‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਕਿਸਾਨ ਲੀਡਰ ਰਾਕੇਸ਼ ਟਿਕੈਤ ਨੇ ਕੇਂਦਰ ਸਰਕਾਰ ‘ਤੇ ਨਿਸ਼ਾਨਾ ਕੱਸਦਿਆਂ ਕਿਹਾ ਕਿ ਦੇਸ਼ ਦੀ ਰਾਜਧਾਨੀ ਨੂੰ ਕਿਸਾਨ ਘੇਰ ਕੇ ਬੈਠੇ ਹਨ ਪਰ ਫਿਰ ਵੀ ਕੇਂਦਰ ਸਰਕਾਰ ਕਿਸਾਨਾਂ ਨਾਲ ਗੱਲਬਾਤ ਨਹੀਂ ਕਰ ਰਹੀ। ਉਨ੍ਹਾਂ ਕਿਹਾ ਕਿ ਕਿਸਾਨ ਵੀ ਪਿੱਛੇ ਨਹੀਂ ਹਟਣਗੇ। ਟਿਕੈਤ ਨੇ ਕਿਹਾ ਕਿ ਇਸ ਸਮੇਂ ਦੇਸ਼ ‘ਤੇ ਕੁੱਝ ਲੋਕਾਂ ਨੇ ਕਬਜ਼ਾ ਕਰ ਲਿਆ ਹੈ। ਇਨ੍ਹਾਂ ਨੂੰ ਦੇਸ਼ ਦੀ ਜਨਤਾ, ਵਪਾਰੀ, ਕਿਸਾਨ ਅਤੇ ਮਜ਼ਦੂਰਾਂ ਦੇ ਨਾਲ ਕੋਈ ਲੈਣਾ-ਦੇਣਾ ਨਹੀਂ ਹੈ।
ਟਿਕੈਤ ਨੇ ਕਿਹਾ ਕਿ ਅਸੀਂ ਪਿੱਛੇ ਨਹੀਂ ਹਟਾਂਗੇ। ਪਿੱਛੇ ਹਟਣਾ ਸਾਡੀ ਡਿਕਸ਼ਨਰੀ ਵਿੱਚ ਨਹੀਂ ਹੈ। ਜਿਸ ਤਰ੍ਹਾਂ ਫੌਜਾਂ ਮੋਰਚੇ ‘ਤੇ ਹੁੰਦੀਆਂ ਹਨ ਤਾਂ ਗੋਲੀਆਂ ਖਾਂਦੀ ਹੈ, ਉਸੇ ਤਰ੍ਹਾਂ ਅਸੀਂ ਵੀ ਮੋਰਚੇ ‘ਤੇ ਹਾਂ ਅਤੇ ਲੜ ਰਹੇ ਹਾਂ।
ਟਿਕੈਤ ਨੇ ਕਿਹਾ ਕਿ ਅੰਦੋਲਨ ਨੂੰ ਆਮ ਜਨਤਾ ਦੀਆਂ ਭਾਵਨਾਵਾਂ ਅੱਗੇ ਵਧਾ ਰਹੀਆਂ ਹਨ। ਇਹ ਇੱਕ ਵਿਚਾਰਕ ਕ੍ਰਾਂਤੀ ਹੈ। ਇੱਥੇ ਵਿਚਾਰਕ ਕ੍ਰਾਂਤੀ ਆਈ ਹੈ ਅਤੇ ਉਸਨੇ ਬਦਲਾਅ ਕੀਤੇ ਹਨ। ਵਿਚਾਰ ਤੋਂ ਵੱਡਾ ਕੋਈ ਹਥਿਆਰ ਨਹੀਂ ਹੈ।