International

ਜਾਰਡਨ ‘ਚ ਅਮਰੀਕੀ ਬੇਸ ‘ਤੇ ਡਰੋਨ ਹਮਲੇ ‘ਚ ਤਿੰਨ ਫ਼ੌਜੀਆਂ ਦੀ ਮੌਤ, ਕਈ ਜ਼ਖ਼ਮੀ

Three soldiers were killed in a drone attack on the American base in Jordan

ਜਾਰਡਨ ‘ਚ ਈਰਾਨ ਸਮਰਥਕ ਅੱਤਵਾਦੀਆਂ ਦੇ ਹਮਲੇ ‘ਚ ਤਿੰਨ ਅਮਰੀਕੀ ਫ਼ੌਜੀ ਮਾਰੇ ਗਏ, ਜਦਕਿ ਕਈ ਜ਼ਖ਼ਮੀ ਹੋ ਗਏ। ਅਮਰੀਕੀ ਰਾਸ਼ਟਰਪਤੀ ਜੋਅ ਬਾਇਡਨ ਨੇ ਇੱਕ ਬਿਆਨ ਵਿੱਚ ਕਿਹਾ ਕਿ ਅਮਰੀਕਾ ਹਮਲਾਵਰਾਂ ਦੀ ਜ਼ਿੰਮੇਵਾਰੀ ਤੈਅ ਕਰੇਗਾ। ਯੂਐਸ ਸੈਂਟਰਲ ਕਮਾਂਡ ਨੇ ਇੱਕ ਬਿਆਨ ਜਾਰੀ ਕਰਕੇ ਕਿਹਾ ਹੈ ਕਿ 25 ਸੈਨਿਕ ਜ਼ਖ਼ਮੀ ਹੋਏ ਹਨ। ਰਾਸ਼ਟਰਪਤੀ ਬਾਇਡਨ ਨੇ ਈਰਾਨ ਸਮਰਥਕ ਲੜਾਕਿਆਂ ਦੇ ਹਮਲੇ ਦੀ ਗੱਲ ਕੀਤੀ, ਪਰ ਇਸ ਲਈ ਕਿਸੇ ਵਿਸ਼ੇਸ਼ ਸਮੂਹ ਦਾ ਨਾਮ ਨਹੀਂ ਲਿਆ। ਅਮਰੀਕੀ ਅਧਿਕਾਰੀ ਇਹ ਪਤਾ ਲਗਾਉਣ ਦੀ ਕੋਸ਼ਿਸ਼ ਕਰ ਰਹੇ ਹਨ ਕਿ ਹਮਲੇ ਪਿੱਛੇ ਕਿਸ ਗਰੁੱਪ ਦਾ ਹੱਥ ਹੈ।

ਅਮਰੀਕੀ ਸੈਨਿਕਾਂ ‘ਤੇ ਹਮਲੇ ਲਈ ਈਰਾਨ ਸਮਰਥਕ ਸਮੂਹਾਂ ਨੂੰ ਜ਼ਿੰਮੇਵਾਰ ਠਹਿਰਾਉਂਦੇ ਹੋਏ ਬਾਇਡਨ ਨੇ ਕਿਹਾ ਕਿ ਫਿਲਹਾਲ ਅਸੀਂ ਹਮਲੇ ਬਾਰੇ ਜਾਣਕਾਰੀ ਇਕੱਠੀ ਕਰ ਰਹੇ ਹਾਂ। ਸਾਡਾ ਮੰਨਣਾ ਹੈ ਕਿ ਸੀਰੀਆ ਅਤੇ ਇਰਾਕ ਵਿੱਚ ਸਰਗਰਮ ਈਰਾਨ ਸਮਰਥਿਤ ਅੱਤਵਾਦੀ ਸਮੂਹਾਂ ਨੇ ਇਹ ਹਮਲਾ ਕੀਤਾ ਹੈ।

ਵ੍ਹਾਈਟ ਹਾਊਸ ਤੋਂ ਜਾਰੀ ਬਿਆਨ ‘ਚ ਜੋਅ ਬਾਇਡਨ ਨੇ ਕਿਹਾ ਕਿ ਅਮਰੀਕਾ ਅੱਤਵਾਦ ਨਾਲ ਲੜਨ ਲਈ ਆਪਣੀ ਵਚਨਬੱਧਤਾ ਨੂੰ ਅੱਗੇ ਵਧਾਏਗਾ। ਇਸ ਵਿਚ ਕੋਈ ਸ਼ੱਕ ਨਹੀਂ ਹੈ ਕਿ ਅਸੀਂ ਹਮਲੇ ਲਈ ਜ਼ਿੰਮੇਵਾਰ ਸਾਰੇ ਲੋਕਾਂ ਨੂੰ ਆਪਣੇ ਤਰੀਕੇ ਨਾਲ ਜਵਾਬਦੇਹ ਠਹਿਰਾਵਾਂਗੇ।

