ਫਾਜ਼ਿਲਕਾ : ਪੰਜਾਬ ਵਿਚ ਹਰ ਰੋਜ਼ ਸੜਕ ਹਾਦਸਿਆਂ ਵਿਚ ਕੀਮਤੀ ਜਾਨਾਂ ਜਾ ਰਹੀਆਂ ਹਨ। ਹਰ ਰੋਜ਼ ਲੋਕ ਸੜਕ ਹਾਸਦਿਆਂ ਦਾ ਸ਼ਿਕਾਰ ਹੁੰਦੇ ਰਹਿੰਦੇ ਹਨ ਜਿੰਨਾਂ ਵਿੱਚ ਕਈਆਂ ਦੀ ਜਾਨ ਚਲੇ ਜਾਂਦੀ ਹੈ ਅਤੇ ਬਹੁਤਿਆਂ ਦੇ ਘਰ ਸੁੰਨੇ ਹੋ ਜਾਂਦੇ ਹਨ। ਅਜਿਹੀ ਇੱਕ ਮੰਦਭਾਗੀ ਖ਼ਬਰ ਫ਼ਾਜ਼ਿਲਕਾ ਤੋਂ ਸਾਹਮਣੇ ਆਈ ਹੈ ਜਿੱਥੇ ਸੜਕ ਹਾਦਸੇ ਦੌਰਾਨ ਤਿੰਨ ਸਕੀਆਂ ਭੈਣਾਂ ਦੀ ਮੌਤ ਹੋ ਗਈ।
ਜਾਣਕਾਰੀ ਅਨੁਸਾਰ ਫਾਜ਼ਿਲਕਾ ਉਪ ਮੰਡਲ ਦੇ ਪਿੰਡ ਖਰਾਸ ਵਾਲੀ ਢਾਣੀ ਨੇੜੇ ਵਾਪਰੇ ਇੱਕ ਸੜਕ ਹਾਦਸੇ ਵਿੱਚ ਤਿੰਨ ਭੈਣਾਂ ਦੀ ਮੌਤ ਹੋ ਗਈ, ਜਦਕਿ ਪਿਤਾ ਜ਼ਖ਼ਮੀ ਹੋ ਗਿਆ ਹੈ। ਫਾਜ਼ਿਲਕਾ ਦੇ ਸਿਵਲ ਹਸਪਤਾਲ ’ਚ ਜ਼ੇਰੇ ਇਲਾਜ ਸੁਲਤਾਨ ਸਿੰਘ ਵਾਸੀ ਢਾਣੀ ਖਰਾਸ ਵਾਲੀ ਨੇ ਦੱਸਿਆ ਕਿ ਉਹ ਲੰਘੀ ਸ਼ਾਮ ਕਰੀਬ 7.30 ਵਜੇ ਉਹ ਆਪਣੇ ਤਿੰਨ ਬੱਚਿਆਂ ਨਾਲ ਮੋਟਰਸਾਈਕਲ ’ਤੇ ਜਾ ਰਿਹਾ ਸੀ।
ਜਦੋਂ ਖਰਾਸ ਵਾਲੀ ਢਾਣੀ ਨੇੜੇ ਇੱਕ ਅਣਪਛਾਤੇ ਪਿਕਅਪ ਚਾਲਕ ਨੇ ਉਸ ਨੂੰ ਟੱਕਰ ਮਾਰ ਦਿੱਤੀ ਤੇ ਮੌਕੇ ਤੋਂ ਫਰਾਰ ਹੋ ਗਿਆ। ਇਸ ਹਾਦਸੇ ’ਚ ਉਹ ਅਤੇ ਉਸ ਦੀਆਂ ਧੀਆਂ ਸਿਮਰਨਜੀਤ ਕੌਰ , ਕੁਲਵਿੰਦਰ ਕੌਰ ਤੇ ਮੀਰਾ ਰਾਣੀ ਜ਼ਖ਼ਮੀ ਹੋ ਗਈਆਂ। ਰਾਹਗੀਰਾਂ ਨੇ ਚਾਰੋਂ ਜਣਿਆਂ ਨੂੰ ਜ਼ਖ਼ਮੀ ਹਾਲਤ ਵਿੱਚ ਫਾਜ਼ਿਲਕਾ ਦੇ ਸਿਵਲ ਹਸਪਤਾਲ ਲਿਜਾਇਆ ਗਿਆ, ਜਿੱਥੇ ਕੁਲਵਿੰਦਰ ਕੌਰ ਦੀ ਮੌਤ ਹੋ ਗਈ। ਡਾਕਟਰਾਂ ਵੱਲੋਂ ਸਿਮਰਨਜੀਤ ਅਤੇ ਮੀਰਾ ਰਾਣੀ ਨੂੰ ਫ਼ਰੀਦਕੋਟ ਹਸਪਤਾਲ ਭੇਜ ਦਿੱਤਾ ਗਿਆ, ਜਿੱਥੇ ਇਲਾਜ ਦੌਰਾਨ ਉਨ੍ਹਾਂ ਦੋਹਾਂ ਦੀ ਵੀ ਮੌਤ ਹੋ ਗਈ। ਥਾਣਾ ਸਦਰ ਫਾਜ਼ਿਲਕਾ ਦੀ ਪੁਲਿਸ ਵੱਲੋਂ ਸੁਲਤਾਨ ਸਿੰਘ ਦੇ ਬਿਆਨ ਦੇ ਆਧਾਰ ’ਤੇ ਅਣਪਛਾਤੇ ਪਿਕਅਪ ਚਾਲਕ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ।
ਦੱਸ ਦੇਈਏ ਕਿ ਪੰਜਾਬ ‘ਚ ਠੰਢ ਦੇ ਨਾਲ -ਨਾਲ ਸੰਘਣੀ ਧੁੰਦ ਪੈਣੀ ਸ਼ੁਰੂ ਹੋ ਚੁੱਕੀ ਹੈ , ਜਿਸ ਕਾਰਨ ਕਈ ਸੜਕ ਹਾਦਸੇ ਵਾਪਰ ਰਹੇ ਹਨ। ਧੁੰਦ ਕਾਰਨ ਰਾਤ ਵੇਲੇ ਠੀਕ ਤਰ੍ਹਾਂ ਦਿਖਾਈ ਨਹੀਂ ਦਿੰਦਾ। ਅਜਿਹੇ ‘ਚ ਉਹ ਰਸਤੇ ‘ਚ ਖੜ੍ਹੇ ਕਿਸੇ ਵਾਹਨ ਨਾਲ ਟਕਰਾ ਜਾਂਦੇ ਹਨ ਜਾਂ ਸੜਕਾਂ ਦੇ ਕਿਨਾਰਿਆਂ ‘ਤੇ ਚਿੱਟੀਆਂ ਪੱਟੀਆਂ ਨਾ ਹੋਣ ਕਾਰਨ ਵਾਹਨ ਸੜਕ ਤੋਂ ਉਤਰ ਕੇ ਹਾਦਸੇ ਦਾ ਸ਼ਿਕਾਰ ਹੋ ਜਾਂਦੇ ਹਨ।