Punjab

ਨਕੋਦਰ ਮਾਮਲੇ ‘ਚ ਤਿੰਨ ਹੋਰ ਮੁਲਜ਼ਮ ਗ੍ਰਿਫਤਾਰ

Three more accused arrested in Nakodar case

ਨਕੋਦਰ : ਜਲੰਧਰ ਪੁਲਿਸ ਨੇ ਨਕੋਦਰ ਵਿਖੇ ਕੱਪੜਾ ਵਪਾਰੀ ਟਿੰਮੀ ਚਾਵਲਾ ਤੇ ਪੁਲਿਸ ਮੁਲਾਜ਼ਮ ਮਨਦੀਪ ਸਿੰਘ ਦੇ ਕਤਲ ਦੀ ਸਾਜ਼ਿਸ਼ ਰਚਣ ਵਾਲੇ ਤਿੰਨ ਹੋਰ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਇਸ ਤੋਂ ਤਿੰਨ ਦਿਨ ਪਹਿਲਾਂ ਪੁਲਿਸ ਨੇ ਬਠਿੰਡਾ ਤੋਂ ਤਿੰਨ ਸ਼ੂਟਰਾਂ ਨੂੰ ਗ੍ਰਿਫ਼ਤਾਰ ਕੀਤਾ ਸੀ। ਉਨ੍ਹਾਂ ਤੋਂ ਪੁੱਛਗਿੱਛ ਅਤੇ ਖੁਲਾਸੇ ਤੋਂ ਬਾਅਦ ਤਿੰਨੇ ਸਾਜ਼ਿਸ਼ਕਾਰ ਵੀ ਪੁਲਿਸ ਦੇ ਜਾਲ ਵਿਚ ਫਸ ਗਏ ਹਨ।

ਜਾਣਕਾਰੀ ਅਨੁਸਾਰ ਤਿੰਨੇ ਸ਼ੂਟਰ ਬਠਿੰਡਾ ਦੇ ਰਹਿਣ ਵਾਲੇ ਹਨ ਅਤੇ ਤਿੰਨਾਂ ਦੀ ਉਮਰ 18-20 ਸਾਲ ਦੇ ਵਿਚਕਾਰ ਹੈ। ਗ੍ਰਿਫ਼ਤਾਰ ਕੀਤੇ ਮੁਲਜ਼ਮਾਂ ਦੀ ਪਛਾਣ ਖੁਸ਼ਕਰਨ ਸਿੰਘ ਉਰਫ਼ ਫ਼ੌਜੀ, ਕਮਲਦੀਪ ਸਿੰਘ ਉਰਫ਼ ਦੀਪ ਅਤੇ ਮੰਗਾ ਸਿੰਘ ਉਰਫ ਗੀਤਾ ਵਜੋਂ ਹੋਈ ਹੈ। ਇਨ੍ਹਾਂ ਕੋਲੋਂ ਇੱਕ 30 ਬੋਰ ਦਾ ਪਿਸਤੌਲ ਅਤੇ ਰੇਕੀ ਵਿੱਚ ਵਰਤੀ ਜਾਂਦੀ ਸਫਾਰੀ ਕਾਰ ਵੀ ਬਰਾਮਦ ਹੋਈ ਹੈ।

ਬੀਤੇ ਦਿਨੀਂ ਪੰਜਾਬ ਦੇ ਡੀਜੀਪੀ ਗੌਰਵ ਯਾਦਵ ਨੇ ਪ੍ਰੈਸ ਕਾਨਫਰੰਸ਼ ਵਿੱਚ ਦੱਸਿਆ ਸੀ ਕਿ ਕੱਪੜਾ ਵਪਾਰੀ ਟਿੰਮੀ ਦਾ ਕਤਲ ਅਮਰੀਕਾ ਦੇ ਰਹਿਣ ਵਾਲੇ ਅਮਨਦੀਪ ਪੁਰੇਵਾਲ ਨੇ ਕੀਤਾ ਹੈ। ਉਨ੍ਹਾਂ ਨੇ ਕਿਹਾ ਸੀ ਕਿ ਇਸ ਕਤਲ ਦੀ ਵਾਰਦਾਤ ਨੂੰ ਪੰਜ ਮੁਲਜ਼ਮਾਂ ਨੇ ਅੰਜਾਮ ਦਿੱਤਾ ਸੀ, ਜਿਨ੍ਹਾਂ ਵਿੱਚੋਂ ਤਿੰਨ ਮੁਲਜ਼ਮਾਂ ਖੁਸ਼ਕਰਨ ਸਿੰਘ ਫ਼ੌਜੀ, ਕਮਲਦੀਪ ਸਿੰਘ ਉਰਫ਼ ਦੀਪ, ਮੰਗਾ ਸਿੰਘ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ, ਦੋ ਮੁਲਜ਼ਮ ਸਤਪਾਲ ਉਰਫ਼ ਸਾਜਨ ਅਤੇ ਠਾਕੁਰ ਅਜੇ ਤੱਕ ਫ਼ਰਾਰ ਹਨ, ਜਿਨ੍ਹਾਂ ਦੀ ਪੁਲਿਸ ਭਾਲ ਕਰ ਰਹੀ ਹੈ |

ਦੱਸ ਦੇਈਏ ਕਿ ਜਲੰਧਰ ਦੇ ਨਕੋਦਰ (Nakodar) ਵਿੱਚ ਕੱਪੜਾ ਵਪਾਰੀ ਟਿੰਮੀ ਚਾਵਲਾ ਦਾ 30 ਲੱਖ ਦੀ ਫਿਰੌਤੀ ਨਾ ਦੇਣ ’ਤੇ ਸ਼ਰੇਆਮ ਅਣਪਛਾਤੇ ਹਮਲਾਵਰਾਂ ਨੇ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਸੀ। ਇਸ ਦੌਰਾਨ ਕੱਪੜਾ ਵਪਾਰੀ ਦਾ ਗੰਨਮੈਨ ਮਨਦੀਪ ਸਿੰਘ ਵੀ ਪੂਰੀ ਤਰ੍ਹਾਂ ਜ਼ਖ਼ਮੀ ਹੋ ਗਿਆ ਸੀ ,ਜਿਸ ਦੀ ਇਲਾਜ ਦੌਰਾਨ ਮੌਤ ਹੋ ਗਈ ਹੈ। 3 ਨਵੰਬਰ ਨੂੰ ਟਿੰਮੀ ਚਾਵਲਾ ਨੇ ਪੁਲਸ ਨੂੰ ਸ਼ਿਕਾਇਤ ਦਿੱਤੀ ਸੀ ਕਿ ਉਸ ਨੂੰ ਫੋਨ ‘ਤੇ ਧਮਕੀਆਂ ਦਿੱਤੀਆਂ ਜਾ ਰਹੀਆਂ ਹਨ ਅਤੇ 30 ਲੱਖ ਰੁਪਏ ਦੀ ਮੰਗ ਕੀਤੀ ਜਾ ਰਹੀ ਹੈ। ਇਸ ਤੋਂ ਬਾਅਦ ਕਾਰੋਬਾਰੀ ਨੂੰ ਦੋ ਸੁਰੱਖਿਆ ਕਰਮਚਾਰੀ ਮੁਹੱਈਆ ਕਰਵਾਏ ਗਏ ਸਨ।