ਰੱਖਿਆ ਮੰਤਰੀ ਲੋਇਡ ਆਸਟਿਨ ਨੇ ਜੌਰਡਨ ਵਿੱਚ ਡਰੋਨ ਹਮਲੇ ਵਿੱਚ ਅਮਰੀਕੀ ਸੈਨਿਕਾਂ ਦੀ ਮੌਤ ‘ਤੇ ਗੁੱਸਾ ਅਤੇ ਡੂੰਘਾ ਦੁੱਖ ਪ੍ਰਗਟ ਕੀਤਾ ਹੈ। ਉਨ੍ਹਾਂ ਨੇ ਇਕ ਬਿਆਨ ‘ਚ ਕਿਹਾ ਕਿ ਰਾਸ਼ਟਰਪਤੀ ਜੋਅ ਬਾਇਡਨ ਅਤੇ ਉਹ ਅਮਰੀਕੀ ਬਲਾਂ ‘ਤੇ ਹਮਲਿਆਂ ਨੂੰ ਬਰਦਾਸ਼ਤ ਨਹੀਂ ਕਰਨਗੇ। ਅਮਰੀਕਾ, ਆਪਣੀਆਂ ਫ਼ੌਜਾਂ ਅਤੇ ਸਾਡੇ ਹਿੱਤਾਂ ਦੀ ਰੱਖਿਆ ਲਈ ਸਖ਼ਤ ਕਾਰਵਾਈ ਕਰੇਗਾ। ਆਸਟਿਨ ਨੇ ਕਿਹਾ ਕਿ ਅਮਰੀਕੀ ਬਲਾਂ ‘ਤੇ ਹਾਲ ਹੀ ਦੇ ਹਮਲਿਆਂ ਲਈ ਈਰਾਨ ਸਮਰਥਕ ਅੱਤਵਾਦੀ ਸਮੂਹ ਜ਼ਿੰਮੇਵਾਰ ਹਨ। ਅਸੀਂ ਉਨ੍ਹਾਂ ਨੂੰ ਢੁਕਵਾਂ ਜਵਾਬ ਦੇਵਾਂਗੇ।

ਗਾਜ਼ਾ ‘ਚ ਇਜ਼ਰਾਈਲ-ਹਮਾਸ ਜੰਗ ਦੇ ਵਿਚਕਾਰ ਜਾਰਡਨ ‘ਚ ਅਮਰੀਕੀ ਫ਼ੌਜੀ ਟਿਕਾਣੇ ‘ਤੇ ਹਮਲੇ ਦੀ ਇਹ ਪਹਿਲੀ ਘਟਨਾ ਹੈ, ਜਿਸ ਕਾਰਨ ਪਹਿਲਾਂ ਤੋਂ ਹੀ ਜੰਗ ਪ੍ਰਭਾਵਿਤ ਇਸ ਖੇਤਰ ‘ਚ ਤਣਾਅ ਹੋਰ ਵਧਣ ਦੀ ਸੰਭਾਵਨਾ ਹੈ। ਜਾਰਡਨ ਇਰਾਕ, ਇਜ਼ਰਾਈਲ, ਫ਼ਲਸਤੀਨ, ਸਾਊਦੀ ਅਰਬ ਅਤੇ ਸੀਰੀਆ ਨਾਲ ਸਰਹੱਦਾਂ ਸਾਂਝੀਆਂ ਕਰਦਾ ਹੈ। ਅਮਰੀਕੀ ਫੌਜ ਨੇ ਲੰਬੇ ਸਮੇਂ ਤੋਂ ਜਾਰਡਨ ਨੂੰ ਬੇਸ ਦੇ ਤੌਰ ‘ਤੇ ਵਰਤਿਆ ਹੈ ਅਤੇ ਐਤਵਾਰ ਨੂੰ ਹਮਲਾ ਸੀਰੀਆ ਨਾਲ ਲੱਗਦੀ ਸਰਹੱਦ ਦੇ ਨੇੜੇ ਉੱਤਰੀ ਜਾਰਡਨ ‘ਚ ਹੋਇਆ। ਜਾਰਡਨ ਵਿੱਚ ਕਰੀਬ ਤਿੰਨ ਹਜ਼ਾਰ ਅਮਰੀਕੀ ਸੈਨਿਕ ਹਨ।

