ਬਿਉਰੋ ਰਿਪੋਰਟ – ਪਠਾਨਕੋਟ ਵਿੱਚ ਲਗਾਤਾਰ ਦੂਜੇ ਦਿਨ 3 ਸ਼ੱਕੀਆਂ ਦੀ ਖ਼ਬਰ ਨੇ ਪੂਰੇ ਇਲਾਕੇ ਵਿੱਚ ਸਹਿਮ ਦਾ ਮਾਹੌਲ ਬਣਾ ਦਿੱਤਾ ਹੈ ਸੁਰੱਖਿਆ ਏਜੰਸੀਆਂ ਦੀ ਵੀ ਸਿਰਦਰਦੀ ਵਧਾ ਦਿੱਤੀ ਹੈ। ਬੀਤੀ ਰਾਤ ਪਿੰਡ ਫੰਗਤੌਲੀ ਦੇ ਬਲਰਾਮ ਸਿੰਘ ਦੇ ਮੁਤਾਬਿਕ ਰਾਤ ਤਕਰੀਬਨ ਢਾਈ ਵਜੇ ਤਿੰਨ ਸ਼ੱਕੀ ਕੰਧ ਟੱਪ ਕੇ ਘਰ ਆਏ ਅਤੇ ਅਵਾਜ਼ ਦੇ ਕੇ ਰੋਟੀ ਮੰਗੀ, ਪਰ ਉਨ੍ਹਾਂ ਨੇ ਕਮਰੇ ਦਾ ਦਰਵਾਜ਼ਾ ਨਹੀਂ ਖੋਲ੍ਹਿਆ ਅਤੇ ਨਾ ਹੀ ਉਨ੍ਹਾਂ ਦੀ ਅਵਾਜ਼ ਦਾ ਕੋਈ ਜਵਾਬ ਦਿੱਤਾ।
ਬਲਰਾਮ ਸਿੰਘ ਨੇ ਦੱਸਿਆ ਕਿ ਤਿੰਨੇ ਸ਼ੱਕੀਆਂ ਕੋਲ ਵੱਡੇ ਬੈਗ ਸਨ ਉਨ੍ਹਾਂ ਨੇ ਕਾਲੇ ਰੰਗ ਦੇ ਕੱਪੜੇ ਪਾਏ ਹੋਏ ਸਨ। ਉਨ੍ਹਾਂ ਨੇ ਅਵਾਜ਼ ਦੇ ਕੇ ਕਿਹਾ ਉੱਠੋ, ਸਾਨੂੰ ਭੁੱਖ ਲੱਗੀ ਹੈ ਰੋਟੀ ਦਿਉ। ਤਿੰਨ ਚਾਰ ਵਾਰ ਅਵਾਜ਼ ਆਈ ਤੇ ਫਿਰ ਲਾਲ ਰੰਗ ਦੀ ਲਾਈਟ ਪਰਦੇ ’ਤੇ ਪਾ ਕੇ ਡਰਾਉਣ ਦੀ ਕੋਸ਼ਿਸ਼ ਕੀਤੀ ਪਰ ਉਨ੍ਹਾਂ ਨੇ ਕੋਈ ਜਵਾਬ ਨਹੀਂ ਦਿੱਤਾ।
ਬਲਰਾਮ ਸਿੰਘ ਦੀ ਪਤਨੀ ਨੇ ਪੁਲਿਸ ਨੂੰ ਫੋਨ ਕੀਤਾ ਪਰ ਨੈੱਟਵਰਕ ਨਾ ਮਿਲਣ ਦੀ ਵਜ੍ਹਾ ਕਰਕੇ ਫ਼ੋਨ ਨਹੀਂ ਹੋ ਸਕਿਆ। ਪਰਦੇ ਦੇ ਪਿੱਛੋ ਉਹ ਤਿੰਨਾਂ ਦੀਆਂ ਹਰਕਤਾਂ ਨੂੰ ਵੇਖਦੇ ਰਹੇ। ਇਸ ਵਿਚਾਲੇ ਹੈਲੀਕਾਪਟਰ ਗੁਜ਼ਰਨ ਦੀ ਅਵਾਜ਼ ਸੁਣਾਈ ਦਿੱਤੀ ਤਾਂ ਸ਼ੱਕੀ ਪੌੜੀਆਂ ਤੋਂ ਕਦੇ ਹੇਠਾਂ ਅਤੇ ਉੱਤੇ ਜਾਂਦੇ ਰਹੇ। ਸਵੇਰ ਤਕਰੀਬਨ ਸਾਢੇ 4 ਵਜੇ ਤੱਕ ਉਨ੍ਹਾਂ ਦੀ ਮੂਵਮੈਂਟ ਰਹੀ।
23 ਜੁਲਾਈ ਨੂੰ 7 ਸ਼ੱਕੀ ਵੇਖੇ ਗਏ
23 ਜੁਲਾਈ ਦੀ ਸ਼ਾਮ ਤਕਰੀਬਨ 7 ਵਜੇ ਇਸੇ ਪਿੰਡ ਵਿੱਚ 7 ਸ਼ੱਕੀਆਂ ਨੂੰ ਵੇਖਿਆ ਗਿਆ ਸੀ। ਉਨ੍ਹਾਂ ਨੇ ਪਿੰਡ ਦੀ ਔਰਤ ਸੀਮਾ ਦੇਵੀ ਦੇ ਘਰ ਜਾ ਕੇ ਪਾਣੀ ਮੰਗਿਆ। ਇਨ੍ਹਾਂ ਦੀ ਖ਼ਬਰ ਮਿਲਣ ਤੋਂ ਬਾਅਦ ਪੂਰੇ ਇਲਾਕੇ ਵਿੱਚ BSF ਨੇ ਪੂਰੇ ਇਲਾਕੇ ਵਿੱਚ ਸਰਚ ਆਪਰੇਸ਼ਨ ਚਲਾਇਆ ਸੀ। ਹਾਲਾਂਕਿ ਹੁਣ ਤੱਕ ਉਨ੍ਹਾਂ ਨੂੰ ਲੈਕੇ ਕੋਈ ਸੁਰਾਗ ਨਹੀਂ ਮਿਲ ਪਾਇਆ ਹੈ। ਪਰ ਜੰਗਲੀ ਇਲਾਕੇ ਵਿੱਚ ਸ਼ੱਕੀਆਂ ਦੇ ਬੂਟਾਂ ਦੇ ਨਿਸ਼ਾਨ ਜ਼ਰੂਰ ਮਿਲੇ ਹਨ।