇ।
- ਸਾਰੇ ਰੈਸਟੋਰੈਂਟ, ਕਾਫੀ ਦੀਆਂ ਦੁਕਾਨਾਂ, ਕੈਫੇ, ਢਾਬੇ ਹਫਤੇ ਦੇ ਸਾਰੇ ਦਿਨ ਸਿਰਫ ਹੋਮ ਡਿਲਿਵਰੀ ਲਈ ਰਾਤ 9 ਵਜੇ ਤੱਕ ਖੁੱਲ੍ਹ ਸਕਦੇ ਹਨ।
- ਹਫਤੇ ਦੇ ਸਾਰੇ ਦਿਨ 24 ਘੰਟੇ ਜ਼ਰੂਰੀ ਸਮਾਨ ਨੂੰ ਇੱਕ ਜਗ੍ਹਾ ਤੋਂ ਦੂਸਰੀ ਜਗ੍ਹਾ ਲੈ ਕੇ ਜਾਣ ਦੀ ਇਜਾਜ਼ਤ ਹੈ।
- ਦੁੱਧ ਅਤੇ ਦੁੱਧ ਤੋਂ ਬਣੇ ਉਤਪਾਦਾਂ ਦੀ ਡਿਲਿਵਰੀ ਕਰਨ ਵਾਲੇ ਕਰਮਚਾਰੀਆਂ ਨੂੰ ਕਰਫਿਊ ਪਾਸ ਰੱਖਣ ਦੀ ਲੋੜ ਨਹੀਂ ਹੈ। ਉਹ ਬਿਨਾਂ ਕਰਫਿਊ ਪਾਸ ਦੇ ਹਫਤੇ ਦੇ ਸਾਰੇ ਦਿਨ 24 ਘੰਟੇ ਦੁੱਧ ਦੀ ਸਪਲਾਈ ਕਰ ਸਕਦੇ ਹਨ।