Punjab

ਅੱਜ ਫੇਰ ਪੰਜਾਬ ‘ਚ ਹੋਈਆਂ ਤਿੰਨ ਵਾਰ ਦਾਤਾਂ

‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਪੰਜਾਬ ਵਿੱਚ ਪਿਛਲੇ ਕਈ ਦਿਨਾਂ ਤੋਂ ਕਤਲ ਅਤੇ ਲੁੱਟ ਖੋਹਾਂ ਦੀਆਂ ਵਾਰਦਾਤਾਂ ਤੋਂ ਬਾਅਦ ਸੂਬੇ ਦੀ ਕਾਨੂੰਨ ਵਿਵਸਥਾ ਉੱਤੇ ਸਵਾਲ ਖੜਾ ਹੋ ਗਿਆ ਹੈ। ਫਿਰੋਜ਼ਪੁਰ ਜ਼ਿਲ੍ਹੇ ਦੇ ਕਸਬਾ ਜ਼ੀਰਾ ਵਿੱਚ ਕੁੱਝ ਅਣਪਛਾਤੇ ਵਿਅਕਤੀਆਂ ਵੱਲੋਂ ਦੇਰ ਰਾਤ ਇੱਕ ਸਿੱਖ ਨੌਜਵਾਨ  ਮਨਦੀਪ ਸਿੰਘ ਦੇ ਘਰ ਵਿੱਚ ਦਾਖਲ ਹੋ ਕੇ ਉਸ ਉੱਤੇ ਅੰਨ੍ਹੇਵਾਹ ਗੋਲੀਆਂ ਮਾਰੀਆਂ ਗਈਆਂ ਹਨ। ਗੋਲੀਆਂ ਲੱਗਣ ਕਾਰਨ ਨੌਜਵਾਨ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ ਹੈ ਜਿੱਥੇ ਉਸਦਾ ਇਲਾਜ ਚੱਲ ਰਿਹਾ ਹੈ। ਹਮਲਾ ਕਰਨ ਵਾਲੇ ਅਣਪਛਾਤੇ ਘਟਨਾ ਨੂੰ ਅੰਜਾਮ ਦੇ ਕੇ ਦੋ ਗੱਡੀਆਂ ਵਿੱਚ ਫਰਾਰ ਹੋ ਗਏ ਸਨ। ਪਰਿਵਾਰ ਨੇ ਪੁਲਿਸ ਉੱਤੇ ਦੋਸ਼ ਲਾਉਂਦਿਆਂ ਕਿਹਾ ਕਿ ਪੁਲਿਸ ਕੋਈ ਕਾਰਵਾਈ ਨਹੀਂ ਕਰ ਰਹੀ ਪਰ ਪੁਲਿਸ ਨੇ ਦੱਸਿਆ ਕਿ ਰਾਤ 11:30 ਵਜੇ ਹੀ ਐੱਫਆਈਆਰ ਦਰਜ ਕਰ ਲਈ ਗਈ ਸੀ।

