ਲੁਧਿਆਣਾ : ਬੀਤੇ ਦਿਨੀਂ ਇੱਕ ਹਾਦਸੇ ਕਾਰਨ ਤਿੰਨ ਬੱਚਿਆਂ ਸਣੇ ਪੰਜ ਜਣਿਆਂ ਜਾਨ ਚਲੀ ਜਾਣ ਤੋਂ ਬਾਅਦ ਹੁਣ ਇੱਕ ਹੋਰ ਦਰਦਮਈ ਘਟਨਾ ਸਾਹਮਣੇ ਆਈ ਹੈ। ਜਿਸ ਵਿੱਚ ਇਕ ਕਾਰ ਪੁਲ ਤੋਂ ਹੇਠਾਂ ਡਿੱਗਣ ਕਾਰਨ ਦੋ ਔਰਤਾਂ ਸਣੇ ਤਿੰਨ ਜਣਿਆਂ ਦੀ ਜੀਵਨ ਲੀਲਾ ਸਮਾਪਤ ਹੋ ਗਈ ਅਤੇ ਇੱਕ ਬਜ਼ੁਰਗ ਫੱਟੜ ਹੋ ਗਿਆ। ਇਹ ਹਾਦਸਾ ਬੀਤੇ ਦਿਨ ਸਿਧਵਾਂ ਨਹਿਰ ਦੇ ਨਾਲ-ਨਾਲ ਲਾਡੋਵਾਲ ਤੱਕ ਬਣੇ ਦੱਖਣੀ ਬਾਈਪਾਸ ’ਤੇ ਵਾਪਰਿਆ। ਦੱਸਿਆ ਜਾ ਰਿਹਾ ਹੈ ਕਿ ਮੋਗਾ ਤੋਂ ਕਾਰ ਸਵਾਲ ਆਪਣੇ ਪਰਿਵਾਰ ਸਮੇਤ ਆਪਣੇ ਪੁੱਤ ਦੇ ਸ਼ਗਨ ਲਈ ਨਵਾਂ ਸ਼ਹਿਰ ਜਾ ਰਿਹਾ ਸੀ। ਮੌਕੇ ’ਤੇ ਪੁੱਜੀ ਪੁਲੀਸ ਨੇ ਲਾਸ਼ਾਂ ਨੂੰ ਕਬਜ਼ੇ ਵਿੱਚ ਲੈ ਕੇ ਸਿਵਲ ਹਸਪਤਾਲ ਦੇ ਮੁਰਦਾਘਰ ’ਚ ਰਖਵਾ ਦਿੱਤਾ ਹੈ। ਲਾਸ਼ਾਂ ਦਾ ਪੋਸਟਮਾਰਟਮ ਕਰਕੇ ਪਰਿਵਾਰ ਵਾਲਿਆਂ ਹਵਾਲੇ ਕਰ ਦਿੱਤਾ ਜਾਵੇਗਾ।
ਇੰਝ ਵਾਪਰਿਆ ਹਾਦਸਾ-
ਜਾਣਕਾਰੀ ਮੁਤਾਬਿਕ ਦੱਖਣੀ ਬਾਈਪਾਸ ’ਤੇ ਕਾਰ ਦੀ ਸਪੀਡ ਜ਼ਿਆਦਾ ਹੋਣ ਕਾਰਨ ਕਾਰ ਦਾ ਸੰਤੁਲਨ ਵਿਗੜ ਗਿਆ ਤੇ ਕਾਰ ਸਿੱਧਾ 30 ਫੁੱਟ ਉੱਚੇ ਫਲਾਈਓਵਰ ਤੋਂ ਥੱਲੇ ਜਾ ਡਿੱਗੀ। ਘਟਨਾ ਸਥਾਨ ’ਤੇ ਮੌਜੂਦ ਲੋਕਾਂ ਨੇ ਐਂਬੂਲੈਂਸ 108 ਅਤੇ ਪੁਲੀਸ ਕੰਟਰੋਲ ਰੂਮ ਨੂੰ ਸੂਚਨਾ ਦਿੱਤੀ ਤੇ ਕੁਝ ਦੇਰ ਬਾਅਦ ਮੌਕੇ ’ਤੇ ਥਾਣਾ ਲਾਡੋਵਾਲ ਦੀ ਪੁਲਿਸ ਪੁੱਜ ਗਈ। ਮ੍ਰਿਤਕਾਂ ਦੀ ਪਛਾਣ ਪਿੰਕ ਪ੍ਰੀਤ ਸਿੰਘ, ਕੁਲਵਿੰਦਰ ਕੌਰ ਤੇ ਰਣਜੀਤ ਕੌਰ ਵਾਸੀ ਪਿੰਡ ਭਿੰਡਰ (ਮੋਗਾ) ਵਜੋਂ ਹੋਈ ਹੈ।
ਪੁਲਿਸ ਮੁਤਾਬਿਕ ਕਿ ਮੋਗਾ ਦਾ ਇੱਕ ਪਰਿਵਾਰ ਆਪਣੇ ਲੜਕੇ ਦਾ ਸ਼ਗਨ ਪਵਾਉਣ ਲਈ ਨਵਾਂ ਸ਼ਹਿਰ ਜਾ ਰਿਹਾ ਸੀ। ਇਸ ਸਾਰੇ ਤਿੰਨ ਗੱਡੀਆਂ ਵਿੱਚ ਸਵਾਰ ਸਨ। ਇੰਨਾਂ ਵਿੱਚ ਇੱਕ ਗੱਡੀ ਹਾਦਸੇ ਦਾ ਸ਼ਿਕਾਰ ਹੋ ਗਈ। ਇਸ ਗੱਡੀ ਵਿੱਚ ਸ਼ਗਨ ਵਾਲੇ ਲੜਕੇ ਦੀ ਮਾਂ, ਦਾਦੀ, ਦਾਦਾ ਤੇ ਉਸ ਦਾ ਦੋਸਤ ਸਵਾਰ ਸਨ।