ਜਾਰਡਨ ਤੋਂ ਤੁਰੰਤ ਕੋਈ ਅਧਿਕਾਰਤ ਪ੍ਰਤੀਕਿਰਿਆ ਨਹੀਂ ਆਈ। ਹਾਲਾਂਕਿ ਸਰਕਾਰੀ ਟੀਵੀ ਚੈਨਲ ਨੇ ਸਰਕਾਰੀ ਬੁਲਾਰੇ ਦੇ ਹਵਾਲੇ ਨਾਲ ਕਿਹਾ ਕਿ ਅਮਰੀਕੀ ਸੈਨਿਕਾਂ ‘ਤੇ ਹਮਲਾ ਸੀਰੀਆ ਦੀ ਸਰਹੱਦ ‘ਤੇ ਜਾਰਡਨ ਦੇ ਬਾਹਰ ਹੋਇਆ ਹੈ। ਗਾਜ਼ਾ ਵਿੱਚ ਲੜਾਈ ਦੇ ਵਿਚਕਾਰ ਇਰਾਕ ਅਤੇ ਸੀਰੀਆ ਵਿੱਚ ਅਮਰੀਕੀ ਸੈਨਿਕਾਂ ਉੱਤੇ ਲਗਾਤਾਰ ਡਰੋਨ ਅਤੇ ਮਿਜ਼ਾਈਲ ਹਮਲੇ ਹੋ ਰਹੇ ਹਨ। ਅਮਰੀਕੀ ਰਾਸ਼ਟਰਪਤੀ ਬਿਡੇਨ ਨੂੰ ਐਤਵਾਰ ਨੂੰ ਕੋਲੰਬੀਆ, ਦੱਖਣੀ ਕੈਰੋਲੀਨਾ ਵਿੱਚ ਰੱਖਿਆ ਮੰਤਰੀ ਲੋਇਡ ਆਸਟਿਨ ਨੇ ਹਮਲੇ ਦੀ ਜਾਣਕਾਰੀ ਦਿੱਤੀ।

ਫਲਸਤੀਨੀ ਅੱਤਵਾਦੀ ਸਮੂਹ ਹਮਾਸ ਨੇ ਇਸ ਹਮਲੇ ਨੂੰ ਗਾਜ਼ਾ ‘ਚ ਇਜ਼ਰਾਈਲ ਦੀ ਫੌਜੀ ਕਾਰਵਾਈ ਖਿਲਾਫ ਪ੍ਰਤੀਕਿਰਿਆ ਦੱਸਿਆ ਹੈ। ਹਮਾਸ ਦੇ ਨੇਤਾ ਸਾਮੀ ਅਬੂ ਜ਼ੁਹਰੀ ਨੇ ਕਿਹਾ ਕਿ ਤਿੰਨ ਅਮਰੀਕੀ ਸੈਨਿਕਾਂ ਦੀ ਮੌਤ ਅਮਰੀਕੀ ਪ੍ਰਸ਼ਾਸਨ ਲਈ ਸੰਦੇਸ਼ ਹੈ ਕਿ ਜਦੋਂ ਤੱਕ ਗਾਜ਼ਾ ‘ਚ ਬੇਗੁਨਾਹਾਂ ਦੀ ਹੱਤਿਆ ਨਹੀਂ ਰੁਕਦੀ, ਉਸ ਨੂੰ ਵੀ ਅਜਿਹੇ ਹਮਲਿਆਂ ਦਾ ਸਾਹਮਣਾ ਕਰਨਾ ਪਵੇਗਾ। ਜ਼ੁਹਰੀ ਨੇ ਕਿਹਾ ਕਿ ਗਾਜ਼ਾ ਦੇ ਖ਼ਿਲਾਫ਼ ਅਮਰੀਕੀ-ਯਹੂਦੀ ਹਮਲਾ ਖੇਤਰ ਦੇ ਹਾਲਾਤ ਖ਼ਰਾਬ ਕਰਨ ਲਈ ਜ਼ਿੰਮੇਵਾਰ ਹੈ।