ਮਨਦੀਪ ਸਿੰਘ ਦੀ ਮਾਤਾ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਰਾਤ ਨੂੰ ਕੁੱਝ ਅਣਪਛਾਤੇ ਵਿਅਕਤੀਆਂ ਵੱਲੋਂ ਪਹਿਲਾਂ ਮਨਦੀਪ ਨੂੰ ਆਵਾਜ਼ ਮਾਰੀ ਗਈ। ਜਦੋਂ ਉਹ ਬਾਹਰ ਨਿਕਲਿਆ ਤਾਂ ਉਸ ਉੱਤੇ ਗੋਲੀਆਂ ਚਲਾ ਦਿੱਤੀਆਂ ਗਈਆਂ। ਘਰ ਦੇ ਗੇਟ ਖੁੱਲ੍ਹਾ ਹੋਇਆ ਸੀ। ਮਨਦੀਪ ਸਿੰਘ ਦੀ ਪਤਨੀ ਨੇ ਦੱਸਿਆ ਕਿ ਉਸਦੇ ਚਾਰ ਗੋਲੀਆਂ ਲੱਗੀਆਂ ਹਨ, ਜਿਸ ਵਿੱਚੋਂ ਇੱਕ ਗੋਲੀ ਢਿੱਡ ਵਿੱਚ ਵੱਜੀ ਹੈ। ਉਨ੍ਹਾਂ ਨੂੰ ਪਹਿਲਾਂ ਸਿਵਲ ਹਸਪਤਾਲ ਦਾਖਲ ਕਰਵਾਇਆ ਗਿਆ ਜਿੱਥੋਂ ਉਨ੍ਹਾਂ ਨੂੰ ਫਰੀਦਕੋਟ ਹਸਪਤਾਲ ਰੈਫਰ ਕੀਤਾ ਗਿਆ ਤੇ ਉੱਥੋਂ ਹੁਣ ਡੀਐੱਮਸੀ ਰੈਫਰ ਕਰ ਦਿੱਤਾ ਗਿਆ। ਉਨ੍ਹਾਂ ਨੇ ਕਿਹਾ ਕਿ ਪੁਲਿਸ ਹਾਲੇ ਤੱਕ ਉਨ੍ਹਾਂ ਦੇ ਘਰ ਨਹੀਂ ਆਈ।

ਸਿਵਲ ਹਸਪਤਾਲ ਦੇ ਡਾਕਟਰ ਨੇ ਕਿਹਾ ਕਿ ਮਨਦੀਪ ਸਿੰਘ ਦੀ ਹਾਲਤ ਸਥਿਰ ਲੱਗ ਰਹੀ ਸੀ ਪਰ ਅਸੀਂ ਉਸਨੂੰ ਫਸਟ ਏਡ ਦੇ ਕੇ ਫਰੀਦਕੋਟ ਰੈਫਰ ਕਰ ਦਿੱਤਾ ਸੀ।

ਫਾਜ਼ਿਲਕਾ ਦੇ ਨਾਲ ਲੱਗਦੇ ਪਿੰਡ ਉਝਾਂ ਵਾਲੀ ਤੋਂ ਵੀ ਇੱਕ ਦਿਲ ਦਹਿਲਾ ਦੇਣ ਵਾਲੀ ਘਟਨਾ ਸਾਹਮਣੇ ਆਈ ਹੈ, ਜਿੱਥੇ ਇੱਕ ਭਰਾ ਨੇ ਹੀ ਛੁੱਟੀਆਂ ਵਿੱਚ ਪੇਕੇ ਵਾਲਿਆਂ ਨੂੰ ਮਿਲਣ ਆਈ ਆਪਣੀ ਭੈਣ ਨੂੰ ਉਸਦੀ ਧੀ ਦੇ ਸਾਹਮਣੇ ਹੀ ਮੌਤ ਦੇ ਘਾਟ ਉਤਾਰ ਦਿੱਤਾ। ਦੋ ਭਰਾਵਾਂ ਵਿਚਕਾਰ ਜ਼ਮੀਨ ਨੂੰ ਲੈ ਕੇ ਝਗੜਾ ਸੀ ਅਤੇ ਬੀਤੀ ਸ਼ਾਮ ਦੋਵਾਂ ਭਰਾਵਾਂ ਵਿਚਕਾਰ ਝਗੜਾ ਹੋ ਗਿਆ ਸੀ। ਜਦੋਂ ਭੈਣ ਨੇ ਭਰਾਵਾਂ ਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਤਾਂ ਇਕ ਭਰਾ ਨੇ ਕਹੀ ਨਾਲ ਵਾਰ ਕਰਕੇ ਆਪਣੀ ਹੀ ਭੈਣ ਨੂੰ ਮੌਤ ਦੇ ਘਾਟ ਉਤਾਰ ਦਿੱਤਾ।

