‘ਦ ਖ਼ਾਲਸ ਬਿਊਰੋ : ਕੈਨੇਡਾ ਦੇ ਇਕ ਗੁਰਦੁਆਰਾ ਸਾਹਿਬ ਵਿਚ ਕੀਰਤਨ ਕਰਨ ਗਏ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਤਿੰਨ ਮੁਲਾਜ਼ਮ ਕੈਨੇਡਾ ਪੁੱਜਣ ਦੇ ਕੁਝ ਸਮੇਂ ਬਾਅਦ ਹੀ ਸਮਾਨ ਸਮੇਤ ਲਾਪਤਾ ਹੋ ਗਏ ਜਿਸ ਮਗਰੋਂ ਸਥਾਨਕ ਗੁਰਦੁਆਰਾ ਕਮੇਟੀ ਨੇ ਪੁਲਿਸ ਕੋਲ ਸ਼ਿਕਾਇਤ ਦਰਜ ਕਰਵਾਈ ਹੈ।
ਇਹਨਾਂ ਤਿੰਨਾਂ ਨੂੰ ਸਿੱਖ ਸਪਿਰਚੁਅਲ ਸੈਂਟਰ ਨਾਂ ਦੇ ਗੁਰਦੁਆਰਾ ਸਾਹਿਬ ਦੀ ਕਮੇਟੀ ਨੇ ਕੀਰਤਨ ਵਾਸਤੇ ਕੈਨੇਡਾ ਸੱਦਿਆ ਸੀ। ਇਹਨਾਂ ਤਿੰਨਾਂ ਵਿਚ ਕੁਲਦੀਪ ਸਿੰਘ ਰਾਮਪੁਰਾ, ਸਤਨਾਮ ਸਿੰਘ ਤੇ ਤੇਜਿੰਦਰ ਸਿੰਘ ਸ਼ਾਮਲ ਹਨ। ਇਹ 5 ਅਪ੍ਰੈਲ ਦੀ ਏਅਰ ਇੰਡੀਆ ਦੀ ਫਲਾਈਟ ’ਤੇ ਟੋਰਾਂਟੋ ਪਹੁੰਚੇ ਸਨ। ਇਹਨਾਂ ਦੇ ਠਹਿਰਨ ਦਾ ਪ੍ਰਬੰਧ ਗੁਰਦੁਆਰਾ ਕਮੇਟੀ ਵੱਲੋਂ ਕੀਤਾ ਗਿਆ ਸੀ ਪਰ ਪਹੁੰਚਣ ਤੋਂ ਕੁਝ ਸਮੇਂ ਬਾਅਦ ਹੀ ਇਹ ਤਿੰਨੋਂ ਆਪਣੇ ਸਮਾਨ ਸਮੇਤ ਫ਼ਰਾਰ ਹੋ ਗਏ।
ਗੁਰੁਦਆਰਾ ਕਮੇਟੀ ਦੇ ਪ੍ਰਧਾਨ ਅਮਰਜੀਤ ਸਿੰਘ ਜੌਹਲ ਨੇ ਇਹ ਜਾਣਕਾਰੀ ਸਾਂਝੀ ਕੀਤੀ ਹੈ। ਉਹਨਾਂ ਦੱਸਿਆ ਕਿ ਇਸ ਬਾਰੇ ਪੁਲਿਸ ਤੋਂ ਇਲਾਵਾ ਹੋਰ ਵਿਭਾਗਾਂ ਨੂੰ ਵੀ ਸੂਚਿਤ ਕੀਤਾ ਗਿਆ ਹੈ ਤਾਂ ਜੋ ਉਹ ਅਮਰੀਕਾ ਨਾ ਭੱਜ ਸਕਣ। ਇਸ ਬਾਰੇ ਸ਼੍ਰੋਮਣੀ ਕਮੇਟੀ ਨੂੰ ਵੀ ਇਤਲਾਹ ਦਿੱਤੀ ਗਈ ਹੈ।