ਚੀਨੀ ਵੀਡੀਓ ਸਟਰੀਮਿੰਗ ਪਲੇਟਫਾਰਮ ਟਿਕਟੌਕ ਦੀ ਵੈੱਬਸਾਈਟ ਭਾਰਤ ਵਿੱਚ 5 ਸਾਲਾਂ ਬਾਅਦ ਮੁੜ ਖੁੱਲ੍ਹੀ ਹੈ, ਹਾਲਾਂਕਿ ਐਪ ਅਜੇ ਵੀ ਉਪਲਬਧ ਨਹੀਂ ਹੈ। ਇਸ ਨਾਲ ਹੀ ਸ਼ਾਪਿੰਗ ਵੈੱਬਸਾਈਟ ਅਲੀਐਕਸਪ੍ਰੈੱਸ ਨੂੰ ਵੀ ਅਨਬਲੌਕ ਕਰ ਦਿੱਤਾ ਗਿਆ ਹੈ ਪਰ ਸਰਕਾਰੀ ਸੂਤਰਾਂ ਨੇ ਕਿਹਾ ਹੈ ਕਿ ਪਾਬੰਦੀ ਅਜੇ ਵੀ ਜਾਰੀ ਹੈ ਅਤੇ ਮੀਡੀਆ ਵਿੱਚ ਆ ਰਹੀਆਂ ਖਬਰਾਂ ਗਲਤ ਹਨ।
ਜਾਣਕਾਰੀ ਅਨੁਸਾਰ, ਟਿਕਟੌਕ ਦੀ ਵੈੱਬਸਾਈਟ ਬਹੁਤ ਸਾਰੇ ਉਪਭੋਗਤਾਵਾਂ ਲਈ ਖੁੱਲ੍ਹ ਰਹੀ ਹੈ ਪਰ ਐਪ ਗੂਗਲ ਪਲੇ ਸਟੋਰ ਅਤੇ ਐਪਲ ਐਪ ਸਟੋਰ ‘ਤੇ ਨਹੀਂ ਦਿਖ ਰਹੀ। ਟਿਕਟੌਕ ਅਤੇ ਇਸਦੀ ਮੂਲ ਕੰਪਨੀ ਬਾਈਟਡਾਂਸ ਨੇ ਭਾਰਤ ਵਿੱਚ ਵਾਪਸੀ ਬਾਰੇ ਕੋਈ ਅਧਿਕਾਰਤ ਬਿਆਨ ਨਹੀਂ ਜਾਰੀ ਕੀਤਾ ਹੈ।
ਸਰਕਾਰੀ ਸੂਤਰਾਂ ਨੇ ਸਪੱਸ਼ਟ ਕੀਤਾ ਹੈ ਕਿ ਟਿਕਟੌਕ ਅਤੇ ਸੰਬੰਧਿਤ ਵੈੱਬਸਾਈਟਾਂ ਦੀ ਸਥਿਤੀ ਵਿੱਚ ਕੋਈ ਬਦਲਾਅ ਨਹੀਂ ਆਇਆ। ਜੂਨ 2020 ਵਿੱਚ ਗਲਵਾਨ ਘਾਟੀ ਵਿੱਚ ਭਾਰਤ-ਚੀਨ ਤਣਾਅ ਦੇ ਸਿਖਰ ‘ਤੇ ਪਹੁੰਚਣ ਨਾਲ ਟਿਕਟੌਕ ਸਮੇਤ 59 ਚੀਨੀ ਐਪਾਂ ‘ਤੇ ਪਾਬੰਦੀ ਲਗਾਈ ਗਈ ਸੀ।
ਸਰਕਾਰ ਨੇ ਰਾਸ਼ਟਰੀ ਸੁਰੱਖਿਆ ਨੂੰ ਖਤਰਾ ਦੱਸਦੇ ਹੋਏ ਇਹ ਪਾਬੰਦੀ ਸੂਚਨਾ ਤਕਨਾਲੋਜੀ ਐਕਟ 2000 ਦੀ ਧਾਰਾ 69ਏ ਤਹਿਤ ਲਗਾਈ ਸੀ। ਇਸ ਵਿੱਚ ਟਿਕਟੌਕ, ਸ਼ੇਅਰਇਟ, ਯੂਸੀ ਬ੍ਰਾਊਜ਼ਰ, ਯੂਸੀ ਨਿਊਜ਼ ਵਰਗੀਆਂ ਮਸ਼ਹੂਰ ਐਪਾਂ ਸ਼ਾਮਲ ਸਨ।ਟਿਕਟੌਕ ਵੈੱਬਸਾਈਟ ਦੀ ਵਾਪਸੀ ਅਜਿਹੇ ਸਮੇਂ ਹੋਈ ਹੈ ਜਦੋਂ ਭਾਰਤ-ਚੀਨ ਸਬੰਧ ਨਰਮ ਪੈ ਰਹੇ ਹਨ।
ਹਾਲ ਹੀ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਚੀਨੀ ਵਿਦੇਸ਼ ਮੰਤਰੀ ਵਾਂਗ ਯੀ ਵਿਚਾਲੇ ਮੁਲਾਕਾਤ ਹੋਈ ਸੀ, ਜਿਸ ਵਿੱਚ ਸਰਹੱਦ ‘ਤੇ ਸ਼ਾਂਤੀ ਬਣਾਈ ਰੱਖਣ, ਵਪਾਰ ਖੋਲ੍ਹਣ ਅਤੇ ਨਿਵੇਸ਼ ਵਧਾਉਣ ਵਰਗੇ ਮੁੱਦਿਆਂ ‘ਤੇ ਚਰਚਾ ਕੀਤੀ ਗਈ ਸੀ। ਇਸ ਵਿਵਾਦ ਨੇ ਸੋਸ਼ਲ ਮੀਡੀਆ ‘ਤੇ ਚਰਚਾ ਛੇੜ ਦਿੱਤੀ ਹੈ, ਜਿੱਥੇ ਯੂਜ਼ਰਸ ਟਿਕਟੌਕ ਦੀ ਵਾਪਸੀ ਬਾਰੇ ਮੀਮਜ਼ ਅਤੇ ਵਿਚਾਰ ਸਾਂਝੇ ਕਰ ਰਹੇ ਹਨ।
ਹਾਲਾਂਕਿ, ਅਧਿਕਾਰਤ ਤੌਰ ‘ਤੇ ਕੋਈ ਬਦਲਾਅ ਨਹੀਂ ਹੋਇਆ, ਅਤੇ ਐਪ ਦੀ ਵਾਪਸੀ ਲਈ ਅਜੇ ਉਡੀਕ ਕਰਨੀ ਪਵੇਗੀ। ਇਹ ਸਥਿਤੀ ਡਾਟਾ ਸੁਰੱਖਿਆ ਅਤੇ ਰਾਸ਼ਟਰੀ ਹਿੱਤਾਂ ਨੂੰ ਲੈ ਕੇ ਚੱਲ ਰਹੇ ਵਿਵਾਦ ਨੂੰ ਦਰਸਾਉਂਦੀ ਹੈ।