ਜਾਣਕਾਰੀ ਮੁਤਾਬਕ ਦੋ ਗਜ਼ ਜ਼ਮੀਨ ਨੂੰ ਲੈ ਕੇ ਦੋਵਾਂ ਭਰਾਵਾਂ ਵਿੱਚ ਵਿਵਾਦ ਚੱਲ ਰਿਹਾ ਸੀ। ਇੱਕ ਭਰਾ ਨੇ ਹਰਾ ਚਾਰਾ ਕੱਟਣ ਵਾਲੀ ਮਸ਼ੀਨ ਲਗਾਈ ਹੋਈ ਸੀ, ਜਦਕਿ ਦੂਜਾ ਭਰਾ ਇਸ ਦਾ ਵਿਰੋਧ ਕਰ ਰਿਹਾ ਸੀ। ਇਸ ਗੱਲ ਨੂੰ ਲੈ ਕੇ ਦੋਵਾਂ ਵਿਚਾਲੇ ਝਗੜਾ ਹੋ ਗਿਆ, ਜਿਸ ਤੋਂ ਬਾਅਦ ਵੱਡਾ ਭਰਾ ਗੁੱਸੇ ਵਿੱਚ ਛੋਟੇ ਭਰਾ ਦੇ ਘਰ ਆ ਗਿਆ। ਭਰਾ ਨੂੰ ਗੁੱਸੇ ਵਿੱਚ ਆਉਂਦਿਆਂ ਦੇਖ ਕੇ ਭੈਣ ਨੇ ਉਸ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਪਰ ਭਰਾ ਨੇ ਉਸਦੀ ਇੱਕ ਨਾ ਸੁਣੀ ਤੇ ਕਹੀ ਨਾਲ ਗਰਦਨ ‘ਤੇ ਹਮਲਾ ਕਰ ਦਿੱਤਾ।

ਮੌਕੇ ਉੱਤੇ ਪਹੁੰਚੀ ਪੁਲਿਸ ਨੇ ਲਾਸ਼ ਨੂੰ ਕਬਜ਼ੇ ਵਿੱਚ ਲੈ ਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਵਾਰਦਾਤ ਤੋਂ ਬਾਅਦ ਭਰਾ ਫ਼ਰਾਰ ਦੱਸਿਆ ਜਾ ਰਿਹਾ ਹੈ। ਡੀਐਸਪੀ ਜਸਵੀਰ ਸਿੰਘ ਪਨੂੰ ਨੇ ਜਾਣਕਾਰੀ ਦਿੰਦਿਆਂ ਦੱਸਿਆ ਹੈ ਕਿ ਮ੍ਰਿਤਕਾ ਦਾ ਨਾਮ ਪਰਵੀਨ ਰਾਣੀ ਸੀ ਜੋ ਕਿ ਚੰਡੀਗੜ੍ਹ ਦੇ ਵਿੱਚ ਪ੍ਰਾਈਵੇਟ ਟੀਚਰ ਸੀ ਅਤੇ ਛੁੱਟੀਆਂ ਵਿੱਚ ਆਪਣੇ ਪੇਕੇ ਆਈ ਹੋਈ ਸੀ।

ਉੱਧਰ ਬਠਿੰਡਾ ਦੇ ਰਾਮਾ ਮੰਡੀ ਦੀ ਸੁਪਰ ਮਾਰਕੀਟ ‘ਚ ਇੱਕ ਦੁਕਾਨਦਾਰ ਵਲੋਂ ਦਿਨ-ਦਿਹਾੜੇ ਗੋਲੀਆਂ ਮਾਰ ਕੇ ਦੂਜੇ ਦੁਕਾਨਦਾਰ ਦਾ ਕਤਲ ਕਰ ਦਿੱਤਾ ਗਿਆ। ਮ੍ਰਿਤਕ ਗੁਰਪ੍ਰੀਤ ਦਰਜੀ ਸੀ। ਜਾਣਕਾਰੀ ਮੁਤਾਬਕ ਦੋਵੇਂ ਦੁਕਾਨਦਾਰਾਂ ‘ਚ ਪਾਣੀ ਦੇ ਕੈਂਪਰ ਕਾਰਨ ਝਗੜਾ ਹੋਇਆ ਸੀ। ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ।