Punjab

ਅਪਰ ਬਾਰੀ ਦੁਆਬ ਨਹਿਰ ‘ਚ ਰੁੜਿਆ ਪਿੰਡ ਦਾ ਸਰਪੰਚ, ਬਚਾਉਣ ਦੇ ਚੱਕਰ ‘ਚ ਦੋ ਹੋਰ ਨਾਲ ਰੁੜੇ

ਗਰਮੀਆਂ ਦੇ ਮੌਸਮ ਵਿੱਚ ਅਕਸਰ ਲੋਕ ਨਹਿਰਾਂ ਸੂਇਆਂ ਵਿੱਚ ਨਹਾਉਣ ਜਾਂਦੇ ਹਨ, ਕਈ ਵਾਰੀ ਬੱਚਿਆਂ ਦੇ ਪਾਣੀ ਵਿੱਚ ਰੁੜਨ ਅਤੇ ਡੁੱਬਣ ਦੀਆਂ ਖ਼ਬਰਾਂ ਸਾਹਮਣੇ ਆਈਆਂ ਹਨ ਪਰ ਹੁਣ ਅਜਿਹਾ ਮਾਮਲਾ ਸਾਹਮਣੇ ਆਇਆ ਹੈ, ਜਿਸ ਨੇ ਸਭ ਨੂੰ ਹੈਰਾਨ ਕਰਕੇ ਰੱਖ ਦਿੱਤਾ ਹੈ। ਬਟਾਲਾ (Batala) ਦੇ ਅਲੀਵਾਲ (Aliwal)  ਵਿੱਚੋਂ ਹੋ ਕੇ ਲੰਘਦੀ ਅਪਰ ਬਾਰੀ ਦੁਆਬ ਨਹਿਰ ਵਿੱਚ ਪਿੰਡ ਦੇ ਸਰਪੰਚ ਸਮੇਤ ਤਿੰਨ ਲੋਕ ਡੁੱਬ ਗਏ ਹਨ। ਜਾਣਕਾਰੀ ਮੁਤਾਬਕ ਪਿੰਡ ਭਾਰਥਵਾਲ ਦੇ ਸਰਪੰਚ ਰਣਬੀਰ ਸਿੰਘ ਤੇਜ਼ ਪਾਣੀ ਵਿੱਚ ਰੁੜ ਗਿਆ ਸੀ ਤਾਂ ਉਸ ਨੂੰ ਬਚਾਉਣ ਲਈ ਉਸ ਦੇ ਸਾਥੀ ਮੱਖਣ ਸਿੰਘ ਅਤੇ ਕਰਤਾਰ ਨੇ ਬਚਾਉਣ ਦੀ ਕੋਸ਼ਿਸ਼ ਕੀਤੀ ਪਰ ਉਹ ਵੀ ਪਾਣੀ ਦੇ ਤੇਜ਼ ਵਹਾ ਵਿੱਚ ਰੁੜ ਗਏ।

ਇਸ ਤੋਂ ਬਾਅਦ ਸਰਪੰਚ ਦੇ ਭਰਾ ਨੇ ਦੱਸਿਆ ਕਿ ਉਨ੍ਹਾਂ ਨੂੰ ਜਦੋਂ ਜਾਣਕਾਰੀ ਮਿਲੀ ਤਾਂ ਉਨ੍ਹਾਂ ਮੌਕੇ ‘ਤੇ ਪਹੁੰਚੇ। ਉਨ੍ਹਾਂ ਦੱਸਿਆ ਕਿ ਸਰਪੰਚ ਸਮੇਤ ਦੋ ਵਿਅਕਤੀ ਪਾਣੀ ਵਿੱਚ ਰੁੜ ਗਏ ਹਨ। ਜਦੋਂ ਸਰਪੰਚ ਰਣਬੀਰ ਸਿੰਘ ਪਾਣੀ ਵਿੱਚ ਰੁੜਿਆ ਜਾ ਰਿਹਾ ਸੀ ਤਾਂ ਉਸ ਦੇ ਸਾਥੀਆਂ ਨੇ ਪੱਗ ਸੁੱਟ ਕੇ ਬਚਾਉਣ ਦੀ ਕੋਸ਼ਿਸ਼ ਕੀਤੀ ਪਰ ਕਾਮਯਾਬ ਨਹੀਂ ਹੋ ਸਕੇ। ਇਸ ਤੋਂ ਬਾਅਦ ਉਨ੍ਹਾਂ ਛਾਲ ਮਾਰ ਕੇ ਬਚਾਉਣ ਦੀ ਕੋਸ਼ਿਸ਼ ਕੀਤੀ ਪਰ ਉਹ ਵੀ ਪਾਣੀ ਦੇ ਤੇਜ਼ ਵਹਾਅ ਨੂੰ ਸਹਾਰ ਨਾ ਸਕੇ ਤੇ ਰੁੜ ਗਏ। ਇਸ ਤੋਂ ਬਾਅਦ ਨਹਿਰੀ ਵਿਭਾਗ ਤੋਂ ਮੰਗ ਕਰਦਿਆਂ ਉਨ੍ਹਾਂ ਕਿਹਾ ਕਿ ਨਹਿਰ ਵਿੱਚ ਪੌੜੀਆਂ ਬਣਾਈਆਂ ਜਾਣ ਤਾਂ ਕਿ ਲੋੜ ਪੈਣ ‘ਤੇ ਤਤਕਾਲ ਵਿੱਚ ਬੰਦਿਆਂ ਨੂੰ ਬਚਾਇਆ ਜਾ ਸਕੇ।

ਇਹ ਵੀ ਪੜ੍ਹੋ –   ਜਲੰਧਰ ‘ਚ ਭਾਰਤੀ ਫੌਜ ਦੇ ਟਰੱਕ ਨਾਲ ਵਾਪਰਿਆ ਵੱਡਾ ਹਾਦਸਾ, ਜਵਾਨ ਹਸਪਤਾਲ ਦਾਖਲ