Punjab

ਫ਼ਿਰੋਜ਼ਪੁਰ ’ਚ ਵੱਡਾ ਹਾਦਸਾ! ਦਵਾਈ ਲੈ ਕੇ ਘਰ ਜਾ ਰਹੇ 3 ਭੈਣ-ਭਰਾਵਾਂ ਦੀ ਮੌਤ

ਫ਼ਿਰੋਜ਼ਪੁਰ ਵਿੱਚ ਬੀਤੀ ਅੱਧੀ ਰਾਤ ਨੂੰ ਭਿਆਨਕ ਸੜਕ ਹਾਦਸਾ ਵਾਪਰਿਆ ਜਿਸ ਵਿੱਚ ਮੋਟਰਸਾਈਕਲ ਸਵਾਰ ਦੋ ਭੈਣਾਂ ਤੇ ਇੱਕ ਭਰਾ ਦੀ ਮੌਤ ਹੋ ਗਈ। ਇਹ ਹਾਦਸਾ ਫ਼ਿਰੋਜ਼ਪੁਰ ਦੇ ਮਮਦੋਟ ਥਾਣੇ ਅਧੀਨ ਪੈਂਦੇ ਜੰਗਲਵਾਲਾ ਨੇੜੇ ਵਾਪਰਿਆ। ਹਾਦਸੇ ’ਚ ਮੋਟਰਸਾਈਕਲ ਨੂੰ ਕੈਂਟਰ ਨੇ ਟੱਕਰ ਮਾਰ ਦਿੱਤੀ, ਜਿਸ ਕਾਰਨ ਤਿੰਨਾਂ ਭੈਣ-ਭਰਾਵਾਂ ਦੀ ਮੌਕੇ ’ਤੇ ਹੀ ਮੌਤ ਹੋ ਗਈ।

ਇਸ ਦੌਰਾਨ ਕੈਂਟਰ ਚਾਲਕ ਕੈਂਟਰ ਛੱਡ ਕੇ ਫਰਾਰ ਹੋ ਗਿਆ। ਜਿਸ ਤੋਂ ਬਾਅਦ ਲੋਕਾਂ ਨੇ ਸੜਕ ਜਾਮ ਕਰ ਦਿੱਤੀ ਅਤੇ ਕਈ ਘੰਟੇ ਫ਼ਿਰੋਜ਼ਪੁਰ ਫ਼ਾਜ਼ਲਿਕਾ ਹਾਈਵੇ ’ਤੇ ਲੰਮਾ ਜਾਮ ਲੱਗਾ ਰਿਹਾ | ਘਟਨਾ ਦੀ ਸੂਚਨਾ ਮਿਲਦਿਆਂ ਹੀ ਮੌਕੇ ’ਤੇ ਪਹੁੰਚੀ ਪੁਲਿਸ ਨੇ ਲੋਕਾਂ ਨੂੰ ਸ਼ਾਂਤ ਕਰਕੇ ਲਾਸ਼ ਨੂੰ ਕਬਜ਼ੇ ਵਿੱਚ ਲਿਆ ਤੇ ਪੋਸਟਮਾਰਟਮ ਲਈ ਸਿਵਲ ਹਸਪਤਾਲ ਫ਼ਿਰੋਜ਼ਪੁਰ ਭੇਜ ਦਿੱਤਾ।

ਮ੍ਰਿਤਕ ਤਿੰਨੇ ਭੈਣ-ਭਰਾ ਪਿੰਡ ਪੁਰਾ ਵਾਲਾ ਦੇ ਵਸਨੀਕ ਹਨ ਅਤੇ ਮੋਟਰਸਾਈਕਲ ’ਤੇ ਘਰੋਂ ਦਵਾਈ ਲੈਣ ਆਏ ਸਨ। ਵਾਪਸ ਜਾਂਦੇ ਸਮੇਂ ਉਨ੍ਹਾਂ ਨਾਲ ਇਹ ਹਾਦਸਾ ਵਾਪਰ ਗਿਆ, ਜਿਸ ’ਚ ਉਨ੍ਹਾਂ ਦੀ ਮੌਤ ਹੋ ਗਈ।