‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਕੈਪਟਨ ਨੇ ਕਿਹਾ ਕਿ ‘ਇਸ ਬਿਮਾਰੀ ਦੇ ਤਿੰਨ ਲੈਵਲ ਹਨ। ਲੈਵਲ ਇੱਕ ਵਿੱਚ ਮਰੀਜ਼ ਘਰੇ ਹੀ ਫਤਿਹ ਕਿੱਟ ਲੈ ਜਾਂਦਾ ਹੈ ਅਤੇ ਦਵਾਈਆਂ ਵਗੈਰਾ ਲੈ ਕੇ ਅਰਾਮ ਕਰਕੇ ਠੀਕ ਹੋ ਜਾਂਦਾ ਹੈ। ਲੈਵਲ ਦੋ ਵਿੱਚ ਮਰੀਜ਼ ਨੂੰ ਹਸਪਤਾਲ ਦੀ ਲੋੜ ਪੈਂਦੀ ਹੈ ਅਤੇ ਕਦੇ-ਕਦੇ ਆਕਸੀਜਨ ਦੀ ਲੋੜ ਪੈਂਦੀ ਹੈ। ਪਰ ਪੰਜਾਬ ਵਿੱਚ ਅਸੀਂ ਹਸਪਤਾਲ ਹੀ ਉਦੋਂ ਜਾਂਦੇ ਹਾਂ, ਜਦੋਂ ਸਾਡਾ ਅਖੀਰਲਾ ਦਿਨ ਆ ਜਾਂਦਾ ਹੈ। ਲੈਵਲ ਦੋ ਵਿੱਚ ਇਸ ਵੇਲੇ ਹਸਪਤਾਲਾਂ ਵਿੱਚ 64 ਫੀਸਦੀ ਬੈੱਡ ਭਰੇ ਹੋਏ ਹਨ ਅਤੇ ਲੈਵਲ ਤਿੰਨ ਵਿੱਚ 85 ਫੀਸਦੀ ਬੈੱਡ ਭਰੇ ਪਏ ਹਨ। ਪੰਜਾਬ ਵਿੱਚ ਵੈਸੇ ਹੁਣ ਕਰੋਨਾ ਪਾਜ਼ੀਟਿਵ ਦੇ ਮਾਮਲੇ ਘੱਟ ਰਹੇ ਹਨ ਪਰ ਆਕਸੀਜਨ ਲੈਵਲ ਦੇ ਕੇਸ ਵੱਧ ਰਹੇ ਹਨ’। ਕੈਪਟਨ ਨੇ ਕਿਹਾ ਕਿ ‘ਅੱਜ ਅਸੀਂ ਇਸ ਬਿਮਾਰੀ ਦੀ ਦੂਜੀ ਲਹਿਰ ਵੇਖ ਰਹੇ ਹਾਂ, ਪਤਾ ਨਹੀਂ ਅੱਗੇ ਹੋਰ ਕਿੰਨੀਆਂ ਲਹਿਰਾਂ ਵੇਖਣੀਆਂ ਪੈ ਸਕਦੀਆਂ ਹਨ। ਸਾਡੇ ਪੂਰੀ ਦੁਨੀਆ ਦੇ ਮਾਹਿਰ ਇਸ ਗੱਲ ਦਾ ਪਤਾ ਲਗਾ ਰਹੇ ਹਨ’।
ਕੈਪਟਨ ਨੇ ਕਿਹਾ ਕਿ ‘ਮੈਂ 14 ਮਹੀਨਿਆਂ ਤੋਂ ਸਾਰੇ ਲੋਕਾਂ ਨੂੰ ਅਪੀਲ ਕਰਦਾ ਆ ਰਿਹਾ ਹਾਂ ਕਿ ਸਾਵਧਾਨੀਆਂ ਵਰਤ ਕੇ ਆਪਣੇ ਪਰਿਵਾਰ ਨੂੰ, ਗੁਆਂਢ ਨੂੰ, ਰਿਸ਼ਤੇਦਾਰਾਂ ਨੂੰ, ਆਪਣਾ ਪਿੰਡ ਬਚਾਉ। ਪਹਿਲਾਂ ਸ਼ਹਿਰਾਂ ਵਿੱਚ ਕੇਸ ਜ਼ਿਆਦਾ ਵੱਧ ਰਹੇ ਸਨ ਪਰ ਹੁਣ ਸ਼ਹਿਰਾਂ ਵਿੱਚ ਕੰਟਰੋਲ ਹੋ ਰਿਹਾ ਹੈ ਅਤੇ ਪਿੰਡਾਂ ਵਿੱਚ ਕਰੋਨਾ ਕੇਸ ਵੱਧ ਰਹੇ ਹਨ। ਸ਼ਹਿਰਾਂ ਤੋਂ ਘੱਟ ਕੇ ਪਿੰਡਾਂ ਵਿੱਚ ਇਸਦਾ ਰੁਝਾਨ ਵੱਧ ਰਿਹਾ ਹੈ। ਸਾਡਾ ਦੁਸ਼ਮਣ ਸਾਰੇ ਪਾਸੇ ਘੁੰਮ ਰਿਹਾ ਹੈ, ਜਿਸਨੂੰ ਅਸੀਂ ਵੇਖ ਨਹੀਂ ਸਕਦੇ’।